ਗਲਾਸੀ ਜੰਕਸ਼ਨ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ ਮੌਕੇ ਦਾ ਫ਼ਾਇਦਾ ਉਠਾ ਕੇ ਪੁਛਿਆ, ''ਚਾਚਾ ਜੀਤੂ ! ਆਖ਼ਰ ਦੁੱਖ ਕਿਹੜੇ ਨੇ, ਜਿਨ੍ਹਾਂ ਦਾ ਜ਼ਹਿਰ ਗਲਾਸਾਂ ਵਿਚ ਘੋਲ-ਘੋਲ ਕੇ ਪੀ ਜਾਨਾ ਏਂ? ਇਹ ਹੰਝੂ ਤੇਰੀ ਕਿਹੜੀ ...

Amin Malik


ਮੈਂ ਮੌਕੇ ਦਾ ਫ਼ਾਇਦਾ ਉਠਾ ਕੇ ਪੁਛਿਆ, ''ਚਾਚਾ ਜੀਤੂ ! ਆਖ਼ਰ ਦੁੱਖ ਕਿਹੜੇ ਨੇ, ਜਿਨ੍ਹਾਂ ਦਾ ਜ਼ਹਿਰ ਗਲਾਸਾਂ ਵਿਚ ਘੋਲ-ਘੋਲ ਕੇ ਪੀ ਜਾਨਾ ਏਂ? ਇਹ ਹੰਝੂ ਤੇਰੀ ਕਿਹੜੀ ਗ਼ਲਤੀ ਦੀ ਸਜ਼ਾ ਨੇ?'' ਮੈਨੂੰ ਪਤਾ ਹੀ ਨਾ ਲੱਗਾ ਕਿ ਉਸ ਬੇ-ਗੁਨਾਹ ਨੂੰ ਮੈਂ ਕਿੱਡਾ ਗ਼ਲਤ ਸਵਾਲ ਕਰ ਦਿਤਾ ਹੈ। ਉਹਨੇ ਅਪਣੀਆਂ ਦੋਵੇਂ ਕੂਹਣੀਆਂ ਮੇਜ਼ ਉਪਰ ਟਿਕਾ ਕੇ ਠੋਡੀ ਨੂੰ ਹੱਥਾਂ ਦੀ ਬੁਕ ਵਿਚ ਰੱਖ ਲਿਆ ਤੇ ਇਕ ਪੱਥਰ ਜਿਹਾ ਬਣ ਕੇ ਨੀਵੀਂ ਪਾ ਲਈ।

ਇਕ, ਦੋ, ਤਿੰਨ, ਚਾਰ, ਲਗਾਤਾਰ ਅਥਰੂ ਟਿੱਪ-ਟਿੱਪ ਕਰ ਕੇ ਮੇਜ਼ ਉਪਰ ਡਿੱਗੇ ਤਾਂ ਮੈਂ ਬੇ-ਇਖ਼ਤਿਆਰ ਉਸ ਚਾਚੇ ਨੂੰ ਪੁੱਤਰ ਬਣਾ ਕੇ ਅਪਣੇ ਸੀਨੇ ਨਾਲ ਲਾ ਲਿਆ। ਮੇਰੇ ਪਾਠਕ ਤਾਂ ਜਾਣਦੇ ਹੀ ਹਨ ਕਿ ਮੈਂ ਕਿਸੇ ਵੀ ਹੰਝੂ ਦੀ ਗਰਮੀ ਨਾਲ ਮੋਮ ਵਾਂਗ ਪਿਘਲ ਜਾਂਦਾ ਹਾਂ। ਮੈਂ ਤਾਂ ਕਹਾਣੀ ਦੇ ਪਾਤਰ ਨੂੰ ਵੀ ਅਪਣੀ ਕਲਪਨਾ ਵਿਚ ਗਲ ਲਾ ਕੇ ਕਈ ਵਾਰ ਰੋਇਆ ਹਾਂ।

