ਕ੍ਰਿਕਟਰ ਤੋਂ ਹਾਲੀਵੁਡ ਤਕ ਦਾ ਪੈਂਡਾ ਤੈਅ ਕਰਨ ਵਾਲੇ ਗੁਲਜ਼ਾਰ ਇੰਦਰ ਚਾਹਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ ਜ਼ਿੰਦਰੀ 'ਚ ਜਿਹੜੀ ਵੀ ਚੀਜ਼ ਮੰਗੀ, ਪਰਮਾਤਮਾ ਦੀ ਮਿਹਰ ਨਾਲ ਦੇਰ-ਸਵੇਰ ਜ਼ਰੂਰ ਮਿਲੀ

Special interview of Gulzar Inder Chahal

ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹੀ ਸ਼ਹਿਰ ਪਟਿਆਲਾ ਵਾਸੀ ਪੰਜਾਬੀ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਇਹਨੀਂ ਦਿਨੀਂ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਧੂਮ ਮਚਾ ਰਹੇ ਹਨ। ਇਹ ਬਹੁਤ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਚਾਹਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਅਜਿਹੇ ਨੌਜਵਾਨ ਹਨ, ਜੋ ਕਿ ਹਾਲੀਵੁੱਡ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗੁਲਜ਼ਾਰ ਇੰਦਰ ਚਾਹਲ ਅਪਣੀ ਪਹਿਲੀ ਹਾਲੀਵੁੱਡ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਲੈ ਕੇ ਆਏ ਹਨ। ਇਹ ਫ਼ਿਲਮ 21 ਜੂਨ ਨੂੰ ਦੁਨੀਆ ਭਰ 'ਚ ਰੀਲੀਜ਼ ਹੋ ਗਈ। ਇਸ ਮੌਕੇ ਗੁਲਜ਼ਾਰ ਇੰਦਰ ਚਾਹਲ 'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ ਪੁੱਜੇ ਅਤੇ 'ਸਪੋਕਸਮੈਨ ਟੀਵੀ' ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਤੁਹਾਡੀ ਨਵੀਂ ਫ਼ਿਲਮ ਨੂੰ ਦੁਨੀਆਂ ਭਰ ਦੀਆਂ ਅਖ਼ਬਾਰਾਂ ਵੱਲੋਂ ਵੱਡੀ ਰਿਵਿਊ ਦਿੱਤਾ ਜਾ ਰਿਹਾ। ਤੁਸੀ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
ਜਵਾਬ : ਮੇਰਾ ਬੁਹਤ ਵੱਡਾ ਸੁਪਨਾ ਸੀ ਹਾਲੀਵੁਡ ਫ਼ਿਲਮ ਬਣਾਉਣ ਦਾ। ਪਹਿਲਾਂ ਪੰਜਾਬੀ ਫ਼ਿਲਮਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ। ਦਿਲੀ ਇੱਛਾ ਸੀ ਕਿ ਪਾਲੀਵੁਡ ਤੇ ਬਾਲੀਵੁਡ ਦੇ ਨਾਲ-ਨਾਲ ਹਾਲੀਵੁਡ ਫ਼ਿਲਮਾਂ ਵੀ ਬਣਾਈਆਂ ਜਾਣ। ਮੈਨੂੰ ਮਾਣ ਹੈ ਕਿ ਮੈਂ ਆਪਣੇ ਇੰਨੇ ਛੋਟੇ ਜਿਹੇ ਕਰੀਅਰ 'ਚ ਹਾਲੀਵੁਡ ਫ਼ਿਲਮ ਬਣਾਈ। 21 ਜੂਨ ਨੂੰ ਹਾਲੀਵੁਡ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਦੁਨੀਆਂ ਭਰ ਦੇ 2000 ਸ਼ਹਿਰਾਂ 'ਚ ਰੀਲੀਜ਼ ਹੋ ਗਈ। ਇਹ ਫ਼ਿਲਮ ਅੰਗਰੇਜ਼ੀ, ਤਾਮਿਲ ਅਤੇ ਫ਼ਰੈਂਚ ਤਿੰਨ ਭਾਸ਼ਾਵਾਂ 'ਚ ਰੀਲੀਜ਼ ਹੋਈ ਹੈ। ਸਾਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। 

