ਦਿਵਾਲੀ ਮੁਬਾਰਕ ਉਨ੍ਹਾਂ ਨੂੰ ਜੋ ਖੁਦ ਦੀਵੇ ਬਣ ਚਾਨਣ ਕਰਦੇ ਨੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਿਵਾਲੀ ਤੋਂ ਪਹਿਲਾਂ ਦੁਸਹਿਰਾ ਮਨਾਇਆ ਗਿਆ, ਹੁਣ ਦਿਵਾਲੀ ਅਤੇ ਫਿਰ ਇਸ ਤੋਂ ਹਫ਼ਤਾ ਬਾਅਦ ਛੱਠ ਪੁਜਾ ਮਨਾਈ ਜਾਵੇਗੀ।

Diwali

ਇਸ ਰੁੱਤ ਦੇ ਤਿਉਹਾਰਾਂ ਦੀ ਆਮਦ ਹੋ ਚੁੱਕੀ ਹੈ। ਦਿਵਾਲੀ ਤੋਂ ਪਹਿਲਾਂ ਦੁਸਹਿਰਾ ਮਨਾਇਆ ਗਿਆ, ਹੁਣ ਦਿਵਾਲੀ ਅਤੇ ਫਿਰ ਇਸ ਤੋਂ ਹਫ਼ਤਾ ਬਾਅਦ ਛੱਠ ਪੁਜਾ ਮਨਾਈ ਜਾਵੇਗੀ। ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਲਈ ਸਾਡੇ ਭਰੀਆਂ ਜੇਬਾਂ ਵਾਲੇ ਲੋਕ ਤਾਂ ਪੱਬਾਂ ਭਾਰ ਹੋ ਜਾਂਦੇ ਹਨ ਪਰ ਸਾਡੇ ਸਮਾਜ ਦੇ ਅਤਿ ਗ਼ਰੀਬ ਲੋਕਾਂ ਦੇ ਬੱਚੇ ਇਨ੍ਹਾਂ ਦੀਆਂ ਰੌਣਕਾਂ ਨੂੰ ਤਰਸਦੇ ਰਹਿੰਦੇ ਹਨ ਜਾਂ ਕਈ ਤੰਗੀ ਫੰਗੀ ਨਾਲ ਵੀ ਮਨਾਉਂਦੇ ਹਨ। ਸਾਡੇ ਲੋਕਾਂ ਦੀ ਇਸੇ ਰੀਸੋ ਰੀਸੀ ਕਰ ਕੇ ਹੀ ਹੁਣ ਨਕਲੀ ਮਠਿਆਈਆਂ ਅਤੇ ਪਟਾਕੇ ਬਣਾਉਣ ਵਾਲੇ ਸੌਦਾਗਰ ਵੀ ਉਤਸ਼ਾਹਿਤ ਹੋਏ ਫਿਰਦੇ ਹਨ।

ਬੇਸ਼ੱਕ ਹਰ ਸਾਲ ਹੀ ਦੁਸਹਿਰੇ ਮੌਕੇ ਦਿਵਾਲੀ ਦੇ ਨੇੜੇ ਆ ਕੇ ਮਠਿਆਈਆਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਸਮੇਤ ਪਟਾਕਿਆਂ ਪ੍ਰਤੀ ਵੀ ਸਰਕਾਰੀ ਹਦਾਇਤਾਂ ਜਾਰੀ ਹੁੰਦੀਆਂ ਹਨ ਪਰ ਫਿਰ ਵੀ ਇਹ ਹੇਰਾਫੇਰੀ ਪੂਰਨ ਤੌਰ ਤੇ ਰੁਕ ਨਹੀਂ ਰਹੀ ਕਿਉਂਕਿ ਮਿਲਾਵਟਖ਼ੋਰਾਂ ਦੇ ਸੈਂਪਲ ਭਰਨ ਦੀਆਂ ਖ਼ਬਰਾਂ ਤਾਂ ਜਨਤਕ ਹੁੰਦੀਆਂ ਹਨ ਪਰ ਉਨ੍ਹਾਂ ਉੱਤੇ ਕੀ ਕਾਰਵਾਈ ਹੋਈ, ਇਹ ਸੱਭ ਪਰਦੇ ਵਿਚ ਹੀ ਰਖਿਆ ਜਾਂਦਾ ਹੈ। ਇਹ ਪਰਦਾ ਸ਼ਾਇਦ ਇਸ ਲਈ ਹੋਵੇ ਕਿ ਦੋਸ਼ੀਆਂ ਨੂੰ ਸਹੀ ਸਜ਼ਾ ਨਹੀਂ ਮਿਲਦੀ ਕਿਉਂਕਿ ਹੋਰ ਕਈ ਸਬੂਤਾਂ ਤੋਂ ਇਲਾਵਾ ਤਾਜ਼ਾ ਪ੍ਰਮਾਣ ਸ਼ਾਹੀ ਸ਼ਹਿਰ ਪਟਿਆਲਾ ਦੇ ਨੇੜੇ ਕਸਬਾ ਦੇਵੀਗੜ੍ਹ ਦਾ ਹੈ ਜਿਥੇ ਇਕ ਤਕੜਾ ਮਠਿਆਈ ਵਪਾਰੀ ਵੱਡੀ ਹੇਰਾਫੇਰੀ ਦੇ ਦੋਸ਼ ਵਿਚ ਦੋ ਵਾਰ ਫੜਿਆ ਗਿਆ ਸੀ ਪਰ ਹੁਣ ਦਿਵਾਲੀ ਦੇ ਨੇੜੇ ਉਹ ਫਿਰ ਅਪਣਾ ਉਹੀ ਵਪਾਰ ਚਲਾਉਂਦੇ ਵੇਖਿਆ ਗਿਆ ਹੈ। ਉਹ ਜ਼ਮਾਨਤ 'ਤੇ ਆਇਆ ਦਸਿਆ ਜਾਂਦਾ ਹੈ ਅਤੇ ਜੋ ਹੁਣ ਦਿਵਾਲੀ ਮੌਕੇ ਅਪਣੀ ਪਹਿਲਾਂ ਤਰ੍ਹਾਂ ਹੀ ਕਮਾਈ ਕਰ ਕੇ ਸਾਰਾ ਹਿਸਾਬ-ਕਿਤਾਬ ਪੂਰਾ ਕਰ ਲਵੇਗਾ।

ਇਹ ਸਾਰੀ ਪ੍ਰਸ਼ਾਸਨਿਕ ਕੋਤਾਹੀ ਸਾਡੀ ਜਨਤਾ ਦੀ ਗ਼ੈਰ-ਜਾਗਰੂਕਤਾ ਦੇ ਕਾਰਨ ਹੀ ਹੈ ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਪੰਜਾਬ ਦੇ ਬਟਾਲਾ ਸ਼ਹਿਰ ਵਿਖੇ ਪਿਛਲੇ 22 ਸਾਲਾਂ ਤੋਂ ਸੰਘਣੀ ਅਬਾਦੀ ਵਿਚ ਚਲ ਰਹੀ ਇਕ ਗ਼ੈਰ-ਮਾਨਤਾ ਵਾਲੀ ਪਟਾਕਾ ਫ਼ੈਕਟਰੀ ਵਿਚ 5 ਸਤੰਬਰ 2019 ਨੂੰ ਹੋਏ ਦਰਦਨਾਕ ਧਮਾਕੇ ਵਿਚ ਕਾਫ਼ੀ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਸਾਡੀ ਸਰਕਾਰ ਵਲੋਂ ਕੀਤੀ ਕਾਰਵਾਈ ਵਿਚ ਕੁੱਝ ਪੁਲਿਸ ਕਰਮਚਾਰੀ ਅਤੇ ਅਧਿਕਾਰੀਆਂ ਵਿਰੁਧ ਕਾਰਵਾਈ ਕਰ ਕੇ ਅਤੇ ਪੀੜਤਾਂ ਨੂੰ ਮੁਆਵਜ਼ਾ ਐਲਾਨ ਕੇ ਸਾਰ ਦਿਤਾ ਗਿਆ ਪਰ ਏਨੇ ਸਾਲਾਂ ਤੋਂ ਇਹ ਗ਼ਲਤ ਕੰਮ ਹੁੰਦਾ ਰਹਿਣ ਦੇ ਜ਼ਿੰਮੇਵਾਰ ਉੱਚ ਅਧਿਕਾਰੀ ਜਾਂ ਇਲਾਕੇ ਦੇ ਜ਼ਿੰਮੇਵਾਰ ਸਿਆਸੀ ਲੀਡਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਅਜਿਹਾ ਕੁੱਝ ਹੋਰ ਥਾਈਂ ਵੀ ਅੰਦਰਖਾਤੇ ਹੁੰਦਾ ਹੈ ਜੋ ਮਿਲੀਭੁਗਤ ਕਾਰਨ ਉਜਾਗਰ ਨਹੀਂ ਹੁੰਦਾ।