ਸਰਦਾਰ ਜਤਿੰਦਰ ਸਿੰਘ ਮਲ੍ਹੀ ਤਾਂ ਮੇਰੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਮਿੱਟੀ ਦਾ ਮੋਤੀ ਸੀ ਜਿਹੜਾ ਬੇਵਫ਼ਾ ਮਿੱਟੀ ਦੀਆਂ ਰਾਹਵਾਂ ਵਿਚ ਡਿੱਗ ਕੇ ਹਰ ਰੋਜ਼ ਪਲੀਤ ਪੈਰਾਂ ਥੱਲੇ ਆਉਂਦਾ ਸੀ। ਜਦ ਉਸ ਨੇ ਰੱਜ ਕੇ ਰੋ ਲਿਆ ਤਾਂ ਖ਼ੂਬਸੂਰਤ ਅੱਖਾਂ ਵਾਲਾ ਕੱਚ ਦਾ ਬਣਿਆ ਸ਼ਾਇਰ ਆਖਣ ਲੱਗਾ, ''ਤੂੰ ਹੀ ਦਸ ਦੋਸਤਾ, ਮੇਰੇ ਪੁੱਤ ਨੇ ਮੇਰੀ ਪਰੰਪਰਾ ਤੇ ਧਰਮ ਨੂੰ ਅੱਗ ਲਾ ਕੇ ਇਕ ਮੁਸਲਮਾਨ ਕੁੜੀ ਨਾਲ ਵਿਆਹ ਕਰਨ ਲਈ ਕੇਸ ਕਿਉਂ ਮੁਨਾ ਦਿਤੇ? ਮੇਰੀ ਤੀਵੀਂ ਨੇ ਮੈਨੂੰ ਛੱਡ ਕੇ ਪੁੱਤ ਦਾ ਸਾਥ ਕਿਉਂ ਦਿਤਾ? ਮੈਂ ਤਾਂ ਅਪਣੇ ਪਿਉ ਨਾਲ ਕਦੀ ਬਗ਼ਾਵਤਾਂ ਨਹੀਂ ਸਨ ਕੀਤੀਆਂ। ਅੱਜ ਮੇਰੀ ਦਾੜ੍ਹੀ ਤੇ ਮੇਰੀ ਪੱਗ ਦਾ ਕੀ ਮੁਲ ਪਿਆ ਹੈ?''

ਮੈਨੂੰ ਪਤਾ ਸੀ ਮੇਰੇ ਸ਼ਹਿਰ ਦਾ ਅਣਖੀ ਸਰਦਾਰ ਅਪਣੇ ਮਾਝੇ ਦੀ ਰੀਤ ਨੂੰ ਚਕਨਾਚੂਰ ਹੁੰਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਉਲੰਘਣਾ ਹੁੰਦੀ ਵੇਖ ਕੇ ਟੁੱਟ ਭੱਜ ਗਿਆ ਹੈ। ਪਰ ਮੈਂ ਉਸ ਟੁੱਟੇ ਹੋਏ ਬਾਵੇ ਦੀਆਂ ਚਿਪਰਾਂ ਇਕੱਠੀਆਂ ਕਰਦੇ ਹੋਏ ਆਖਿਆ, ''ਜਤਿੰਦਰ ਜੀ, ਤੁਸੀ ਤਾਂ ਸ਼ਾਇਰ ਓ, ਮੁੰਡੇ ਨੇ ਮੁਸਲਮਾਨਾਂ ਦੀ ਕੁੜੀ ਦੇ ਮੂੰਹ ਉਪਰ ਲਿਖੀ ਹੋਈ ਬਾਣੀ, ਆਇਤ ਤੇ ਸ਼ਲੋਕ ਵਰਗੀ ਸ਼ੈ ਵੇਖ ਕੇ ਉਸੇ ਮੂੰਹ ਨੂੰ ਹੀ ਮਜ਼੍ਹਬ ਮਿੱਥ ਕੇ ਅਪਣੀ ਸ਼ਕਲ ਧਾਰ ਲਈ ਹੈ ਤਾਂ ਤੂੰ ਅਪਣੇ ਦਿਲ ਨੂੰ  ਮੋਕਲਾ ਕਿਉਂ ਨਹੀਂ ਕਰ ਲੈਂਦਾ?''

