ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ 'ਭਾਈ ਜਸਵੰਤ ਸਿੰਘ ਖਾਲੜਾ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਨੇ 1980 ਤੋਂ ਬਾਅਦ ਕਾਲੇ ਦੌਰ ਦਾ ਲੰਬਾ ਸਮਾਂ ਅਪਣੇ ਪਿੰਡੇ 'ਤੇ ਹੰਢਾਇਆ, ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਬੇਮੌਤੇ ਮਾਰ ਦਿਤਾ ਗਿਆ।

Bhai Jaswant singh khalra

ਪੰਜਾਬ ਨੇ 1980 ਤੋਂ ਬਾਅਦ ਕਾਲੇ ਦੌਰ ਦਾ ਲੰਬਾ ਸਮਾਂ ਅਪਣੇ ਪਿੰਡੇ 'ਤੇ ਹੰਢਾਇਆ, ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਬੇਮੌਤੇ ਮਾਰ ਦਿਤਾ ਗਿਆ। ਇਸ ਦੌਰਾਨ ਕੁੱਝ ਅਜਿਹੇ ਸਿੱਖ ਯੋਧੇ ਵੀ ਸਨ, ਜਿਨ੍ਹਾਂ ਨੇ ਅਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਸਾਹਮਣਾ ਕੀਤਾ ਅਤੇ ਇਨਸਾਫ਼ ਲੈਣ ਲਈ ਲੰਬੀ ਜੱਦੋ ਜਹਿਦ ਕੀਤੀ। ਭਾਈ ਜਸਵੰਤ ਸਿੰਘ ਖਾਲੜਾ ਵੀ ਇਕ ਅਜਿਹੇ ਹੀ ਸਿੱਖ ਯੋਧੇ ਸਨ, ਜਿਨ੍ਹਾਂ ਨੇ ਇਸ ਕਾਲੇ ਦੌਰ ਵਿਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ। ਆਓ ਅੱਜ ਤੁਹਾਨੂੰ ਇਸ ਮਾਣਮੱਤੀ ਸਖ਼ਸ਼ੀਅਤ ਬਾਰੇ ਜਾਣੂ ਕਰਵਾਉਂਦੇ ਹਾਂ।

ਭਾਈ ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਕਹਿ ਦਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਤਰਨਤਾਰਨ ਦੇ ਪਿੰਡ ਖਾਲੜਾ ਵਿਚ 1952 ਵਿਚ ਜਨਮੇ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ ਦਾ ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅਪਣੇ ਅੱਖੀਂ ਤੱਕਿਆ ਸੀ।ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਕਾਰਕੁੰਨ ਸਨ।

ਜਿਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ। ਦਰਅਸਲ ਭਾਈ ਖਾਲੜਾ ਨੇ ਪੰਜਾਬ ਵਿਚ ਖਾੜਕੂਵਾਦ ਦੌਰਾਨ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਮਾਰੇ ਗਏ ਪੰਜਾਬੀਆਂ ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ, ਜੋ ਅੰਮ੍ਰਿਤਸਰ, ਪੱਟੀ ਅਤੇ ਤਰਨਤਾਰਨ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ। ਸਿਵਿਆਂ ਵਿਚ ਇਕ ਰਜਿਸਟਰ ਹੁੰਦਾ ਹੈ, ਜਿਸ ਵਿਚ ਲਾਸ਼ ਦਾ ਨਾਂ, ਪਿੰਡ ਦਾ ਨਾਂ, ਪਿਤਾ ਦਾ ਨਾਂ, ਉਮਰ, ਅੰਮ੍ਰਿਤਧਾਰੀ ਜਾਂ ਮੋਨਾ ਆਦਿ ਸਾਰਾ ਵੇਰਵਾ ਦਰਜ ਹੁੰਦਾ ਹੈ, ਪਰ ਇਨ੍ਹਾਂ ਵਿਚੋਂ ਕਈ ਲਾਸ਼ਾਂ ਦੇ ਪੁਖ਼ਤਾ ਪਤੇ ਉਨ੍ਹਾਂ ਦੇ ਹੱਥ ਲੱਗ ਗਏੇ। 

