ਗੁਰਮਤਿ ਸੰਗੀਤ ਵਿਚ ਤੰਤੀ ਸਾਜ਼ਾਂ ਦਾ ਇਤਿਹਾਸ : ਰਬਾਬ (1)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ।

Bhai Mardana g with Rabab

ਗੁਰਮਤਿ ਸੰਗੀਤ ਵਿਚ ਤੰਤੀ ਸਾਜ਼ਾਂ ਦੀ ਵਿਸ਼ੇਸ਼ ਮਹਤੱਤਾ ਹੈ। ਤੰਤੀ ਸਾਜ਼ਾਂ ਦੀ ਵਰਤੋਂ ਗੁਰਬਾਣੀ ਨੂੰ ਰੂਹਾਨੀ ਸੰਗੀਤ ਵਿਚ ਬਦਲਣ ਦੀ ਸਮਰੱਥਾ ਰੱਖਦੀ ਹੈ ਤੇ ਅਧਿਆਤਮਕਤਾ ਦੀ ਉੱਚੀ  ਬਰਫਾਨੀ  ਚੋਟੀ ਤੰਤੀ ਸਾਜ਼ਾਂ ਦੀਆਂ ਸੰਗੀਤਕ ਧੁਨਾਂ ਨਾਲ ਪਿਘਲ ਤੁਰਦੀ ਸੀ। ਰਾਗ ਤੇ ਗੁਰਬਾਣੀ ਦਾ ਮੇਲ ਮਨੁੱਖ ਨੂੰ ਧਿਆਨ ਦੀ ਅਵਸਥਾ ਤੱਕ ਪਹੁੰਚਾਉਂਦਾ ਹੈ । ਸੋ ਸਿੱਖ ਧਰਮ ਵਿਚ ਗੁਰਮਤਿ ਸੰਗੀਤ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਵਿਚ ਹੀ ਪ੍ਰਭੂ ਦੀ ਸਿਫਤ ਸਲਾਹ ਭਾਵ ਕੀਰਤਨ ਕਰਨ ਦੀ ਹਾਮੀ ਭਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਮੁੱਚੀ ਬਾਣੀ (ਜਪੁਜੀ ਸਾਹਿਬ ਨੂੰ ਛੱਡ ਕੇ) ਰਾਗ-ਬੱਧ ਹੈ।  ਗੁਰਬਾਣੀ ਦੇ ਸੰਦੇਸ਼ ਨੂੰ ਜਨ ਸਧਾਰਨ ਤੱਕ ਪੁੱਜਦਾ ਕਰਨ ਲਈ ਕੀਰਤਨ ਦੀ ਵਿਧੀ ਅਪਣਾਈ ਗਈ। ਕੀਰਤਨ ਦੀ ਸੰਗਤ ਲਈ ਮੁੱਖ ਤੌਰ ‘ਤੇ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਪਖਾਵਜ, ਮ੍ਰਿਦੰਗ, ਤਬਲਾ ਅਤੇ ਢੋਲਕ ਆਦਿ ਸਾਜ਼ਾਂ ਦੀ ਵਰਤੋਂ ਮੁੱਢ ਤੋਂ ਹੁੰਦੀ ਜਾ ਰਹੀ ਹੈ। ਇਹਨਾਂ ਵਿਚੋਂ ਜ਼ਿਆਦਾਤਰ ਸਾਜ਼ ਤਾਰਾਂ ਵਾਲੇ ਹੋਣ ਕਰਕੇ ਇਹਨਾਂ ਨੂੰ ਤੰਤੀ ਸਾਜ਼ ਦਾ ਨਾਂ ਦਿੱਤਾ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ।

ਰਬਾਬ ਕੀ ਹੈ?