ਸਵਾਲ : ਚਰਚਾ ਹੈ ਕਿ ਤੁਹਾਡੀ ਫ਼ਿਲਮ ਆਸਕਰ ਨੋਮੀਨੇਸ਼ਨ ਲਈ ਵੀ ਚੁਣੀ ਗਈ ਹੈ?
ਜਵਾਬ : ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦੋ ਕੌਮਾਂਤਰੀ ਐਵਾਰਡ ਜਿੱਤ ਚੁੱਕੀ ਹੈ। ਫ਼ਿਲਮ 'ਚ ਪਰਵਾਸੀਆਂ ਨੂੰ ਵਿਦੇਸ਼ਾਂ ਵਿਚ ਆਉਣ ਵਾਲੀਆਂ ਮੁਸ਼ਕਲਾਂ 'ਤੇ ਝਾਤ ਮਾਰੀ ਗਈ ਹੈ। ਇਹ ਫ਼ਿਲਮ ਮਨੁੱਖੀ ਹੌਂਸਲੇ ਦੀ ਮੁਸ਼ਕਲਾਂ 'ਤੇ ਜਿੱਤ ਦੀ ਕਹਾਣੀ ਹੈ। ਇਸ ਫ਼ਿਲਮ ਨੂੰ ਨੋਰਵਿਜ਼ੀਅਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 'ਚ 'ਰੇਅ ਆਫ਼ ਸਨਸ਼ਾਈਨ' ਐਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ਬਾਰਸੀਲੋਨਾ ਫ਼ਿਲਮ ਐਵਾਰਡ 'ਚ 'ਬੈਸਟ ਕਾਮੇਡੀਅਨ' ਦਾ ਖ਼ਿਤਾਬ ਮਿਲਿਆ ਹੈ। ਜੇ ਆਸਕਰ ਲਈ ਫ਼ਿਲਮ ਚੁਣੀ ਜਾਂਦੀ ਹੈ ਤਾਂ ਇਹ ਬਹੁਤ ਖ਼ੁਸ਼ੀ ਵਾਲੀ ਗੱਲ ਹੋਵੇਗੀ।

ਸਵਾਲ : ਤੁਹਾਨੂੰ ਪੰਜਾਬੀ ਫ਼ਿਲਮ ਇੰਡਸਟਰੀ 'ਚ ਬੈਸਟ ਪ੍ਰੋਡਿਊਸਰ ਦਾ ਐਵਾਰਡ ਮਿਲਿਆ ਹੋਇਆ ਹੈ। ਸ਼ਾਇਦ ਆਸਕਰ 'ਚ ਵੀ ਬੈਸਟ ਪ੍ਰੋਡਿਊਸਰ ਦਾ ਐਵਾਰਡ ਮਿਲ ਜਾਵੇ?
ਜਵਾਬ : ਮੈਂ ਜ਼ਿੰਦਰੀ 'ਚ ਜਿਹੜੀ ਵੀ ਚੀਜ਼ ਮੰਗੀ ਹੈ, ਪਰਮਾਤਮਾ ਦੀ ਮਿਹਰ ਨਾਲ ਦੇਰ-ਸਵੇਰ ਜ਼ਰੂਰ ਮਿਲੀ ਹੈ। ਮੈਂ ਬਹੁਤ ਸੋਚ ਕੇ ਚੀਜ਼ਾਂ ਮੰਗਦਾ ਹਾਂ। ਜੇ ਪਰਮਾਤਮਾ ਦੀ ਮਿਹਰ ਰਹੀ ਤਾਂ ਹੋ ਸਕਦਾ ਆਸਕਰ ਵੀ ਮਿਲ ਜਾਵੇ।

ਸਵਾਲ : ਤੁਸੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਬਤੌਰ ਕ੍ਰਿਕਟਰ ਸ਼ੁਰੂ ਕੀਤੀ ਸੀ ਅਤੇ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ 'ਚ ਵੀ ਸ਼ਾਮਲ ਸਨ। ਅਜਿਹਾ ਕੀ ਵਾਪਰਿਆ ਤੁਹਾਨੂੰ ਆਪਣਾ ਰਾਹ ਬਦਲਣਾ ਪਿਆ? 
ਜਵਾਬ : ਮੇਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੈਨੂੰ ਛੋਟੀ ਉਮਰ 'ਚ ਹੀ ਦੱਸ ਦਿੱਤਾ ਸੀ ਕਿ ਜ਼ਿੰਦਗੀ ਦਾ ਸਫ਼ਰ ਆਸਾਨ ਨਹੀਂ ਹੈ। ਜ਼ਿੰਦਗੀ 'ਚ ਕਈ ਔਕੜਾਂ ਆਉਣਗੀਆਂ ਪਰ ਮੈਂ ਕਦੇ ਨਿਰਾਸ਼ ਨਹੀਂ ਹੋਇਆ। ਔਕੜਾਂ ਨੂੰ ਮੈਂ ਖਿੜੇ ਮੱਥੇ ਝੱਲਿਆ ਅਤੇ ਉਨ੍ਹਾਂ ਨੂੰ ਪਾਰ ਕੀਤਾ। ਮੈਂ ਜੂਨੀਅਰ ਕ੍ਰਿਕਟ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ। ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਰਿਹਾ। ਪੰਜਾਬ ਦੀ ਟੀਮ ਵੱਲੋਂ ਰਣਜੀ ਮੈਚ ਵੀ ਖੇਡੇ। ਸੱਟ ਲੱਗਣ ਕਾਰਨ ਮੈਂ ਕ੍ਰਿਕਟ 'ਚ ਜ਼ਿਆਦਾ ਅੱਗੇ ਨਹੀਂ ਵੱਧ ਸਕਿਆ। ਮੇਰੇ ਪਿਤਾ ਜੀ ਸੀਨੀਅਰ ਆਈਪੀਐਸ ਸੇਵਾਮੁਕਤ ਹਨ। ਮੇਰੇ ਦਾਦਾ ਅਤੇ ਨਾਨਾ ਜੀ ਵੀ ਸੀਨੀਅਰ ਪੁਲਿਸ ਅਧਿਕਾਰੀ ਸਨ। ਮੈਨੂੰ 16 ਸਾਲ ਦੀ ਉਮਰ 'ਚ ਇੰਸਪੈਕਟਰ ਦੀ ਨੌਕਰੀ ਮਿਲ ਗਈ ਸੀ, ਜੋ ਮੈਂ ਨਹੀਂ ਕੀਤੀ। 2004 'ਚ ਮੈਂ ਡੀਐਸਪੀ ਬਣ ਗਿਆ ਸੀ ਪਰ ਉਹ ਨੌਕਰੀ ਵੀ ਮੈਂ ਕਿਸੇ ਕਾਰਨ ਨਾ ਕੀਤੀ।