ਜਤਿੰਦਰ ਨੇ ਕੁੱਝ ਚਿਰ ਮੇਰੇ ਵਲ ਘੂਰੀ ਵੱਟ ਕੇ ਵੇਖਿਆ, ਇਕ ਲੰਮਾ ਜਿਹਾ ਸਾਹ ਲਿਆ ਤੇ ਆਖਣ ਲੱਗਾ, ''ਲੈ ਬਈ ਮਿਤਰਾ! ਜੇ ਦਿਲ ਨੂੰ ਮੋਕਲਾ ਕਰਨ ਦੀ ਗੱਲ ਕਰ ਹੀ ਦਿਤੀ ਊ ਤਾਂ ਮੈਨੂੰ ਐਨਾ ਦਸ ਕਿ ਬਾਬਰੀ ਮਸਜਦ ਢਾਹ ਕੇ ਰਾਮ ਮੰਦਰ ਨੂੰ ਕਬੂਲ ਕਰਨ ਲਈ ਤੂੰ ਅਪਣਾ ਦਿਲ ਮੋਕਲਾ ਕਿਉਂ ਨਹੀਂ ਕਰਦਾ? ਪੂਜਾ ਤਾਂ ਰਾਮ ਮੰਦਰ ਵਿਚ ਵੀ ਰੱਬ ਦੀ ਹੀ ਹੁੰਦੀ ਹੈ?'' ਜਤਿੰਦਰ ਸ਼ਾਇਰ ਵੀ ਸੀ ਤੇ ਸ਼ਰਾਬ ਵੀ ਪੀਤੀ ਹੋਈ ਸੀ। ਸ਼ਰਾਬ ਵਿਚੋਂ ਨਿਕਲੀ ਸ਼ਾਇਰੀ ਹੋਰ ਵੀ ਛੁਰੀ ਬਣ ਜਾਂਦੀ ਹੈ। ਮੈਂ ਤਾਂ ਉਸ ਦੇ ਜ਼ਖ਼ਮਾਂ 'ਤੇ ਮਲ੍ਹਮ ਰੱਖਣ ਲਈ ਮੋਟੀ ਜਹੀ ਅਕਲ ਵਰਤੀ ਸੀ, ਪਰ ਉਸ ਨੇ ਇਕੋ ਹੀ ਗੱਲ ਕਰ ਕੇ ਮੇਰੀਆਂ ਨਾਸਾਂ ਭੰਨ ਦਿਤੀਆਂ।