ਇਨ੍ਹਾਂ ਰਜਿਸਟਰਾਂ ਵਿਚ 6017 ਲਾਸ਼ਾਂ ਦੇ ਕਾਲਮ ਨਾਲ ਹੋਰ ਜਾਣਕਾਰੀ ਵਿਚ ਕਿਸ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰਿਆ ਅਤੇ ਕਿਹੜਾ ਪੁਲਿਸ ਮੁਲਾਜ਼ਮ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਇਹ ਵੀ ਦਰਜ ਕੀਤਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਦੇ ਸਸਕਾਰ ਕੀਤਾ ਗਿਆ ਸੀ। ਜਾਨ 'ਤੇ ਖੇਡ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿਚ ਪੇਸ਼ ਕਰ ਦਿਤੇ ਸਨ। ਪਰ ਅਫ਼ਸੋਸ ਕਿ ਅਦਾਲਤ ਨੇ ਇਸ 'ਤੇ ਸੁਣਵਾਈ ਤੋਂ ਇਨਕਾਰ ਕਰ ਦਿਤਾ।

ਭਾਈ ਖਾਲੜਾ ਨੇ ਦੇਸ਼ ਵਿਚੋਂ ਇਨਸਾਫ਼ ਨਾ ਮਿਲਦਾ ਦੇਖ ਸਾਰਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਵਿਚ ਜਮ੍ਹਾਂ ਕਰ ਦਿਤਾ। ਇਨ੍ਹਾਂ ਵੇਰਵਿਆਂ ਨੂੰ ਲੈ ਕੇ ਭਾਈ ਖਾਲੜਾ ਦੀ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬਹਿਸ ਵਿਚ ਹੋਈ ਸੀ, ਪਰ ਭਾਈ ਖਾਲੜਾ ਦਾ ਇਕੋ ਸਵਾਲ ਸੀ ਕਿ ਪੁਲਿਸ ਨੇ ਇੰਨੇ ਨੌਜਵਾਨ ਕਿਸ ਆਧਾਰ 'ਤੇ ਅਤੇ ਕਿਉਂ ਖ਼ਤਮ ਕੀਤੇ?

ਜਿਵੇਂ ਹੀ ਲਾਸ਼ਾਂ ਦੇ ਮੁੱਦੇ ਨੂੰ ਲੈ ਕੇ ਭਾਈ ਖਾਲੜਾ ਦਾ ਨਾਮ ਸਾਹਮਣੇ ਆਇਆ ਓਵੇਂ ਹੀ ਭਾਈ ਖਾਲੜਾ ਦੀਆਂ ਮੁਸ਼ਕਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ, ਹੁਣ ਉਹ ਪੂਰੀ ਤਰ੍ਹਾਂ ਪੁਲਿਸ ਦੀ ਨਜ਼ਰ ਵਿਚ ਆ ਚੁੱਕੇ ਸਨ। ਦਰਅਸਲ ਪੰਜਾਬ ਪੁਲਿਸ ਭਾਈ ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ 'ਅਣਪਛਾਤੀਆਂ ਲਾਸ਼ਾਂ' ਦੇ ਸੱਚ 'ਤੇ ਪਰਦਾ ਪਾਇਆ ਜਾ ਸਕੇ।

ਆਖ਼ਰ 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਭਾਈ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ। ਥਾਣਾ ਝਬਾਲ ਦੇ ਇਕ ਸੈੱਲ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਗਏ, ਪਰ ਪੁਲਿਸ ਦਾ ਤਸ਼ੱਦਦ ਭਾਈ ਖਾਲੜਾ ਨੂੰ ਸੱਚ ਤੋਂ ਪਿੱਛੇ ਨਹੀਂ ਹਟਾ ਸਕਿਆ। ਆਖ਼ਰਕਾਰ ਉਨ੍ਹਾਂ ਦੀ ਲਹੂ ਭਿੱਜੀ ਲਾਸ਼ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿਤੀ ਗਈ। ਸੀਬੀਆਈ ਨੇ ਖਾਲੜਾ ਕੇਸ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾਵਾਂ ਦਿਤੀਆਂ।

 


 

ਭਾਈ ਖਾਲੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਵੀ ਭਾਈ ਖਾਲੜਾ ਦੇ ਸੰਘਰਸ਼ ਨੂੰ ਲੈ ਕੇ ਅੱਗੇਵਧ ਰਹੇ ਹਨ। ਜੋ ਇਸ ਸਮੇਂ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਦੇ ਮੁਖੀ ਰਵੀ ਸਿੰਘ ਵਲੋਂ ਵੀ ਸਮਰਥਨ ਕੀਤਾ ਗਿਆ ਹੈ। ਭਾਈ ਖਾਲੜਾ ਸਿੱਖਾਂ ਦੇ ਹਕੂਕਾਂ ਲਈ ਲੜਨ ਵਾਲੇ ਇਕ ਯੋਧੇ ਸਨ। ਸਿੱਖ ਕੌਮ ਲਈ ਉਨ੍ਹਾਂ ਦੇ ਸੰਘਰਸ਼ ਨੂੰ ਕਦੇ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਹੈ।