ਬਾਦਲ ਸਾਹਿਬ ਸਿੱਖ ਕੌਮ ਨੂੰ ਹੁਣ ਤਾਂ ਬਖ਼ਸ਼ ਦਿਉ-2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਪੰਜਾਬ ਨਸ਼ਿਆਂ ਦੀ ਸੱਭ ਤੋਂ ਵੱਡੀ ਮੰਡੀ ਹੈ। ਹਰ ਰੋਜ਼ ਅਰਬਾਂ ਰੁਪਏ ਦੇ ਨਸ਼ੇ ਵਿਕਦੇ ਹਨ ਤੇ ਪੁਲਿਸ ਰਾਹੀਂ ਫੜੇ ਵੀ ਜਾ ਰਹੇ ਹਨ।

Parkash Singh Badal

(ਕੱਲ੍ਹ ਤੋਂ ਅੱਗੇ) ਕੋਹੜ ਤੇ ਕੈਂਸਰ ਦੇ ਰੋਗੀ ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਸੱਭ ਤੋਂ ਵੱਧ ਹਨ ਜਿਸ ਦੀ ਸ਼ੁਰੂਆਤ ਬਾਦਲਾਂ ਦੇ ਰਾਜ ਵੇਲੇ ਭਾਵੇਂ ਨਾ ਹੋਈ ਹੋਵੇ ਪਰ ਵਾਧਾ ਜ਼ਰੂਰ ਹੋਇਆ ਹੈ। ਅੱਜ ਕੋਹੜ ਅਤੇ ਕੈਂਸਰ ਦੇ ਰੋਗੀਆਂ ਦਾ ਇਲਾਜ ਲਈ ਇਕ ਸਪੈਸ਼ਲ ਗੱਡੀ ਚਲ ਰਹੀ ਹੈ ਜਿਸ ਵਿਚ ਕੋਹੜੀ ਅਤੇ ਕੈਂਸਰ ਦੇ ਮਰੀਜ਼ ਜਾਂਦੇ ਹਨ। ਅੱਜ ਪੰਜਾਬ ਉਹ ਪੰਜਾਬ ਨਹੀਂ ਰਿਹਾ ਜਿਸ ਦੀ ਤਾਰੀਫ਼ ਕਰਦਿਆਂ ਪ੍ਰੋ. ਪੂਰਨ ਸਿੰਘ ਹੋਰਾਂ ਲਿਖਿਆ ਸੀ ਕਿ 'ਪੰਜਾਬ ਵਸਦਾ ਗੁਰਾਂ ਦੇ ਨਾਂ ਤੇ' ਅੱਜ ਪੰਜਾਬ ਜਾਣਿਆਂ ਜਾਂਦਾ ਹੈ 'ਨਸ਼ਿਆਂ ਦੇ ਨਾਂ ਤੇ' ਪਰ ਬਾਦਲ ਸਾਹਬ ਕਹਿੰਦੇ ਹਨ ਕਿ ਦੂਜਿਆਂ ਸੂਬਿਆਂ ਨਾਲੋਂ ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਘੱਟ ਹੈ। ਭਾਵ ਅੱਜ ਹੋਰ ਨਸ਼ਿਆਂ ਦੀ ਵਿਕਰੀ ਦੀ ਅਜੇ ਗੁੰਜਾਇਸ਼ ਹੈ ਜਦਕਿ ਹਜ਼ਾਰਾਂ ਨੌਜੁਆਨ ਨਸ਼ਿਆਂ ਕਾਰਨ ਜਾਨਾਂ ਗੁਆ ਚੁਕੇ ਹਨ, ਹਜ਼ਾਰਾਂ ਘਰ ਬਰਬਾਦ ਹੋ ਚੁਕੇ ਹਨ।