ਅਜੇ ਕੁੱਝ ਆਖਣ ਹੀ ਲੱਗਾ ਸਾਂ ਕਿ ਜਤਿੰਦਰ ਨੇ ਆਖਿਆ, ''ਤੂੰ ਹੀ ਦਸ ਦੋਸਤਾ, ਕਿਥੇ-ਕਿਥੇ ਦਿਲ ਮੋਕਲਾ ਕਰਾਂ? ਨਿੱਕਰ ਪਾ ਕੇ ਫਿਰਦੀ ਜਵਾਨ ਧੀ ਨੂੰ ਜੈਕਸਨ ਨਾਲ...'' ਅੱਗੋਂ ਕੁੱਝ ਆਖਣ ਹੀ ਲੱਗਾ ਸੀ ਕਿ ਬਲਕਾਰ ਸਿੰਘ ਨੇ ਦਾਬਾ ਮਾਰ ਕੇ ਆਖਿਆ, ''ਓਏ ਸ਼ਰਮ ਕਰ ਜੀਤੂ  ਅਪਣਾ ਢਿੱਡ ਆਪ ਹੀ ਨੰਗਾ ਨਾ ਕਰ।'' ਜੀਤੂ ਨੇ ਇਕ ਵੇਰਾਂ ਫਿਰ ਖ਼ਾਲੀ ਗਲਾਸ ਨੂੰ ਠਾਹ ਕਰ ਕੇ ਮੇਜ਼ ਉਪਰ ਮਾਰਿਆ ਤੇ ਕੁੜਤੇ ਉਤਲੇ ਦੋਵੇਂ ਬੀੜੇ ਖੋਲ੍ਹ ਕੇ ਆਖਣ ਲੱਗਾ, ''ਲਉ ਜੀ! ਅਖੇ ਢਿੱਡ ਨੰਗਾ ਨਾ ਕਰ। ਓਏ ਜਿਸ ਢਿੱਡ ਨੇ ਸਾਨੂੰ ਇਥੇ ਲਿਆ ਕੇ ਪੂਰਾ ਹੀ ਨੰਗਾ ਕਰ ਦਿਤਾ ਹੈ, ਉਸ ਨੂੰ ਨੰਗਾ ਕਿਉਂ ਨਾ ਕਰਾਂ? ਓਏ ਬਲਕਾਰਿਆ! ਤੂੰ ਐਸੇ ਹੀ ਢਿੱਡ ਲਈ ਇਥੇ ਆਇਆ ਸੈਂ ਨਾ? ਸਾਲਾ  ਢਿੱਡ ਦਾ ਨਾ ਹੋਵੇ ਤਾਂ।''

ਸਰਦਾਰ ਬਲਕਾਰ ਸਿੰਘ ਨੇ ਮੈਨੂੰ ਡਕਿਆ ਕਿ ''ਹੁਣ ਉਸ ਦੇ ਗਲਾਸ ਵਿਚ ਹੋਰ ਵਿਸਕੀ ਨਾ ਪਾਵੀਂ, ਇਸ ਨੂੰ ਮੈਂ ਘਰ ਵੀ ਲੈ ਕੇ ਜਾਣਾ ਹੈ।'' ਮੈਂ ਸਰਦਾਰ ਬਲਕਾਰ ਦੀ ਮੰਨ ਲਈ ਤੇ ਖ਼ੂਬਸੂਰਤ ਅੱਖਾਂ ਵਾਲੇ ਗੋਰੇ ਚਿੱਟੇ ਜਤਿੰਦਰ ਸਿੰਘ ਨੇ ਕਹਿਕਹਾ ਮਾਰ ਕੇ ਮੈਨੂੰ ਵੰਗਾਰਿਆ। ਆਖਣ ਲੱਗਾ, ''ਓਏ ਦੋਸਤਾ! ਬਲਕਾਰੇ ਦੀ ਮੰਨ ਕੇ ਅਪਣੇ ਸ਼ਹਿਰ ਨੂੰ ਲਾਜ ਲਾ ਦਿਤੀ ਊ, ਓਏ ਡਰ ਗਿਆ ਏਂ ਅੰਬਰਸਰੀਆ?'' ਮੈਂ ਉਸ ਦੇ ਗਲਾਸ ਵਿਚ ਬੋਤਲ ਖ਼ਾਲੀ ਕਰ ਦਿਤੀ ਤੇ ਉਹ ਗੁੜ੍ਹਕਣ ਲੱਗ ਪਿਆ। ਅੱਗ ਹੋਰ ਮਚੀ ਤਾਂ ਆਖਣ ਲੱਗਾ, ''ਅਮੀਨ ਜੀ, ਇਸ ਬਲਕਾਰੇ ਨੂੰ ਪੁੱਛੋ ਮੇਰੀ ਬੀਵੀ ਮੇਰੇ ਨਾਲ ਪੰਜਾਬ ਕਿਉਂ ਨਹੀਂ ਪਰਤ ਜਾਂਦੀ?''