ਸਵਾਲ : ਕੀ ਤੁਹਾਨੂੰ ਕ੍ਰਿਕਟ ਛੱਡਣ ਦਾ ਅਫ਼ਸੋਸ ਹੈ?
ਜਵਾਬ : ਮੈਨੂੰ ਬਚਪਨ ਤੋਂ ਹੀ ਮਾਪਿਆਂ ਵੱਲੋਂ ਸਿਖਾਇਆ ਗਿਆ ਸੀ ਕਿ ਨਸ਼ਾ ਬੁਰੀ ਚੀਜ਼ ਹੈ। ਮੈਂ ਸ਼ੁਰੂ ਤੋਂ ਹੀ ਖੇਡਾਂ 'ਚ ਕਾਫ਼ੀ ਦਿਲਚਸਪੀ ਸੀ। ਮੇਰੇ ਦਾਦਾ ਜੀ ਵੀ ਬਠਿੰਡਾ ਜ਼ਿਲ੍ਹੇ ਦੇ ਨਾਮੀ ਪਹਿਲਵਾਨ ਸਨ। ਮੇਰੇ ਖੁਸ਼ਕਿਸਮਤੀ ਹੈ ਕਿ ਮੈਨੂੰ ਪਰਿਵਾਰ ਨੇ ਖੇਡਾਂ ਵੱਲ ਜਾਣ ਲਈ ਸਪੋਰਟ ਕੀਤਾ। ਸਾਡੀ ਟੀਮ ਨੇ ਜੂਨੀਅਰ ਕ੍ਰਿਕਟ 'ਚ ਲਾਰਡਜ਼ 'ਤੇ ਮੈਦਾਨ 'ਤੇ ਪਾਕਿਸਤਾਨ ਨੂੰ ਹਰਾਇਆ। ਜੋ ਮੇਰੇ ਲਈ ਬਹੁਰ ਵੱਡੀ ਗੱਲ ਹੈ।

ਸਵਾਲ : ਤੁਸੀ ਕਿਹੜੇ ਕ੍ਰਿਕਟਰਾਂ ਨਾਲ ਖੇਡੇ ਹੋ?
ਜਵਾਬ : ਮੈਂ ਮੁਹੰਮਦ ਕੈਫ਼, ਰਤਿੰਦਰ ਸੋਢੀ, ਯੁਵਰਾਜ ਸਿੰਘ, ਹਰਭਜਨ ਸਿੰਘ ਇਹ ਸਾਰੇ ਮੇਰੇ ਬੈਚਮੇਟਸ ਸਨ। ਇਹ ਸਾਰੇ ਖਿਡਾਰੀ ਸੰਨਿਆਸ ਲੈ ਚੁੱਕੇ ਹਨ। ਭਾਵੇਂ ਮੇਰਾ ਰਸਤਾ ਬਦਲ ਗਿਆ ਪਰ ਹਾਲੇ ਵੀ ਅਸੀ ਦੋਸਤ ਹਾਂ ਅਤੇ ਮਿਲਦੇ-ਜੁਲਦੇ ਰਹਿੰਦੇ ਹਾਂ। ਜਿਹੜੀ ਨਸ਼ਿਆਂ ਦੀ ਗੱਲ ਹੈ ਤਾਂ ਇਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਆ ਜਾਵੇ। ਸਰਕਾਰਾਂ ਨੂੰ ਇਸ ਬਾਰੇ ਹੋਰ ਜਾਗਰੂਕ ਹੋਣ ਦੀ ਲੋੜ ਹੈ। ਇਸ ਤੋਂ ਇਲਾਵਾ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਅਲਾਮਤ ਨੂੰ ਦੂਰ ਕਰਨ ਲਈ ਹੰਭਲਾ ਮਾਰਨਾ ਪੈਣਾ ਹੈ।