ਦੁਸਿਹਰਾ ਅਤੇ ਦਿਵਾਲੀ ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸ਼ੇਸ਼ ਤਿਉਹਾਰ ਹਨ ਜਿਨ੍ਹਾਂ ਦਾ ਇਤਿਹਾਸ ਵੀ ਰਮਾਇਣ ਗ੍ਰੰਥ ਉਤੇ ਹੀ ਅਧਾਰਤ ਹੈ ਪਰ ਇਨ੍ਹਾਂ ਨੂੰ ਮਨਾਉਂਦੇ ਹਰ ਵਰਗ ਅਤੇ ਹਰ ਧਰਮ ਦੇ ਲੋਕ ਹੀ ਹਨ ਜੋ ਇਕ-ਦੂਜੇ ਨੂੰ ਤੋਹਫ਼ੇ ਆਦਿ ਦੇ ਲੈ ਕੇ ਆਪਸੀ ਖ਼ੁਸ਼ੀਆਂ ਦਾ ਅਦਾਨ-ਪ੍ਰਦਾਨ ਇਕ ਚੰਗੀ ਪ੍ਰੰਪਰਾ ਵਜੋਂ ਕਰਦੇ ਹਨ। ਰਮਾਇਣ ਗ੍ਰੰਥ ਦਾ ਇਤਿਹਾਸ ਦਸਦਾ ਹੈ ਕਿ ਜਿਸ ਦਿਨ ਯੁੱਧ ਵਿਚ ਰਾਮ ਚੰਦਰ ਹੱਥੋਂ ਰਾਵਣ ਮਾਰਿਆ ਗਿਆ ਉਸ ਦਿਨ ਦਸ਼ਮੀ ਸੀ, ਜਿਸ ਤੋਂ ਦੁਸਹਿਰਾ ਸ਼ੁਰੂ ਹੋਇਆ। ਇਵੇਂ ਹੀ ਇਸ ਦਿਨ ਰਾਮ ਚੰਦਰ ਦਾ ਬਨਵਾਸ ਅਜੇ 20 ਦਿਨ ਰਹਿੰਦਾ ਸੀ ਅਤੇ ਉਹ 20 ਦਿਨਾਂ ਬਾਅਦ ਜਦੋਂ ਸੀਤਾ ਅਤੇ ਲਛਮਣ ਸਮੇਤ ਅਯੁੱਧਿਆ ਪਹੁੰਚੇ ਸਨ ਤਾਂ ਪਰਜਾ ਨੇ ਖ਼ੁਸ਼ੀ ਵਜੋਂ ਫੁੱਲੀਆਂ ਵੰਡ ਕੇ ਅਪਣੇ ਘਰਾਂ ਉਪਰ ਦੀਪਮਾਲਾ ਕੀਤੀ ਸੀ। ਇਸੇ ਕਰ ਕੇ ਦੁਸਹਿਰੇ ਤੋਂ 20 ਦਿਨ ਬਾਅਦ ਦਿਵਾਲੀ ਭਾਵ ਦੀਪ-ਵਾਲੀ ਜਾਂ ਦੀਵਿਆਂ ਵਾਲੀ ਮਨਾਉਣ ਦੀ ਪ੍ਰੰਪਰਾ ਸ਼ੁਰੂ ਹੋਈ, ਜੋ ਕੱਤਕ ਮਹੀਨੇ ਵਿਚ ਮੱਸਿਆ ਦੀ ਹਨੇਰੀ ਰਾਤ ਨੂੰ ਆਉਂਦੀ ਹੈ। ਖ਼ੈਰ ਇਹ ਪ੍ਰੰਪਰਾ ਤਾਂ ਚੰਗੀ ਹੈ ਕਿ ਦਿਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕ ਅਪਣੇ ਘਰਾਂ ਦੀ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਆਦਿ ਕਰਦੇ ਹਨ। ਇਵੇਂ ਹੀ ਇਹ ਲੋਕ ਅਪਣੇ ਪੁਰਾਣੇ ਨਾ ਵਰਤਣਯੋਗ ਬਰਤਨਾਂ ਦੀ ਥਾਂ ਵੀ ਨਵੇਂ ਬਰਤਨ ਖ਼ਰੀਦਦੇ ਹਨ ਜੋ ਦਿਵਾਲੀ ਮੌਕੇ ਬਣਾਏ ਜਾਂਦੇ ਸਵੱਛਤਾ ਵਾਲੇ ਵਾਤਾਵਰਣ ਦਾ ਪ੍ਰਤੀਕ ਹੈ। ਇੰਜ ਹੀ ਦਿਵਾਲੀ ਮੌਕੇ ਆਪਸੀ ਰਿਸ਼ਤਿਆਂ ਵਿਚ ਜੋ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਉਹ ਵੀ ਚੰਗੇ ਮੇਲ ਮਿਲਾਪ ਦੀ ਪ੍ਰੰਪਰਾ ਹੈ।