ਅੱਜ ਪੰਜਾਬ ਨਸ਼ਿਆਂ ਦੀ ਸੱਭ ਤੋਂ ਵੱਡੀ ਮੰਡੀ ਹੈ। ਹਰ ਰੋਜ਼ ਅਰਬਾਂ ਰੁਪਏ ਦੇ ਨਸ਼ੇ ਵਿਕਦੇ ਹਨ ਤੇ ਪੁਲਿਸ ਰਾਹੀਂ ਫੜੇ ਵੀ ਜਾ ਰਹੇ ਹਨ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਵੀ ਅੱਜ ਪੰਜਾਬ ਸੱਭ ਤੋਂ ਅੱਗੇ ਹੈ ਜਿਸ ਦੀ ਸ਼ੁਰੂਆਤ ਬਾਦਲ ਸਾਹਬ ਦੇ ਸਮੇਂ ਵਿਚ ਹੀ ਹੋਈ ਸੀ। ਉਹ ਪੰਜਾਬ ਜੋ ਪੂਰੇ ਭਾਰਤ ਨੂੰ ਅਨਾਜ ਪਹੁੰਚਾਉਣ ਦੀ ਸਮਰਥਾ ਰਖਦਾ ਸੀ, ਅੱਜ ਭੁਖਮਰੀ, ਬੇਰੁਜ਼ਗਾਰੀ ਦੇ ਦੌਰ ਵਿਚ ਪਹੁੰਚ ਚੁਕਾ ਹੈ। ਪੰਜਾਬ ਦੇ ਨੌਜੁਆਨ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿਚ ਕੰਮ ਕਰਨ ਲਈ ਮਜਬੂਰ ਹਨ ਤੇ ਅੱਜ ਉਹ ਵਿਦੇਸ਼ਾਂ ਵਿਚ ਧੱਕੇ ਖਾ ਰਹੇ ਹਨ। ਬਾਹਰ ਭੇਜਣ ਵਾਸਤੇ ਏਜੰਟ ਉਨ੍ਹਾਂ ਦੇ ਮਾਪਿਆਂ ਨੂੰ ਖ਼ੂਬ ਲੁੱਟ ਰਹੇ ਹਨ।
ਹੁਣ ਧਰਮ ਦੀ ਗੱਲ ਕਰੀਏ ਕਿ ਇਸ ਅਕਾਲੀ ਦਲ ਦੇ ਸਮੇਂ ਵਿਚ ਸਿੱਖ ਪੰਥ ਨੇ ਕਿੰਨੀ ਤਰੱਕੀ ਕੀਤੀ ਹੈ?

ਸਿੱਖ ਧਰਮ ਦੀ ਹਾਲਤ ਅੱਜ ਇਹ ਹੈ ਕਿ ਇਸ ਪਾਰਟੀ ਨੇ ਸਿੱਖ ਧਰਮ ਤੇ ਸਿੱਖ ਫ਼ਲਸਫ਼ੇ ਨੂੰ ਪੂਰੀ ਤਰ੍ਹਾਂ ਭਗਵਾਂ ਕਰਨ ਜਾਂ ਆਰ.ਐਸ.ਐਸ ਦੇ ਰੰਗ ਵਿਚ ਰੰਗਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਅਜੇ ਵੀ ਇਹ ਤਨ, ਮਨ, ਧੰਨ ਨਾਲ ਆਰ.ਐਸ.ਐਸ. ਦੀ ਸੇਵਾ ਲਈ ਸਮਰਪਤ ਹੈ। ਇਹ ਆਰ.ਐਸ.ਐਸ-ਭਾਜਪਾ ਜੋ ਅਕਾਲੀ-ਭਾਜਪਾ ਦੀ ਸਹਿਯੋਗੀ ਪਾਰਟੀ ਹੈ ਤੇ ਜਿਸ ਨੇ ਮਿਲ ਕੇ ਕਈ ਸਾਲ ਪੰਜਾਬ ਉਤੇ ਰਾਜ ਕੀਤਾ ਹੈ, ਇਹ ਅੰਦਰੋਂ ਅੰਦਰੀ ਸਿੱਖ ਧਰਮ ਨੂੰ ਅਪਣੇ ਅੰਦਰ ਜਜ਼ਬ ਕਰਨ ਵਿਚ ਲੱਗੀ ਹੋਈ ਹੈ।