ਉਸ ਦੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਤੇ ਬਲਕਾਰ ਨੇ ਜੀਤੂ  ਦੀ ਬਾਂਹ ਨੂੰ ਹਲੂਣ ਕੇ ਆਖਿਆ, ''ਓਏ ਸਾਲਿਆ ਉਹ ਤੇਰੇ ਨਾਲ ਕਿਥੇ ਜਾਵੇ, ਨਾ ਭੋਇੰ-ਨਾ ਭਾਂਡਾ, ਨਾ ਥਾਂ-ਨਾ ਥਿੱਥਾ ਤੇ ਨਾ ਘਰ-ਨਾ ਕੁੱਲਾ।'' ਜੀਤੂ  ਨੇ ਬਲਕਾਰ ਦੇ ਅਧੋਰਾਣੇ ਜਹੇ ਕੋਟ ਦਾ ਕਾਲਰ ਖਿੱਚ ਕੇ ਆਖਿਆ, ''ਓਏ ਬਲਕਾਰ ਸਿੰਹਾਂ, ਜਦੋਂ ਇਹ ਸੱਭ ਕੁੱਝ ਹੈਗਾ ਸੀ, ਉਸ ਵੇਲੇ ਟੀਨਾ ਨੂੰ ਤੋਹ ਕਿਉਂ ਲੜੇ ਸਨ? ਚਲ ਮੈਨੂੰ ਛੱਡ, ਤੂੰ ਅਪਣੀ ਸਵਾਣੀ ਬਾਰੇ ਕੀ ਆਖੇਂਗਾ?'' ਬਲਕਾਰ ਸਿੰਘ ਨੂੰ ਸਹੇ ਦੀ ਛੱਡ ਕੇ ਪਹੇ ਦੀ ਪੈ ਗਈ। ਉਹ ਗੱਲ 'ਤੇ ਮਿੱਟੀ ਪਾਣ ਲਈ ਜੀਤੂ  ਨੂੰ ਗੱਲੀਂ ਲਾਣ ਲੱਗ ਪਿਆ।

ਜੀਤੂ  ਬੜੇ ਜ਼ੋਰ ਨਾਲ ਹਸਿਆ ਤੇ ਆਖਣ ਲੱਗਾ, ''ਓਏ ਬਲਕਾਰਿਆ ਤੂੰ ਤਾਂ ਆਪ ਵੀ ਡੰਗਿਆ ਹੋਇਆ ਏਂ, ਤੂੰ ਕਾਹਨੂੰ ਮੇਰਾ ਮਾਂਦਰੀ ਬਣਿਆ ਫਿਰਨੈਂ? ਹੁਣ ਕਾਹਦੇ ਪੜਦੇ ਤੇ ਕਾਹਦਾ ਲੁਕਾਅ। ਹੁਣ ਤਾਂ ਅਸੀ ਐਵੇਂ ਗੰਜੇ ਸਿਰ ਨੂੰ ਪੱਗ ਨਾਲ ਢੱਕ ਕੇ ਕੇਸਾਂ ਦੀ ਇੱਜ਼ਤ ਬਣਾਈ ਫਿਰਦੇ ਆਂ। ਹੁਣ ਛਿੱਕਾ ਤਾਂ ਟੁੱਟ ਹੀ ਗਿਆ ਹੈ, ਖਾਣ ਦਿਉ ਜੋ ਬਿੱਲੀ ਖਾਂਦੀ ਏ।''

