ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : ਕੁਦਰਤ ਦੀ ਅਨਮੇੋਲ ਦਾਤ ਹੈ 'ਪਾਣੀ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਕੁਦਰਤ ਨੇ ਇਸ ਦੁਨੀਆਂ ‘ਚ ਪਾਣੀ ਦੇ ਵੱਖ ਵੱਖ ਰੂਪਾਂ ‘ਚ ਬੇਅੰਤ ਜ਼ਖੀਰੇ ਦਿੱਤੇ ਹਨ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਕਿਹਾ ਜਾਂਦਾ ਹੈ।

World water Day

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।

ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਅਨਮੋਲ ਦਾਤ ਹੈ। ਕੁਦਰਤ ਨੇ ਇਸ ਦੁਨੀਆਂ ‘ਚ ਪਾਣੀ ਦੇ ਵੱਖ ਵੱਖ ਰੂਪਾਂ ‘ਚ ਬੇਅੰਤ ਜ਼ਖੀਰੇ ਦਿੱਤੇ ਹਨ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਕਿਹਾ ਜਾਂਦਾ ਹੈ। ਪਾਣੀ ਤੋਂ ਬਿਨਾਂ ਇਸ ਧਰਤੀ ‘ਤੇ ਜੀਵਨ ਸੰਭਵ ਹੀ ਨਹੀਂ ਹੈ। ਇਸ ਲਈ ਕਹਿੰਦੇ ਹਨ ਕਿ ਪਾਣੀ ਹੈ ਤਾਂ ਪ੍ਰਾਣੀ ਹੈ ਨਹੀਂ ਤਾਂ ਖਤਮ ਕਹਾਣੀ ਹੈ। ਇਸ ਧਰਤੀ ‘ਤੇ ਜਦੋਂ ਪਹਿਲੀ ਵਾਰ ਜੀਵਨ ਧੜਕਿਆ ਸੀ ਤਾਂ ਉਹ ਪਾਣੀ ਵਿਚ ਹੀ ਧੜਕਿਆ ਸੀ। ਧਰਤੀ ਦਾ ਜੋ ਸੁਹੱਪਣ ਹੈ ਉਸ ਦਾ ਭੇਦ ਵੀ ਇਸ ਪਾਣੀ ਵਿਚ ਛੁਪਿਆ ਹੋਇਆ ਹੈ। ਪਾਣੀ ਨਾਲ ਹੀ ਇਥੇ ਜੰਗਲ, ਬਨਸਪਤੀ ਤੇ ਹੋਰ ਫੁੱਲ ਬੂਟੇ ਆਪਣੀ ਸੁੰਦਰਤਾ ਬਿਖੇਰਦੇ ਹਨ।

ਵਿਸ਼ਵ ਜਲ ਦਿਵਸ ਦਾ ਇਤਿਹਾਸ

ਵਿਸ਼ਵ ਜਲ ਦਿਵਸ ( World water day) 22 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਵਿਸ਼ਵ ਦੇ ਸਾਰੇ ਵਿਕਸਿਤ ਦੇਸ਼ਾਂ ਵਿਚ ਸਾਫ ਅਤੇ ਸੁਰੱਖਿਅਤ ਜਲ ਦੀ ਉਪਲਭਧਤਾ ਨੂੰ ਯਕੀਨੀ ਬਣਾਉਣਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1993 ਵਿਚ ਇਕ ਆਮ ਸਭਾ ਦੇ ਮਾਧਿਅਮ ਰਾਹੀਂ ਇਸ ਦਿਨ ਨੂੰ ਸਲਾਨਾ ਪ੍ਰੋਗਰਾਮ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਸੀ। ਇਸ ਮੁਹਿੰਮ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣ ਲਈ ਜਲ ਦੇ ਮਹੱਤਵ ਦੀ ਜ਼ਰੂਰਤ ਅਤੇ ਪਾਣੀ ਦੀ ਸੰਭਾਲ ਵਾਰੇ ਸਮਝਾਉਣ ਲਈ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਣ ਲੱਗਾ।