ਸਵਾਲ : ਅੱਜਕਲ ਦੇ ਨੌਜਵਾਨ ਥੋੜੀ ਜਿਹੀ ਮੁਸ਼ਕਲ ਵੇਖ ਹਾਰ ਮੰਨ ਲੈਂਦੇ ਹਨ। ਤੁਸੀ ਵਿਦੇਸ਼ਾਂ 'ਚ ਇੰਨੇ ਵੱਡੇ ਰੁਤਬੇ ਨੂੰ ਹਾਸਲ ਕੀਤਾ ਹੈ। ਨੌਜਵਾਨਾਂ ਨੂੰ ਕੀ ਸਲਾਹ ਦਿਓਗੇ?
ਜਵਾਬ : ਮੈਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਬੰਨ੍ਹਣਾ ਚਾਹੁੰਦਾ ਹੈ। ਮੈਨੂੰ ਛੋਟੀ ਉਮਰ 'ਚ ਹੀ ਵਧੀਆ ਸੰਗਤ ਵਾਲੇ ਲੋਕਾਂ ਨਾਲ ਬੈਠਣ ਦਾ ਮੌਕਾ ਮਿਲਿਆ। ਮੈਂ ਆਪਣੀ ਜ਼ਿੰਦਗੀ 'ਚ ਛੋਟੀ ਉਮਰ ਤੋਂ ਹੀ ਕਾਫ਼ੀ ਮੁਸ਼ਕਲਾਂ ਵੇਖੀਆਂ ਹਨ। ਜਦੋਂ ਮੈਂ 6-7 ਸਾਲ ਦਾ ਸੀ ਤਾਂ ਉਦੋਂ ਅਤਿਵਾਦ ਦਾ ਦੌਰ ਵੇਖਿਆ। ਅਜਿਹੇ ਸਮੇਂ 'ਚ ਬਾਹਰ ਨਿਕਲ ਕੇ ਪੜ੍ਹਾਈ ਜਾਂ ਖੇਡਣਾ ਕਾਫ਼ੀ ਮੁਸ਼ਕਲਾਂ ਭਰਿਆ ਸੀ। ਮੈਂ ਆਲ ਇੰਡੀਆ ਕਾਮਰਸ 'ਚ ਟਾਪਰ ਸੀ। ਨੌਜਵਾਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਮੁਸ਼ਕਲਾਂ ਦਾ ਨਾਂ ਹੀ ਜ਼ਿੰਦਗੀ ਹੈ। 

ਸਵਾਲ : ਕ੍ਰਿਕਟ ਅਤੇ ਪੜ੍ਹਾਈ ਲਈ ਸਮਾਂ ਕਿਵੇਂ ਕੱਢਦੇ ਸੀ?
ਜਵਾਬ : ਮੈਂ ਜਿਹੜੀ ਵੀ ਚੀਜ਼ ਕੀਤੀ ਹੈ ਤਾਂ ਪੂਰੇ ਚਾਅ ਨਾਲ ਕੀਤੀ ਹੈ। ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਹੈ। ਪਰਵਾਰ ਵੱਲੋਂ ਮੈਨੂੰ ਕਿਹਾ ਗਿਆ ਸੀ ਕਿ ਟੀਮ 'ਚ ਸਿਰਫ਼ 11 ਖਿਡਾਰੀਆਂ ਨੇ ਹੀ ਖੇਡਣਾ ਹੈ ਤਾਂ ਪੜ੍ਹਾਈ ਵੀ ਜ਼ਰੂਰੀ ਹੈ। ਦੇਸ਼ ਦੀ ਸਵਾ ਸੌ ਕਰੋੜ ਆਬਾਦੀ ਹੈ ਅਤੇ ਮੌਕਾ ਮਿਲੇ ਜਾਂ ਨਾ ਮਿਲੇ। ਮੇਰਾ ਪੁਲਿਸ ਦੀ ਨੌਕਰੀ ਕਰਨ ਦਾ ਮਨ ਨਹੀਂ ਸੀ ਕਿਉਂਕਿ ਸ਼ੁਰੂ ਤੋਂ ਹੀ ਮੈਂ ਘਰ 'ਚ ਪੁਲਿਸ ਵਾਲਾ ਮਾਹੌਲ ਵੇਖਦਾ ਆਇਆ ਸੀ। ਮੈਨੂੰ ਪਤਾ ਹੈ ਕਿ ਪੁਲਿਸ ਦੀ ਨੌਕਰੀ ਕਿੰਨੀ ਔਖੀ ਹੈ ਅਤੇ ਪਰਵਾਰਾਂ ਨੂੰ ਕਿਹੜੇ-ਕਿਹੜੇ ਦੁਖ ਝੱਲਣੇ ਪੈਂਦੇ ਹਨ। ਇਸੇ ਕਾਰਨ ਮੈਂ ਆਪਣਾ ਰਸਤਾ ਖ਼ੁਦ ਚੁਣਿਆ।