ਰਬਾਬ ਪੁਰਾਤਨ ਸਮੇਂ ਦਾ ਇਕ ਤੰਤੀ ਸਾਜ਼ ਹੈ। ਇਹ ਸੰਗੀਤ ਦੇ ਪ੍ਰਮੁੱਖ ਸਾਜ਼ਾਂ ਵਿਚੋਂ ਇਕ ਹੈ। ਭਾਰਤ ਵਿਚ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਸੰਗੀਤ ਲਈ ਰਬਾਬ ਨੂੰ ਪਹਿਲ ਦਿੱਤੀ ਸੀ। ਗੁਰੂ ਸਾਹਿਬ ਨੇ ਇਸ ਸਾਜ਼ ਨੂੰ ਰਬਾਬ ਦਾ ਨਾਂ ਦਿਤਾ। ਰਬਾਬ ਸ਼ਬਦ ਰਬ+ਆਬ ਦਾ ਸੰਗ੍ਰਹਿ ਹੈ। ਰੱਬ ਦਾ ਭਾਵ ਹੈ ਪਰਮਾਤਮਾ ਅਤੇ ਆਬ ਦਾ ਭਾਵ ਹੈ ਪਾਣੀ ਜਾਂ ਜਲ। ਸੋ ਰਬਾਬ ਉਹ ਸਾਜ਼ ਹੈ, ਜਿਸ ਨੂੰ ਗੁਰਬਾਣੀ ਸ਼ਬਦ ਗਾਉਣ ਸਮੇਂ ਵਜਾਉਣ ਨਾਲ ਰੱਬੀ ਸੰਗੀਤ ਦੀ ਜਲਧਾਰਾ ਵਹਿ ਤੁਰਦੀ ਹੈ। ਰਬਾਬ ਸ਼ਬਦ ਦਾ ਪ੍ਰਯੋਗ ਗੁਰਬਾਣੀ ਵਿਚ ਕਈ ਥਾਂਵਾ ‘ਤੇ ਕੀਤਾ ਗਿਆ। 

ਰਬਾਬ ਦੀ ਬਣਤਰ

ਰਬਾਬ ਬਣਾਉਣ ਲਈ ਤੂਤ, ਸੰਦਲ, ਕਿੱਕਰ ਜਾਂ ਟਾਹਲੀ ਦੀ ਵਰਤੋਂ ਕੀਤੀ ਜਾਂਦੀ ਹੈ। ਰਬਾਬ ਦੀਆਂ ਤਾਰਾਂ ਲਈ ਬੱਕਰੀ ਦੀਆਂ ਆਂਦਰਾ (ਨਾੜੀਆਂ), ਲੋਹੇ ਜਾਂ ਨਾਈਲੋਨ ਦਾ ਉਪਯੋਗ ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਕ ਵਾਰ ਅੰਦਰ ਰਬਾਬ ਦੀ ਬਣਤਰ ਦਰਸਾਈ ਹੈ:

ਚੰਗਾ ਰੁਖੁ ਵਡਾਇ ਰਬਾਬੁ ਘੜਾਇਆ।

ਛੇਲੀ ਹੋਇ ਕੁਹਾਇ ਮਾਸੁ ਵੰਡਾਇਆ। 

ਆਂਦ੍ਰਹੁ ਤਾਰ ਬਣਾਇ ਚੰਮ ਮੜ੍ਹਾਇਆ। 

ਸਾਧ ਸੰਗਤਿ ਵਿਚ ਆਇ ਨਾਦੁ ਵਜਾਇਆ। 

ਰਾਗ ਰੰਗ ਉਪਜਾਇ ਸਬਦੁ ਸੁਣਾਇਆ।

ਸਤਿਗੁਰ ਪੁਰਖੁ ਧਿਆਇ ਸਹਿਜ ਸਮਾਇਆ। (ਵਾਰ 14, ਪਉੜੀ 15)

ਅਨਾਹਦ ਬਾਣੀ ਲਈ ਰਬਾਬ

ਇਹ ਸਾਜ਼ ਗੁਰੂ ਨਾਨਕ ਦੇਵ ਜੀ ਨੇ ਪ੍ਰਸਿੱਧ ਰਬਾਬੀ ਭਾਈ ਫਿਰੰਦਾ ਜੀ ਕੋਲੋਂ ਖਾਸ ਤਰੀਕੇ ਨਾਲ ਬਣਵਾ ਕੇ ਭਾਈ ਮਰਦਾਨੇ ਨੂੰ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਅੰਦਰ ਬਗਦਾਦ ਅੰਦਰ ਗੁਰੂ ਨਾਨਕ ਦੇਵ ਜੀ ਵੱਲੋਂ ਇਲਾਹੀ ਬਾਣੀ ਕੀਰਤਨ ਸਮੇਂ ਭਾਈ ਮਰਦਾਨਾ ਜੀ ਵੱਲੋਂ ਰਬਾਬ ਵਜਾਉਣ ਦਾ ਨਕਸ਼ਾ ਇੰਝ ਖਿੱਚਿਆ ਹੈ:

ਫਿਰ ਬਾਬਾ ਗਿਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।

ਇਕ ਬਾਬਾ ਅਕਾਲੁ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1, ਪਉੜੀ 35)