ਪੂਰੀ ਦੁਨੀਆਂ ਵਿਚ ਜਿਥੇ-ਜਿਥੇ ਵੀ ਗੁਰੂਸਿੱਖ ਸੱਚੇ ਸੁੱਚੇ ਸਿੱਖ ਵਸਦੇ ਹਨ, ਉਥੇ ਰਹਿਣ ਵਾਲੇ ਸਿੱਖ ਵਿਦਵਾਨਾਂ ਵਿਚੋਂ ਕੁੱਝ ਕੁ ਲਾਲਚੀ ਤੇ ਵਿਕਣ ਨੂੰ ਤਿਆਰ ਲੇਖਕਾਂ ਨੂੰ ਖ਼ਰੀਦਣ ਲਈ ਕਰੋੜਾਂ ਰੁਪਏ ਖ਼ਰਚ ਕਰ ਕੇ ਖ਼ਰੀਦਿਆਂ ਜਾ ਰਿਹਾ ਹੈ ਤੇ ਅਪਣੀ ਮਰਜ਼ੀ ਦਾ ਇਤਿਹਾਸ ਲਿਖਵਾਇਆ ਜਾ ਰਿਹਾ ਹੈ। ਗੁਰੂਆਂ ਦੇ ਇਤਿਹਾਸ ਨੂੰ ਵਿਗਾੜ ਕੇ ਉਸ ਵਿਚ ਬ੍ਰਾਹਮਣਵਾਦ ਘੁਸੇੜਿਆ ਜਾ ਰਿਹਾ ਹੈ। ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਦੱਸਣ ਤੇ ਪ੍ਰਚਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਰ ਸਾਡੀ ਇਸ ਸਾਡੀ ਧਾਰਮਕ ਸੰਸਥਾ ਨੂੰ ਕੁੱਝ ਪਤਾ ਨਹੀਂ ਹੈ।

ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਸ ਵੀ ਧਾਰਮਕ ਵਿਦਵਾਨ ਜਾਂ ਸੰਸਥਾ ਨੇ ਇਸ ਦੁਸ਼ਕਰਮ ਪ੍ਰਤੀ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਦਲ ਅਕਾਲੀ ਦਲ ਨੇ ਅਪਣੇ ਹੀ ਥਾਪੇ ਹੋਏ ਜਥੇਦਾਰਾਂ ਤੋਂ ਉਨ੍ਹਾਂ ਪ੍ਰਤੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਸਿੱਖੀ ਵਿਚੋਂ ਹੀ ਖ਼ਾਰਜ ਕਰਵਾ ਦਿਤਾ ਜਿਵੇਂ ਕਿ ਗਿਆਨੀ ਭਾਗ ਸਿੰਘ ਜੀ ਮਹਾਨ ਵਿਦਵਾਨ, ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਜੀ, ਮਹਾਨ ਵਿਦਵਾਨ ਸਵਰਗਵਾਸੀ ਕਾਲਾ ਅਫ਼ਗਾਨਾ ਜੀ ਤੇ ਹੋਰ ਕਈਆਂ ਦੇ ਨਾਂ ਦਿਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਸਿੱਖੀ ਵਿਚੋਂ ਛੇਕ ਦਿਤਾ ਗਿਆ ਹੈ।

ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਦਾ ਦੋਸ਼ ਸਿਰਫ਼ ਏਨਾ ਹੈ ਕਿ ਉਨ੍ਹਾਂ ਨੇ ਬਾਦਲਾਂ ਦੇ ਗ਼ਲਤ ਫ਼ੈਸਿਲਆਂ ਦਾ ਹਮੇਸ਼ਾ ਵਿਰੋਧ ਕੀਤਾ ਹੈ।
ਇਸੇ ਤਰ੍ਹਾਂ ਦਰਸ਼ਨ ਸਿੰਘ ਪ੍ਰੋਫ਼ੈਸਰ ਨੂੰ ਤਨਖ਼ਾਹੀਆ ਐਲਾਨਿਆ ਗਿਆ ਕਿਉਂਕਿ ਇਸ ਨੇ ਸੱਭ ਤੋਂ ਪਹਿਲਾਂ ਜ਼ੋਰਦਾਰ ਹਾਅ ਦਾ ਨਾਹਰਾ ਮਾਰਿਆ ਸੀ ਅਤੇ ਖੁੱਲ੍ਹ ਕੇ ਕਿਸੇ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕੀਤੀ ਸੀ। ਜਦੋਂ ਤਕ ਪ੍ਰੋ. ਦਰਸ਼ਨ ਸਿੰਘ ਜੀ ਬਾਦਲਾਂ ਦੀ ਕਮੇਟੀ ਦੀ ਅਤੇ ਬਾਦਲਾਂ ਦੀ ਗੱਲ ਮੰਨਦੇ ਰਹੇ, ਤਦ ਤਕ ਉਨ੍ਹਾਂ ਨੂੰ ਮਹਾਨ ਵਿਦਵਾਨ ਤੇ ਚੰਗੇ ਬੁਲਾਰੇ ਕਹਿ ਕੇ ਸਤਿਕਾਰਿਆ ਜਾਂਦਾ ਰਿਹਾ ਤੇ ਖ਼ੁਸ਼ ਹੋ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਬਣਾ ਦਿਤਾ।

ਪਰ ਜਦੋਂ ਉਨ੍ਹਾਂ ਨੇ ਦਸਮ ਗ੍ਰੰਥ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਆਦਿ ਦਾ ਵਿਰੋਧ ਕਰਨਾ ਤੇ ਉਸ ਵਿਚ ਸੁਧਾਰ ਕਰਨ ਲਈ ਕਿਹਾ ਤਾਂ ਉਸ ਨੂੰ ਨਾਂ ਸਿਰਫ਼ ਜਥੇਦਾਰੀ ਤੋਂ ਬਰਤਰਫ਼ ਕਰ ਦਿਤਾ ਗਿਆ, ਸਗੋਂ ਤਨਖ਼ਾਹੀਆ ਕਰਾਰ ਦਿਤਾ ਗਿਆ। ਉਹ ਸਿੰਘ ਸਾਹਿਬ ਨਾ ਹੋ ਕੇ ਪੰਥ ਦੇ ਦੋਖੀ ਕਹੇ ਜਾਣ ਲੱਗੇ। ਦਿਉ ਕਰਨ ਵਿਚ ਸੱਭ ਤੋਂ ਵੱਡਾ ਰੋਲ ਡੇਰੇਦਾਰਾਂ ਅਤੇ ਆਰ.ਐਸ.ਐਸ ਦਾ ਰਿਹਾ ਜਿਨ੍ਹਾਂ ਦੀਆਂ ਵੋਟਾਂ ਸਦਕਾ ਨਕਲੀ ਚੋਣਾਂ ਜਿਤਦਾ ਆ ਰਿਹਾ ਹੈ। ਅੱਜ ਦਰਸ਼ਨ ਸਿੰਘ ਹੋਰਾਂ ਨੂੰ ਕਿਸੇ ਵੀ ਗੁਰਦਵਾਰੇ ਦੀ ਸਟੇਜ ਉਤੇ ਬੋਲਣ ਦੀ ਆਗਿਆ ਨਹੀਂ ਦਿਤੀ ਜਾਂਦੀ।