ਰੱਬ ਜਾਣੇ ਜਤਿੰਦਰ ਕਿਹੜੀ ਗੱਲ ਖੋਲ੍ਹਣ ਲੱਗਾ ਸੀ ਕਿ ਰਾਤ ਦੇ ਗਿਆਰਾਂ ਵਜੇ ਵਾਲੀ ਘੰਟੀ ਵਜ ਗਈ। ਗਲਾਸੀ ਜੰਕਸ਼ਨ ਨੂੰ ਖ਼ਾਲੀ ਕਰਨ ਦਾ ਫ਼ੁਰਮਾਨ ਜਾਰੀ ਹੋ ਗਿਆ। ਜਤਿੰਦਰ ਸਿੰਘ ਨੇ ਸ਼ਰਟ ਦੇ ਸਾਰੇ ਬੀੜੇ ਬੰਦ ਕੀਤੇ, ਪੱਗ ਸਵਾਰੀ ਤੇ ਆਖਣ ਲੱਗਾ, ''ਅਮੀਨ ਜੀ, ਹੁਣ ਤਾਂ ਇੱਜ਼ਤ ਦੀ ਕਾੜ੍ਹਨੀ 'ਚੋਂ  ਸਣੇ ਮਲਾਈ ਸਾਰਾ ਕੁੱਝ ਰੁੜ੍ਹ-ਪੁੜ ਗਿਆ ਏ। ਐਵੇਂ ਲੋਕਾਚਾਰੀ ਝੂਠ ਦਾ ਚੱਪਣ ਦੇ ਕੇ ਢਕਦੇ ਫਿਰਦੇ ਹਾਂ।''

ਲੋਕਾਂ ਦੀ ਭੀੜ ਵਿਚ ਗੱਲਾਂ ਕਰਦੇ, ਡਿਗਦੇ ਢਹਿੰਦੇ ਅਸੀ ਬੂਹੇ ਤੋਂ ਬਾਹਰ ਨਿਕਲ ਆਏ। ਵਿਛੜਨ ਲਗਿਆਂ ਸਰਦਾਰ ਜਤਿੰਦਰ ਸਿੰਘ ਮਲ੍ਹੀ ਨੇ ਮੇਰੇ ਹੱਥ ਨੂੰ ਦੋਹਾਂ ਹੱਥਾਂ ਵਿਚ ਲੈ ਕੇ ਐਡੀ ਨਿੱਘ ਨਾਲ ਘੁਟਿਆ ਕਿ ਮੇਰੇ ਜਜ਼ਬਾਤ ਦੀਆਂ ਧਾਹਾਂ ਨਿਕਲ ਗਈਆਂ। ਉਸ ਨੇ ਫਿਰ ਅੱਖਾਂ ਦਾ ਖੂਹ ਜੋ ਲਿਆ ਤੇ ਨਾਲ ਹੀ ਮੇਰੀ ਠੋਡੀ ਨੂੰ ਹੱਥ ਲਾ ਕੇ ਆਖਣ ਲੱਗਾ, ''ਵੇਖ ਅਮੀਨ ਮਲਿਕ, ਤੂੰ ਮੇਰੇ ਸ਼ਹਿਰ ਦੀ ਮਿੱਟੀ ਤੇ ਮੇਰੇ ਟੁੱਟੇ ਹੋਏ ਆਲ੍ਹਣੇ ਦਾ ਤੀਲਾ ਏਂ। ਜੇ ਜ਼ਿੰਦਗੀ ਨੇ ਵਿਹਲ ਦਿਤੀ ਤਾਂ ਕਦੀ ਫਿਰ ਵੀ ਆ ਕੇ ਮੇਰੇ ਖਪਾਣਿਆਂ ਵਿਚ ਭਿਆਲੀ ਜ਼ਰੂਰ ਪਾਵੀਂ।''ਫਿਰ ਹੌਲੀ-ਹੌਲੀ ਸਾਡੇ ਹੱਥਾਂ ਦੀ ਕਰੂੰਗੜੀ ਛੁਟਦੀ ਗਈ ਤੇ ਅਸੀ ਦੋਵੇਂ.........। (ਸਮਾਪਤ )

-43 ਆਕਲੈਂਡ ਰੋਡ, 
ਲੰਡਨ-ਈ 15-2ਏਐਨ,  
ਫ਼ੋਨ : 0208-519 21 39