ਗੁਰੂ ਘਰ ਦੇ ਰਬਾਬੀ

ਭਾਈ ਮਰਦਾਨੇ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਸਜਾਦਾ ਜੀ ਵੀ ਰਬਾਬ ਵਜਾਉਣ ਵਿਚ ਨਿਪੁੰਨ ਹੋ ਗਏ। ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਗੁਰੂ ਦਾ ਦਾਸ ਬਣ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਭਾਈ ਸਜਾਦਾ ਦੇ ਪੁੱਤਰ ਭਾਈ ਬਾਦੂ ਜੀ ਅਤੇ ਭਾਈ ਸਾਦੂ ਜੀ (ਭਾਈ ਮਰਦਾਨੇ ਦਾ ਪੋਤਰਿਆਂ) ‘ਤੇ ਵੀ ਅਜਿਹਾ ਰੰਗ ਚੜ੍ਹਿਆ ਕਿ ਉਹ ਵੀ ਰਬਾਬੀ ਬਣ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦੇ ਰਹੇ।

ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਕੀਰਤਨ ਦਾ ਕੇਂਦਰ ਸਥਾਪਤ ਕੀਤਾ। ਉਹਨਾਂ ਦੇ ਸਮੇਂ ਭਾਈ ਬਾਦੂ, ਭਾਈ ਸਾਦੂ ਅਤੇ ਭਾਈ ਪਾਂਧਾ ਦਰਬਾਰ ਵਿਚ ਕੀਰਤਨ ਕਰਦੇ ਸਨ। ਇਸਤੋਂ ਬਾਅਦ ਇਸੇ ਤਰ੍ਹਾਂ ਕਈ ਰਬਾਬੀ ਗੁਰੂ ਸਾਹਿਬਾਨਾਂ ਦੇ ਦਰਬਾਰਾਂ ਵਿਚ ਸੇਵਾਵਾਂ ਨਿਭਾਉਂਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਰਬਾਬੀਆਂ ਦਾ ਮੁਹੱਲਾ ਸਥਾਪਤ ਕੀਤਾ। ਭਾਈ ਨੰਦ ਲਾਲ ਗੋਇਆ ਨੂੰ ਮੁਹੱਲ਼ੇ ਦਾ ਮੁਖੀ ਥਾਪਿਆ ਅਤੇ ਭਾਈ ਦੌਲਤ ਅਲੀ ਉਹਨਾਂ ਦੇ ਕੰਮ ‘ਚ ਚੰਗਾ ਹੱਥ ਵਟਾਉਂਦੇ ਰਹੇ।

ਗੁਰੂ ਨਾਨਕ ਦੇਵ ਤੋਂ ਸ਼ੁਰੂ ਹੋਈ ਇਸ ਕੀਰਤਨ ਪਰੰਪਰਾ ਨੂੰ ਸਾਰੇ ਗੁਰੂ ਸਾਹਿਬਾਨ ਨੇ ਕਾਇਮ ਹੀ ਨਹੀਂ ਰੱਖਿਆ, ਬਲਕਿ ਇਸ ਦਾ ਵਿਸਥਾਰ ਵੀ ਕੀਤਾ। ਬਾਣੀ ਵਿਚ ਰਾਗਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਇਸ ਤਰ੍ਹਾਂ ਲਿਖਿਆ ਗਿਆ ਹੈ:

ਸਭਨਾਂ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ।।

ਰਾਗੁ ਨਾਦੁ ਸਭ ਸਚੁ ਹੈ ਕੀਮਤਿ ਕਹੀ ਨ ਜਾਇ।।

ਸਮੇਂ ਦੇ ਨਾਲ ਨਾਲ ਰਬਾਬ ਦੇ ਦੋ ਨਵੇਂ ਰੂਪ ਸਾਹਮਣੇ ਆਏ, ਜਿਨ੍ਹਾਂ ਨੂੰ ਸੁਰ ਸ਼ਿੰਗਾਰ ਅਤੇ ਸਰੋਦ ਦਾ ਨਾਂ ਦਿੱਤਾ ਗਿਆ। ਅਫਸੋਸ ਦੀ ਗੱਲ ਹੈ ਕਿ ਵਰਤਮਾਨ ਸਮੇਂ ਵਿਚ ਰਬਾਬੀ ਕੀਰਤਨੀਆਂ ਦੀ ਪਰੰਪਰਾ ਨੂੰ ਖੋਰਾ ਲੱਗਾ ਹੈ, ਪਰ ਕੁਝ ਸਮਾਂ ਪਹਿਲਾਂ ਗੁਣੀਜਨਾਂ ਦੀ ਬੇਨਤੀ ’ਤੇ ਸ਼੍ਰੀ ਹਰਿਮੰਦਰ ਸਾਹਿਬ ਵਿਚ ਰਾਗੀ ਜਥਿਆਂ ਦੇ ਨਾਲ ਤੰਤੀ ਸਾਜ਼ ਬਝਾਉਣ ਵਾਲਿਆਂ ਦੀ ਵੀ ਸੇਵਾ ਲਾਉਣੀ ਸ਼ੁਰੂ ਕੀਤੀ ਗਈ।