ਹੁਣ ਇਹ ਅਕਾਲੀ ਦਲ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਪਿੱਛੇ ਪੈ ਗਿਅਆ। ਉਸ ਨੂੰ ਤਨਖ਼ਾਹੀਆ ਐਲਾਨ ਦਿਤਾ ਗਿਆ ਹੈ ਤੇ ਕਿਸੇ ਵੀ ਧਾਰਮਕ ਸਟੇਜ ਉਤੇ ਪ੍ਰਚਾਰ ਕਰਨ ਦੀ ਆਗਿਆ ਨਹੀਂ ਹੈ। ਹੋ ਸਕਦੈ ਕੁੱਝ ਦਿਨਾਂ ਬਾਅਦ ਉਸ ਨੂੰ ਵੀ ਸਿੱਖੀ ਵਿਚੋਂ ਛੇਕ ਦਿਤਾ ਜਾਵੇ। ਉਸ ਦੀ ਵੀ ਦਰਸ਼ਨ ਸਿੰਘ ਜੀ ਵਾਲੀ ਹੀ ਗ਼ਲਤੀ ਹੈ। ਜਦੋਂ ਤਕ ਬਾਦਲ ਪ੍ਰਵਾਰ ਤੇ ਬਾਦਲ ਅਕਾਲੀ ਦਲ ਦੀ ਤਾਰੀਫ਼ ਕਰਦਾ ਰਿਹਾ, ਮਨਘੜਤ ਕਹਾਣੀਆਂ ਸੁਣਾਉਂਦਾ ਰਿਹਾ, ਤਦੋਂ ਤਕ ਡੇਰੇਦਾਰਾਂ ਤੇ ਅਕਾਲੀ ਦਲ ਦਾ ਇਕ ਮਹਾਨ ਪ੍ਰਚਾਰਕ ਸੀ।

ਪਰ ਜਦੋਂ ਉਸ ਦੀ ਆਤਮਾ ਜਾਗੀ ਤੇ ਉਸ ਨੇ ਸੱਚ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਦਸਮ ਗ੍ਰੰਥ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਤੇ ਸੂਰਜ ਪ੍ਰਕਾਸ਼ ਆਦਿ ਗ੍ਰੰਥਾਂ ਵਿਚ ਲਿਖੀਆਂ ਅਸ਼ਲੀਲ ਕਹਾਣੀਆਂ ਦਾ ਵਿਰੋਧ ਸ਼ੁਰੂ ਕੀਤਾ, ਤਦੋਂ ਤੋਂ ਉਹ ਡੇਰੇਦਾਰਾਂ ਤੇ ਬਾਦਲਾਂ ਦੀਆਂ ਅੱਖਾਂ ਵਿਚ ਰੜਕਣਾ ਸ਼ੁਰੂ ਹੋ ਗਿਆ ਹੈ। ਬਾਦਲਾਂ ਤੇ ਇਨ੍ਹਾਂ ਦੇ ਅਕਾਲੀ ਦਲ ਦੇ ਕਿੱਸੇ ਤਾਂ ਅਨੇਕਾਂ ਹਨ, ਜਿਨ੍ਹਾਂ ਨੂੰ ਲਿਖਣ ਨਾਲ ਇਹ ਲੇਖ ਨਾਵਲ ਬਣ ਜਾਏਗਾ ਪਰ ਜੋ ਮੈਂ ਅਸਲ ਗੱਲ ਕਹਿਣਾ ਚਾਹੁੰਦਾ ਹਾਂ, ਉਹ ਰਹਿ ਜਾਏਗੀ ਹੁਣ ਤਾਂ ਅਕਾਲੀ ਦਲ ਵਿਚ ਇਕ ਹੋਰ ਪੰਜਾਬੀ ਪਾਰਟੀ ਬਣ ਗਈ ਹੈ। 15 ਸਾਲ ਤਕ ਭਾਜਪਾ ਤੇ ਅਕਾਲੀ ਦਲ ਦੇ ਨਾਪਾਕ ਗਠਜੋੜ ਨੇ ਪੰਜਾਬ ਤੇ ਜੋ ਰਾਜ ਕੀਤਾ ਹੈ, ਉਸ ਨਾਲ ਪੂਰਾ ਸਿੱਖ ਜਗਤ ਅਕਾਲੀ ਦਲ ਬਾਦਲ ਤੋਂ ਬਹੁਤ ਦੁਖੀ ਤੇ ਨਿਰਾਸ਼ ਹੋ ਚੁਕਾ ਹੈ।