ਸਵਾਲ : ਕ੍ਰਿਕਟਰ ਤੋਂ ਫ਼ਿਲਮੀ ਦੁਨੀਆਂ ਵੱਲ ਜਾਣਾ ਕਿਹੋ ਜਿਹਾ ਅਨੁਭਵ ਰਿਹਾ?
ਜਵਾਬ : ਮੈਨੂੰ ਭਾਵੇਂ ਕ੍ਰਿਕਟ ਜਾਂ ਫ਼ਿਲਮਾਂ ਤੋਂ ਪ੍ਰਸਿੱਧੀ ਮਿਲੀ ਪਰ ਮੈਂ ਹਮੇਸ਼ਾ ਪ੍ਰਸਿੱਧੀ ਤੋਂ ਦੂਰ ਭੱਜਦਾ ਰਿਹਾ ਹਾਂ। ਮੈਨੂੰ ਪ੍ਰਾਈਵੇਸੀ ਪਸੰਦ ਹੈ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਜ਼ਿਆਦਾ ਲੋਕ ਮਿਲਣ ਜਾਂ ਹੱਥ ਮਿਲਾਉਣ। ਮੇਰੇ ਮੰਨਣਾ ਹੈ ਕਿ ਕੰਮ ਨੂੰ ਜ਼ਿਆਦਾ ਪ੍ਰਸਿੱਧੀ ਮਿਲਣੀ ਚਾਹੀਦੀ ਹੈ। ਜੇ ਮੇਰਾ ਕੰਮ ਕਿਸੇ ਨੂੰ ਪ੍ਰੇਰਿਤ ਕਰੇ ਤਾਂ ਇਹ ਵੱਡੀ ਗੱਲ ਹੋਵੇਗੀ। 

ਸਵਾਲ : ਤੁਸੀ ਫ਼ਿਲਮਾਂ 'ਚ ਅਦਾਕਾਰੀ ਕਰਨੀ ਕਿਉਂ ਛੱਡੀ?
ਜਵਾਬ : ਜਦੋਂ ਮੈਂ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਬਤੌਰ ਪ੍ਰੋਡਿਊਸਰ ਹੀ ਆਇਆ ਸੀ। ਮੈਂ ਇਸ ਨੂੰ ਬਿਜ਼ਨੈਸ ਵਜੋਂ ਵੇਖਿਆ ਸੀ। ਪੰਜਾਬੀ ਫ਼ਿਲਮ 'ਜੱਗ ਜਿਊਂਦਿਆਂ ਦੇ ਮੇਲੇ' ਵਿਚ ਮੈਂ ਅਦਾਕਾਰੀ ਕੀਤੀ। ਇਕ ਹਿੰਦੀ ਫ਼ਿਲਮ 'ਚ ਲੀਡ ਰੋਲ ਕੀਤਾ। ਜਦੋਂ ਮੇਰੇ ਉਹ ਹਿੰਦੀ ਫ਼ਿਲਮ ਰਿਲੀਜ਼ ਹੋਣ ਵਾਲੀ ਸੀ ਤਾਂ ਮੇਰੇ ਪਰਵਾਰ 'ਚ 6-7 ਲੋਕਾਂ ਦੀਆਂ ਮੌਤਾਂ ਹੋ ਗਈਆਂ ਸਨ। ਉਦੋਂ ਮੈਨੂੰ ਆਪਣੇ ਫ਼ਿਲਮ ਕਰੀਅਰ 'ਤੇ ਬਰੇਕ ਲਗਾਉਣੀ ਪਈ ਅਤੇ ਮੈਂ ਪਰਵਾਰ ਨੂੰ ਜ਼ਿਆਦਾ ਸਮਾਂ ਦਿੱਤਾ। ਇਸ ਤੋਂ ਇਲਾਵਾ ਬਤੌਰ ਕਲਾਕਾਰ ਮੈਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਵੀ ਨਾ ਮਿਲੀ। ਇਸੇ ਕਾਰਨ ਮੈਂ ਪ੍ਰੋਡਕਸ਼ਨ ਵਾਲੀ ਲਾਈਨ ਚੁਣੀ। 3-4 ਪੰਜਾਬੀ ਫ਼ਿਲਮਾਂ ਬਣਾਉਣ ਮਗਰੋਂ ਮੇਰੇ ਸੋਚ ਸੀ ਕਿ ਅਜਿਹੀ ਫ਼ਿਲਮ ਬਣਾਵਾਂ ਜਿਸ ਨੂੰ ਦੁਨੀਆਂ ਭਰ 'ਚ ਲੋਕ ਵੇਖਣ। ਇਸ ਤੋਂ ਬਾਅਦ ਮੈਂ ਹਾਲੀਵੁਡ ਵੱਲ ਰੁਖ ਕੀਤਾ। 