ਵਿਸ਼ਵ ਜਲ ਦਿਵਸ ਦਾ ਥੀਮ

ਹਰ ਸਾਲ ਵਿਸ਼ਵ ਜਲ ਦਿਵਸ ਦਾ ਇਕ ਥੀਮ ਰੱਖਿਆ ਜਾਂਦਾ ਹੈ, ਇਸ ਸਾਲ ਵਿਸ਼ਵ ਜਲ ਦਿਵਸ ਦਾ ਥੀਮ ‘ਲੀਵਿੰਗ ਨੋ ਵਨ ਬਿਹਾਇੰਡ’ (Leaving no one behind) ਭਾਵ ‘ਕਿਸੇ ਨੂੰ ਵੀ ਪਿੱਛੇ ਨਹੀਂ ਛੱਡਣਾ’ ਹੈ। ਜਦੋਂ ਸੰਯੁਕਤ ਰਾਸ਼ਟਰ ਵੱਲੋਂ 2015 ਵਿਚ 2030 ਏਜੰਡਾ ਅਪਣਾਇਆ ਗਿਆ ਸੀ, ਤਾਂ ਉਸ ਸਮੇਂ ਸਾਰੇ ਦੇਸ਼ਾਂ ਨੇ ਇਹ ਨਿਰਧਾਰਿਤ ਕੀਤਾ ਸੀ ਕਿ ਦੁਨੀਆ ਨੂੰ ਗਰੀਬੀ, ਭੁੱਖਮਰੀ ਅਤੇ ਬਿਮਾਰੀਆਂ ਤੋਂ ਮੁਕਤ ਕੀਤਾ ਜਾਵੇ। ਇਕ ਅਜਿਹੀ ਦੁਨੀਆ ਦੀ ਸਿਰਜਣਾ ਕੀਤੀ ਜਾਵੇ ਜਿਸ ਵਿਚ ਕੋਈ ਵੀ ਪਿੱਛੇ ਨਾ ਰਹੇ।

2019 ‘ਚ ਵਿਸ਼ਵ ਜਲ ਦਿਵਸ ਸਮੇਂ ਵਿਸ਼ਵ ਦੀਆਂ ਚੁਣੋਤੀਆਂ ਜਿਵੇਂ ਗਰੀਬੀ, ਭੇਦਭਾਵ, ਕੁਦਰਤੀ ਆਫਤਾ, ਮਨੁੱਖਤਾ ਦਾ ਸੰਕਟ ਅਤੇ ਜਬਰਦਸੀ ਵਿਸਥਾਪਨ ਆਦਿ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਵੀ ਇਸ ਦਿਵਸ ਦਾ ਮੁੱਖ ਉਦੇਸ਼ ਹੈ। ਅਤੇ ਪਾਣੀ, ਸਫਾਈ ਅਤੇ ਸਥਾਈ ਜਲ ਪ੍ਰਬੰਧਨ ਵੀ ਬਦਲਾਅ ਲਿਆ ਸਕਦੇ ਹਨ। ਸਭ ਲਈ ਪਾਣੀ ਦਾ ਭਾਵ ਬਜ਼ੁਰਗਾਂ ਲਈ, ਅਪਾਹਿਜਾਂ ਲਈ, ਹਾਸ਼ੀਏ ‘ਤੇ ਰਹਿ ਰਹੇ ਲੋਕਾਂ ਲਈ, ਗਰੀਬਾਂ ਲਈ ਸਾਫ ਪਾਣੀ ਦੀ ਉਪਲਭਧਤਾ ਹੈ।