ਆਮ ਜਾਗਰੂਕ ਸਿੱਖਾਂ ਦਾ ਇਸ ਤੋਂ ਭਰੋਸਾ ਉਠ ਚੁਕਾ ਹੈ। ਇਸ ਅਕਾਲੀ ਦਲ ਦੇ ਰਾਜਨੀਤਕ ਸਾਥ ਰਾਹੀਂ ਭਾਜਪਾ ਨੂੰ ਪੱਕਾ ਯਕੀਨ ਹੋ ਚੁਕਾ ਹੈ ਕਿ ਉਨ੍ਹਾਂ ਵਲੋਂ ਚਲੀ ਸਿੱਖ ਧਰਮ ਵਿਰੋਧੀ ਚਾਲ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਪਿਛਲੀਆਂ ਚੋਣਾਂ ਵਿਚ ਜਿਵੇਂ ਇਸ ਅਕਾਲੀ ਦਲ ਦਾ ਪੰਜਾਬ ਤੇ ਹਰਿਆਣਾ ਵਿਚੋਂ ਸਫ਼ਾਇਆ ਹੋਇਆ ਹੈ, ਉਸ ਨੂੰ ਵੇਖਦਿਆਂ, ਹੁਣ ਭਾਜਪਾ ਵੀ ਇਸ ਪਾਰਟੀ ਤੋਂ ਕਿਨਾਰਾ ਕਰਨ ਦੇ ਰੌਂਅ ਵਿਚ ਸਾਫ਼ ਵਿਖਾਈ ਦੇ ਰਹੀ ਹੈ। ਦੋਵੇਂ ਪਾਰਟੀਆਂ ਦੇ ਬੰਦੇ ਵਖਰੇ-ਵਖਰੇ ਤੌਰ ਉਤੇ ਚੋਣ ਲੜੇ। ਇਥੋਂ ਸਾਫ਼ ਦਿਸਦਾ ਹੈ ਕਿ ਦੋਹਾਂ ਵਿਚ ਦਰਾੜ ਪੈ ਚੁਕੀ ਹੈ।

ਇਸ ਦਾ ਇਕ ਸਬੂਤ ਉਦੋਂ ਨਜ਼ਰ ਆਇਆ ਜਦੋਂ ਇਸ ਅਕਾਲੀ ਦਲ ਨੇ ਹਰਿਆਣਾ ਵਿਚ 30 ਸੀਟਾਂ ਦੀ ਮੰਗ ਰੱਖੀ ਸੀ ਪਰ ਭਾਜਪਾ ਨੇ ਸਾਫ਼ ਆਖ ਦਿਤਾ ਸੀ ਕਿ ਤਿੰਨ ਸੀਟਾਂ ਤੋਂ ਵੱਧ ਸੀਟਾਂ ਨਹੀਂ ਦਿਤੀਆਂ ਜਾ ਸਕਦੀਆਂ ਜਿਸ ਤੋਂ ਖ਼ਫ਼ਾ ਹੋ ਕੇ ਬਾਦਲ ਇਨੈਲੋ ਨਾਲ ਮਿਲ ਗਿਆ। ਅਕਾਲੀ ਦਲ ਬਾਦਲ ਦੀ ਆਮ ਸਿੱਖਾਂ ਵਿਚੋਂ ਡਿਗਦੀ ਸਾਖ਼ ਵੇਖਦਿਆਂ ਉਹ ਸਮਝ ਗਏ ਕਿ ਇਸ ਅਕਾਲੀ ਦਲ ਤੋਂ ਹੁਣ ਡਰਨ ਦੀ ਜਾਂ ਸਹਿਯੋਗ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਭਾਜਪਈਆਂ ਨੂੰ ਇਹ ਭਰੋਸਾ ਵੀ ਹੈ ਕਿ ਮੋਦੀ ਦੀ ਚੱਲ ਰਹੀ ਲਹਿਰ ਦਾ ਲਾਭ ਉਨ੍ਹਾਂ ਹੀ ਮਿਲਣਾ ਹੈ।