ਸਵਾਲ : ਪਾਲੀਵੁਡ, ਬਾਲੀਵੁਡ ਤੇ ਹਾਲੀਵੁਡ ਤਿੰਨਾਂ 'ਚ ਤੁਸੀ ਕੰਮ ਕਰ ਚੁੱਕੇ ਹੋ। ਇਨ੍ਹਾਂ 'ਚ ਕਿੰਨਾ ਕੁ ਫ਼ਰਕ ਹੈ?
ਜਵਾਬ : ਮੌਜੂਦਾ ਸਮੇਂ ਕਾਫ਼ੀ ਵਧੀਆ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਪਰ ਪੰਜਾਬੀ ਫ਼ਿਲਮਾਂ ਵੇਖਣ ਦਾ ਦਾਇਰਾ ਸੀਮਤ ਹੈ। ਇਸੇ ਤਰ੍ਹਾਂ ਹਿੰਦੀ ਫ਼ਿਲਮਾਂ ਦਾ ਵੀ ਦਾਇਰਾ ਹਿੰਦੀ ਸਮਝਣ ਵਾਲਿਆਂ ਜਿੰਨਾ ਹੀ ਹੈ। ਅੰਗਰੇਜ਼ੀ ਦਾ ਵੀ ਦਾਇਰਾ ਓਨਾ ਹੀ ਵੱਡਾ ਹੈ। ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ। ਅਸੀ ਇਸ ਫ਼ਿਲਮ ਨੂੰ 38 ਭਾਸ਼ਾਵਾਂ 'ਚ ਰਿਲੀਜ਼ ਕਰਾਂਗੇ। ਇਸੇ ਕਾਰਨ ਮੇਰਾ ਮਨ ਸੀ ਕਿ ਹਾਲੀਵੁਡ 'ਚ ਅਜਿਹੀ ਫ਼ਿਲਮ ਬਣਾਈ ਜਾਵੇ ਜੋ ਸਾਰਿਆਂ ਨੂੰ ਪਸੰਦ ਆਵੇ। 

ਸਵਾਲ : 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਫ਼ਿਲਮ ਬਣਾਉਣ ਦਾ ਖ਼ਿਆਲ ਕਿਵੇਂ ਆਇਆ?
ਜਵਾਬ : ਸਾਡੀ ਫ਼ਿਲਮ ਦੇ ਪਾਰਟਨਰ ਆਦਿਤੀ ਆਨੰਦ ਨੇ ਮੈਨੂੰ ਇਸ ਫ਼ਿਲਮ ਦੀ ਸਕ੍ਰਿਪਟ ਪੜ੍ਹਾਈ। ਇਸ ਤੋਂ ਬਾਅਦ ਡਾਇਰੈਕਟਨ ਕੇਨ ਸਕਾਟ ਨਾਲ ਮੁਲਾਕਾਤ ਕੀਤੀ। ਮੈਨੂੰ ਲੱਗਿਆ ਕਿ ਇਸ ਫ਼ਿਲਮ ਨਾਲ ਅੱਜ ਦੇ ਸਮੇਂ 'ਚ ਪਰਵਾਸੀਆਂ ਨੂੰ ਜਿਹੜੀ ਸਮੱਸਿਆਵਾਂ ਵਿਦੇਸ਼ਾਂ 'ਚ ਪੇਸ਼ ਆਉਂਦੀਆਂ ਹਨ, ਉਸ ਨੂੰ ਲੋਕਾਂ ਅੱਗੇ ਰੱਖਣਾ ਲਈ ਇਹ ਫ਼ਿਲਮ ਬਹੁਤ ਵੱਡੀ ਭੂਮਿਕਾ ਨਿਭਾਏਗੀ। ਜਦੋਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਬਹੁਤ ਮੁਸ਼ਕਲਾਂ ਆਈਆਂ। ਇਹ ਫ਼ਿਲਮ 'ਚ ਕੁਲ 20 ਮਿਲੀਅਨ ਡਾਲਰ ਖ਼ਰਚ ਹੋਏ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ। ਅੱਜ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਚਿਹਰੀ 'ਚ ਪੇਸ਼ ਹੋ ਗਈ ਹੈ। ਇਸ ਫ਼ਿਲਮ ਵਿਚ ਧਨੁਸ਼ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਇਸ ਫ਼ਿਲਮ ਨਾਲ ਅਪਣੀ ਅੰਤਰਰਾਸ਼ਟਰੀ ਸ਼ੁਰੂਆਤ ਵੀ ਕਰ ਰਹੇ ਹਨ। ਧਨੁਸ਼ ਦੇ ਸਹਿਯੋਗੀ ਕਲਾਕਾਰਾਂ ਵਿਚ ਬੇਰੇਨਿਸ ਬੇਜੋ, ਬਰਖਦ ਆਬਦੀ ਅਤੇ ਏਰਿਨ ਮੋਰੀਆਰਟੀ ਸ਼ਾਮਲ ਹਨ। ਇਸ ਫ਼ਿਲਮ ਦੀ ਕਹਾਣੀ ਭਾਰਤ ਵਿਚੋਂ ਸ਼ੁਰੂ ਹੋ ਕੇ ਪੈਰਿਸ, ਲੰਡਨ, ਰੋਮ ਅਤੇ ਲੀਬੀਆ ਆਦਿ ਵੱਖ-ਵੱਖ ਥਾਵਾਂ ਦੀ ਯਾਤਰਾ ਕਰਦੀ ਹੈ।

