21 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਗੁਲਜ਼ਾਰ ਚਾਹਲ ਦੀ ਇਹ ਹਾਲੀਵੁੱਡ ਫ਼ਿਲਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਭਾਰਤ, ਸੰਯੁਕਤ ਰਾਜ ਅਮਰੀਕਾ, ਯੂਕੇ, ਸਿੰਗਾਪੁਰ ਸਮੇਤ 163 ਦੇਸ਼ਾਂ ਵਿਚ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

Gulzar Chahal

ਫਿਲਮ ਨਿਰਮਾਤਾ ਕੰਪਨੀ ਐਮ ਕੈਪੀਟਲ ਵੈਂਚਰਜ਼ (M! Capital Ventures) ਵੱਲੋਂ ਬਣਾਈ ਗਈ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' (The Extraordinary Journey Of The Fakir) ਭਾਰਤ, ਸੰਯੁਕਤ ਰਾਜ ਅਮਰੀਕਾ, ਯੂਕੇ, ਸਿੰਗਾਪੁਰ ਸਮੇਤ 163 ਦੇਸ਼ਾਂ ਵਿਚ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਮ ਕੈਪੀਟਲਜ਼ ਵੈਂਚਰ ਕੰਪਨੀ ਦੇ ਮਾਲਕ ਗੁਲਜ਼ਾਰ ਇੰਦਰ ਚਾਹਲ ਅਤੇ ਸੌਰਵ ਗੁਪਤਾ ਹਨ। ਇਸ ਫਿਲਮ ਨੂੰ ਕੈਨ ਸਕਾਟ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਇਸ ਫਿਲਮ ਦਾ ਬਜਟ 125 ਕਰੋੜ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ 6 ਦੇਸ਼ਾਂ ਵਿਚ ਕੀਤੀ ਗਈ। ਇਸ ਦੇ ਨਾਲ ਹੀ ਇਸ ਫਿਲਮ ਵਿਚ ਦੁਨੀਆ ਦੇ 6 ਮਹਾਂਦੀਪਾਂ ਤੋਂ ਅਦਾਕਾਰਾਂ ਨੇ ਕੰਮ ਕੀਤਾ ਹੈ। ਇਸ ਫ਼ਿਲਮ ਵਿਚ ਤਮਿਲ ਅਦਾਕਾਰ ਧਨੁਸ਼ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕੈਨ ਸਕਾਟ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਫ੍ਰਾਂਸੀਸੀ-ਅੰਗ੍ਰੇਜ਼ੀ ਦੁਭਾਸ਼ੀ ਫਿਲਮ ਰੋਮੇਨ ਪਿਯੁਰਟੋਲਾਸ ਦੇ 2013 ਦੇ ਫ੍ਰਾਂਸੀਸੀ ਬੈਸਟਸੈਲਰ ਨਾਵਲ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਦ ਫਕੀਰ ਹੂ ਗਾਟ ਟਰੈਪਡ ਇੰਨ ਦ IKEA ਵਾਰਡੋਬ' 'ਤੇ ਅਧਾਰਿਤ ਹੈ।

ਇਸ ਵਿਚ ਮੁੰਬਈ ਦੇ ਛੋਟੇ ਜਿਹੇ ਇਲਾਕੇ ਵਿਚ ਰਹਿ ਰਹੇ ਸਟ੍ਰੀਟ ਜਾਦੂਗਰ ਅਜਾਤਾਸ਼ਤ੍ਰੂ ਲਾਵੇਸ਼ ਪਟੇਲ (ਧਨੁਸ਼) ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਦੀ ਸਟਾਰ ਕਾਸਟ ਵਿਚ ਅਰਜੇਨਟੀਨੀਅਨ-ਫ੍ਰਾਂਸੀਸੀ ਅਦਾਕਾਰਾ ਬੇਰੇਨਿਸ ਬੇਜੋ, ਅਮਰੀਕੀ ਅਦਾਕਾਰ ਏਰਿਨ ਮੋਰਿਆਰਟੀ, ਸੌਮਾਲੀ-ਅਮਰੀਕੀ ਅਦਾਕਾਰਾਂ ਬਰਖਦ ਅਬਾਦੀ ਅਤੇ ਫਰਾਂਸ ਅਦਾਕਾਰ ਜੈਰਾਡ ਜੁਗਨੋਤ ਆਦਿ ਸ਼ਾਮਿਲ ਹਨ। 

'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਦਾ ਪਿਛਲੇ ਸਾਲ ਵਿਸ਼ਵ ਪਰੀਮੀਅਰ ਹੋਇਆ ਸੀ। ਇਸ ਨੂੰ ਨਾਰਵੇਜਿਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2018 ਅਤੇ ਬਾਰਸੀਲੋਨਾ ਦੇ ਸੰਤ-ਜੌਰਡੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2019 ਵਿਚ ਦਿਖਾਇਆ ਗਿਆ ਸੀ। ਇਸ ਫਿਲਮ ਦੇ ਕੋ-ਪ੍ਰੋਡਿਊਸਰ ਗੁਲਜ਼ਾਰ ਚਾਹਲ ਨੇ ਅਪਣੇ ਕੈਰੀਅਰ ਦੀ ਪਹਿਲੀ ਫਿਲਮ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਲਾਕਾਰ ਹਰਭਜਨ ਮਾਨ ਨਾਲ ਕੀਤੀ ਸੀ। ਪਟਿਆਲੇ ਤੋਂ ਹਾਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਉਹ ਪਹਿਲੇ ਹਨ।

ਉਹਨਾਂ ਨੇ 2009 ਵਿਚ ‘ਜੱਗ ਜਿਉਂਦਿਆਂ ਦੇ ਮੇਲੇ’ ਨਾਂਅ ਦੀ ਫਿਲਮ ਵਿਚ ਰੂਪ ਨਾਂਅ ਦੇ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਉਹਨਾਂ ਵੱਲੋਂ ਹੀ ਪ੍ਰੋਡਿਊਸ ਕੀਤਾ ਗਿਆ ਸੀ। ਸਾਲ 2009 ਵਿਚ ਹੀ ਉਹਨਾਂ ਨੇ ਫਿਰ ਤੋਂ ਹਰਭਜਨ ਮਾਨ ਅਤੇ ਨੀਰੂ ਬਾਜਵਾ ਨਾਲ ‘ਹੀਰ-ਰਾਂਝਾ’ ਫਿਲਮ ਵਿਚ ਬਤੌਰ ਅਦਾਕਾਰ ਕੰਮ ਕੀਤਾ। ਗੁਲਜ਼ਾਰ ਚਾਹਲ ਬਾਲੀਵੁੱਡ ਫ਼ਿਲਮ ‘ਆਈ ਐਮ ਸਿੰਘ’ ਵਿਚ ਵੀ ਅਹਿਮ ਭੂਮਿਕਾ ਨਿਭਾਅ ਚੁਕੇ ਹਨ।