ਧਰਤੀ ‘ਤੇ ਪਾਣੀ

ਧਰਤੀ ਦੀ ਸਤਿਹ ‘ਤੇ ਲਗਭਗ 71 ਪ੍ਰਤੀਸ਼ਤ ਭਾਗ ਪਾਣੀ ਹੈ ਅਤੇ ਇਸ ਵਿਚ 96.5 ਪ੍ਰਤੀਸ਼ਤ ਹਿੱਸੇ ਵਿਚ ਮਹਾਸਾਗਰਾਂ ਦਾ ਜਲ ਹੈ, ਪਰ ਇਸਦੇ ਬਾਵਜੂਦ ਅੱਜ ਦੇਸ਼ ਦਾ 50 ਪ੍ਰਤੀਸ਼ਤ ਹਿੱਸਾ ਸੋਕੇ ਨਾਲ ਪ੍ਰਭਾਵਿਤ ਹੋ ਗਿਆ ਹੈ। ਜੇਕਰ ਅਸੀਂ ਵਿਸ਼ਵ ਦੀ ਗੱਲ ਕਰੀਏ ਤਾਂ ਤਕਰੀਬਨ 400 ਕਰੋੜ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਜਿਸ ਵਿਚ 100 ਕਰੋੜ ਅਬਾਦੀ ਕੇਵਲ ਭਾਰਤ ਦੀ ਹੀ ਹੈ।

‘ਵਾਟਰ ਏਡ’ ਦੀ ਰਿਪੋਰਟ ਅਨੁਸਾਰ ਅਸੀਂ ਧਰਤੀ ਹੇਠਲੇ ਪਾਣੀ ਦਾ ਕੇਵਲ 24 ਪ੍ਰਤੀਸ਼ਤ ਹਿੱਸਾ ਹੀ ਇਸਤੇਮਾਲ ਕਰਦੇ ਹਾਂ। ਉੱਥੇ ਹੀ ਜੇਕਰ ਯੂਐਸਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ।

ਪਾਣੀ ਦੀ ਸੰਭਾਲ

ਪਾਣੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ | ਪਾਣੀ ਦੇ ਮਹੱਤਵ ਨੂੰ ਸਮਝਦੇ ਹੋਏ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ | ਪਾਣੀ ਨੂੰ ਕਦੇ ਵੀ ਵਿਅਰਥ ਨਹੀਂ ਗੁਆਉਣਾ ਚਾਹੀਦਾ, ਕਿਉਂਕਿ ਪਾਣੀ ਬਹੁਤ ਕੀਮਤੀ ਚੀਜ਼ ਹੈ | ਕਈ ਵਾਰ ਬੰਦਾ ਇਕ-ਇਕ ਬੂੰਦ ਨੂੰ ਵੀ ਤਰਸ ਜਾਂਦਾ ਹੈ। ਪਾਣੀ ਦੀ ਗੁਣਵਤਾ ਸੁਧਾਰਨ ਲਈ ਹਰ ਇਨਸਾਨ ਪਹਿਲ ਕਰ ਸਕਦਾ ਹੈ। ਲੋਕਾਂ ਨੂੰ ਪਾਣੀ ਦੀ ਗੁਣਵਤਾ ਅਤੇ ਸਿਹਤ ਦੇ ਵਿਸ਼ੇ ਤੇ ਜਾਗਰੂਕ ਕੀਤਾ ਜਾ ਸਕਦਾ ਹੈ।  ਪਾਣੀ ਦੀ ਸੰਭਾਲ ਲਈ ਰੋਜ਼ਾਨਾ ਜਿੰਦਗੀ ਵਿਚ ਪਾਣੀ ਦੀ ਸੰਭਾਲ ਕਰਨੀ ਬਹੁਤ ਜਰੂਰੀ ਹੈ। ਪਾਣੀ ਦੀ ਬੱਚਤ ਲਈ ਮੀਂਹ ਦੇ ਪਾਣੀ ਦੀ ਸੰਭਾਲ ਵੀ ਜਰੂਰੀ ਹੈ। ਇਸ ਲਈ ਅਸੀਂ ਬਾਰਿਸ਼ ਦੇ ਪਾਣੀ ਨੂੰ ਜਮਾਂ ਕਰਕੇ ਉਸਦੀ ਖੇਤੀ ਲਈ ਵਰਤੋ ਕੀਤੀ ਜਾ ਸਕਦੀ ਹੈ