ਸਵਾਲ : ਤੁਹਾਡੀ ਨਹੀਂ ਬਾਲੀਵੁਡ ਫ਼ਿਲਮ ਵੀ ਆ ਰਹੀ ਹੈ?
ਜਵਾਬ : ਅਸੀਂ ਨਵੀਂ ਬਾਲੀਵੁਡ ਫ਼ਿਲਮ 'ਰੈਂਬੋ' ਬਣਾਉਣ ਜਾ ਰਹੇ ਹਾਂ। ਇਸ ਦਾ ਨਾਂ ਹਾਲੀਵੁਡ ਦੀ ਫ਼ਿਲਮ ਦੀ ਫ਼ਿਲਮ 'ਤੇ ਹੈ, ਜਿਸ ਬਾਰੇ ਅਸੀ ਅਮਰੀਕੀ ਕੰਪਨੀ ਤੋਂ ਮਨਜੂਰੀ ਲੈ ਲਈ ਹੈ। ਫ਼ਿਲਮ 'ਤੇ ਕੰਮ ਚੱਲ ਰਿਹਾ ਹੈ। ਅਗਲੇ ਸਾਲ ਉਹ ਫ਼ਿਲਮ ਵੀ ਰਿਲੀਜ਼ ਹੋ ਜਾਵੇਗੀ। ਭਵਿੱਖ 'ਚ ਮੈਂ ਪੰਜਾਬੀ ਫ਼ਿਲਮਾਂ ਲਈ ਵੀ ਕੁਝ ਨਵਾਂ ਲੈ ਕੇ ਆਵਾਂਗਾ।

ਸਵਾਲ : ਫ਼ਿਲਮਾਂ ਤੋਂ ਇਲਾਵਾ ਹੋਰ ਕੋਈ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਕਦੇ ਸੋਚਿਆ ਹੈ?
ਜਵਾਬ : ਮੈਂ ਪੰਜਾਬ 'ਚ ਫ਼ਿਲਮ ਸਿਟੀ ਸ਼ੁਰੂ ਕਰਨ ਬਾਰੇ ਕਈ ਵਾਰ ਸੋਚਿਆ ਹੈ। ਹਾਲੇ ਮੇਰੇ ਇਸ ਪ੍ਰਾਜੈਕਟ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦਾਰਾ ਸਿੰਘ, ਯਸ਼ ਚੋਪੜਾ ਆਦਿ ਨੇ ਵੀ ਪੰਜਾਬ 'ਚ ਫ਼ਿਲਮ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਾਮਯਾਬ ਨਾ ਹੋ ਸਕੇ। ਮੁੰਬਈ ਫ਼ਿਲਮਾਂ ਦਾ ਹੱਬ ਬਣ ਚੁੱਕਿਆ ਹੈ। ਅੱਜ ਦੇ ਸਮੇਂ 'ਚ ਸਾਲਾਨਾ 200 ਤੋਂ ਵੱਧ ਫ਼ਿਲਮਾਂ ਬਣ ਰਹੀਆਂ ਹਨ ਅਤੇ ਜ਼ਿਆਦਾਤਰ ਦਾ ਕੰਮ ਮੁੰਬਈ 'ਚ ਹੀ ਹੋ ਰਿਹਾ ਹੈ। ਪੰਜਾਬ 'ਚ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਸਰਕਾਰੀ ਅਤੇ ਨਿੱਜੀ ਮਦਦ ਦੀ ਲੋੜ ਹੈ। 