ਉਹ ਵੀ ਜਾਣਦੇ ਹਨ ਕਿ ਇਸ ਵੇਲੇ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਨ ਵਿਚ ਹਾਰਨ ਦਾ ਖ਼ਤਰਾ ਵੱਧ ਹੈ। ਅੱਜ ਅਕਾਲੀ ਦਲ ਅਤੇ ਆਮ ਸਿੱਖ ਕਈ ਧੜਿਆਂ ਵਿਚ ਵੰਡੇ ਗਏ ਹਨ। ਉਹ ਸੱਭ ਅਪਣਾ-ਅਪਣਾ ਆਦਮੀ ਚੋਣਾਂ ਵਿਚ ਖੜਾ ਕਰਨਗੇ ਤੇ ਵੋਟਾਂ ਵੰਡੀਆਂ ਜਾਣਗੀਆਂ ਜਿਸ ਦਾ ਲਾਭ ਭਾਜਪਾ ਨੂੰ ਹੀ ਮਿਲਣਾ ਹੈ ਕਿਉਂਕਿ ਕਾਂਗਰਸ ਤੋਂ ਵੀ ਸਿੱਖ ਬਹੁਤੇ ਨਾਰਾਜ਼ ਹਨ। ਇਸੇ ਦੌਰਾਨ ਅਕਾਲੀ ਦਲ ਦਾ ਇਕੋ ਇਕ ਜਿਤਿਆ ਹੋਇਆ ਇਕ ਨੇਤਾ ਭਾਜਪਾ ਨੇ ਅਪਣੇ ਵਲ ਕਰ ਲਿਆ।
ਇਹ ਸੱਭ ਵੇਖ ਕੇ ਅਕਾਲੀ ਦਲ ਖ਼ਾਸ ਕਰ ਕੇ ਛੋਟਾ ਬਾਦਲ ਭੜਕ ਪਿਆ ਤੇ ਕਹਿਣ ਲੱਗਾ ਕਿ ਭਾਜਪਾ ਨੇ ਧੋਖਾ ਕੀਤਾ ਹੈ, ਦੋਸਤੀ ਦਾ ਫ਼ਰਜ਼ ਨਹੀਂ ਨਿਭਾਇਆ।

ਉਸ ਨੇ ਵੀ ਭਾਜਪਾ ਦੇ ਇਕ ਨੇਤਾ ਨੂੰ ਅਪਣੇ ਨਾਲ ਮਿਲਾ ਲਿਆ ਤੇ ਐਲਾਨ ਕੀਤਾ ਇਸ ਦਾ ਮਜ਼ਾ ਭਾਜਪਾ ਨੂੰ ਉਨ੍ਹਾਂ ਦੇ ਇਲਾਕੇ ਵਿਚੋਂ ਕੁੱਝ ਸੀਟਾਂ ਉਤੇ ਜਿੱਤ ਹਾਸਲ ਕਰ ਕੇ ਚਖਾਇਆ ਜਾਏਗਾ। ਭਾਜਪਾ ਤੇ ਅਕਾਲੀ ਦਲ ਦਾ ਪਾੜਾ ਹੋਰ ਵਧਣਾ ਸ਼ੁਰੂ ਹੋ ਗਿਆ। ਹੁਣ ਅਕਾਲੀ ਦਲ ਨੇ ਖੁੱਲ੍ਹ ਕੇ ਭਾਜਪਾ ਵਿਰੁਧ ਬੋਲਣਾ ਸੁਰੂ ਕਰ ਦਿਤਾ ਪਰ ਭਾਜਪਾ ਅਜੇ ਚੁੱਪ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਦਾ ਬਦਲਾ ਭਾਜਪਾ ਉਦੋਂ ਲਵੇਗੀ ਜਦੋਂ ਪੰਜਾਬ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ। ਛੋਟਾ ਬਾਦਲ ਬੌਖ਼ਲਾਇਆ ਹੋਇਆ ਹੈ ਪਰ ਵੱਡਾ ਬਾਦਲ ਹਾਲੇ ਬਿਲਕੁਲ ਚੁੱਪ ਹੈ।
ਸੰਪਰਕ : 092102-35435 ਪ੍ਰੇਮ ਸਿੰਘ ਪਾਰਸ