ਸਵਾਲ : ਤਾਮਿਲ ਇਕ ਖੇਤਰੀ ਭਾਸ਼ਾ ਹੈ ਅਤੇ ਉਸ ਦੀਆਂ ਫ਼ਿਲਮਾਂ ਨੂੰ ਹੁਣ ਬਾਲੀਵੁਡ ਤੇ ਪਾਲੀਵੁਡ ਕਾਪੀ ਕਰ ਰਿਹਾ ਹੈ। ਇਸ ਬਾਰੇ ਕੀ ਕਹੋਗੇ?
ਜਵਾਬ : ਤਾਮਿਲ ਫ਼ਿਲਮਾਂ 'ਤੇ ਉਸ ਦੀ ਸਰਕਾਰ ਅਤੇ ਪ੍ਰਸ਼ਾਸਨ ਦਾ ਵੱਡਾ ਹੱਥ ਹੈ। ਤਾਮਿਨ 'ਚ ਹਰ ਪਿੰਡ 'ਚ ਸਿਨੇਮਾ ਹੈ। ਜਦਕਿ ਪੰਜਾਬ 'ਚ ਸਿਨੇਮਾ ਬਾਰੇ ਲੋਕਾਂ 'ਚ ਉਨ੍ਹਾਂ ਉਤਸਾਹ ਨਹੀਂ ਹੈ। ਇਸ ਤੋਂ ਇਲਾਵਾ ਤਾਮਿਲ 'ਚ ਫ਼ਿਲਮਾਂ ਦਾ ਇਤਿਹਾਸਕ ਪਿਛੋਕੜ ਵੀ ਹੈ, ਜਿਸ ਕਾਰਨ ਉਥੇ ਫ਼ਿਲਮਾਂ ਬਣਾਉਣ ਦਾ ਕੰਮ ਜ਼ਿਆਦਾ ਹੈ। ਉਥੇ ਘਰ-ਘਰ 'ਚ ਸਿਨੇਮਾ ਹੈ। ਸਰਕਾਰ ਵੀ ਉੱਥੇ ਫ਼ਿਲਮਾਂ ਨੂੰ ਉਤਸ਼ਾਹਤ ਕਰਨ 'ਚ ਮਦਦ ਕਰਦੀ ਹੈ। ਪੰਜਾਬ ਨੂੰ ਉਸ ਮੁਕਾਮ ਤਕ ਲਿਜਾਉਣ ਲਈ ਸਰਕਾਰਾਂ ਅਤੇ ਨਿੱਜੀ ਨਿਵੇਸ਼ਕਾਂ ਨੂੰ ਅੱਗੇ ਆਉਣਾ ਪਵੇਗਾ। 

ਸਵਾਲ : ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਨੌਜਵਾਨਾਂ ਬਾਰੇ ਕੀ ਕਹੋਗੇ?
ਜਵਾਬ : ਨੌਜਵਾਨਾਂ ਨੂੰ ਆਪਣੇ ਕੰਮਾਂ ਲਈ ਸਰਕਾਰ ਵੱਲ ਨਹੀਂ ਵੇਖਣਾ ਚਾਹੀਦਾ। ਸਰਕਾਰ ਤਾਂ ਇਕ ਮਾਹੌਲ ਬਣਾ ਸਕਦੀ ਹੈ। ਜੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਹੀਂ ਜਾਣਾ ਪਵੇਗਾ। ਪੰਜਾਬ 'ਚ ਉਦਯੋਗਾਂ, ਕਾਰਖਾਨੇ, ਆਈ.ਟੀ. ਆਦਿ ਸਥਾਪਤ ਕਰਨ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨਾਂ ਨੂੰ ਖੁਦ ਅੱਗੇ ਆਉਣਾ ਪਵੇਗਾ ਅਤੇ ਸਰਕਾਰਾਂ ਦੇ ਭਰੋਸੇ ਨਹੀਂ ਰਹਿਣਾ ਚਾਹੀਦਾ। ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। 

ਸਵਾਲ : ਕਦੇ ਜ਼ਿੰਦਗੀ 'ਚ ਕੋਈ ਗਲਤੀ ਹੋਈ ਹੋਵੇ, ਜਿਸ ਤੋਂ ਕੁਝ ਸਿੱਖਣ ਨੂੰ ਮਿਲਿਆ?
ਜਵਾਬ : ਗਲਤੀਆਂ ਜ਼ਿੰਦਗੀ ਦਾ ਹਿੱਸਾ ਹਨ। ਇਨ੍ਹਾਂ ਤੋਂ ਮਨੁੱਖ ਸਿੱਖਦਾ ਰਹਿੰਦਾ ਹੈ। ਸਾਰਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ ਪਰ ਜ਼ਿੰਦਗੀ ਦੇ ਸਫ਼ਰ 'ਚ ਸਾਰਿਆਂ ਦਾ ਅੰਤ ਹੋਣਾ ਹੀ ਹੈ। ਜੇ ਗਲਤੀ ਹੋਈ ਹੈ ਤਾਂ ਉਸ ਨੂੰ ਮੰਨੋ ਅਤੇ ਸਬਕ ਸਿੱਖਦੇ ਹੋਏ ਅੱਗੇ ਵਧੋ। ਜੇ ਜ਼ਿੰਦਗੀ 'ਚ ਗਲਤੀ ਨਹੀਂ ਹੋਵੇਗੀ ਤਾਂ ਮਜ਼ਾ ਵੀ ਨਹੀਂ ਆਵੇਗਾ। ਕਾਮਯਾਬੀ ਆਉਂਦੀ ਹੈ ਅਤੇ ਚਲੀ ਜਾਂਦੀ ਹੈ ਪਰ ਗਲਤੀਆਂ ਤੁਹਾਨੂੰ ਕੁਝ ਸਿਖਾ ਕੇ ਜਾਂਦੀਆਂ ਹਨ।