 

ਪਰ ਸਾਡੇ ਤਿਉਹਾਰਾਂ ਦੀ ਚੰਗੀ ਪਰੰਪਰਾ ਵਾਲੇ ਰਿਵਾਜ ਉਦੋਂ ਸਾਡੇ ਸਮਾਜ ਦੀ ਤ੍ਰਾਸਦੀ ਵਿਚ ਬਦਲ ਜਾਂਦੇ ਹਨ ਜਦੋਂ ਅਸੀਂ ਲੋਕ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਵੇਲੇ ਇਨ੍ਹਾਂ ਦੇ ਅਸਲ ਮਕਸਦ ਨੂੰ ਭੁਲਾ ਕੇ ਹੋਸ਼ ਦੀ ਘੱਟ ਪਰ ਜੋਸ਼ ਦੀ ਵੱਧ ਵਰਤੋਂ ਕਰਦੇ ਹਾਂ, ਜਿਸ ਦੇ ਪ੍ਰਤੱਖ ਭੈੜੇ ਪ੍ਰਮਾਣ ਅੱੱਜ ਸਾਡੇ ਸਾਹਮਣੇ ਮੌਜੂਦ ਹਨ, ਜਿਨ੍ਹਾਂ ਨਾਲ ਇਹ ਬੁਰਾਈ ਉਪਰ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਕਹੇ ਜਾਂਦੇ ਸਾਡੇ ਤਿਉਹਾਰ ਨੂੰ ਚੰਗਿਆਈ ਉਪਰ ਬੁਰਾਈ ਦੀ ਜਿੱਤ ਦੇ ਪ੍ਰਤੀਕ ਵਿਚ ਬਦਲ ਜਾਂਦੇ ਹਨ। ਮਿਸਾਲ ਵਜੋਂ ਪਿਛਲੇ ਸਾਲ ਜੋ ਅੰਮ੍ਰਿਤਸਰ ਵਿਖੇ ਰੇਲ ਗੱਡੀ ਦੀਆਂ ਲਾਈਨਾਂ ਨਜ਼ਦੀਕ ਮਨਾਏ ਗਏ ਦੁਸਹਿਰੇ ਮੌਕੇ ਅੰਧ ਵਿਸ਼ਵਾਸ ਵਜੋਂ ਰਾਵਣ ਦੇ ਪੁਤਲੇ ਫੂਕਣ ਵਾਲੇ ਜਸ਼ਨਾਂ ਵਿਚ ਲੋਕ ਮਸਤ ਹੋ ਕੇ ਗੱਡੀ ਦੀ ਲਾਈਨ ਉਪਰ ਭਾਰੀ ਗਿਣਤੀ ਵਿਚ ਇੱਕਠੇ ਹੋ ਗਏ ਜਿਸ ਕਾਰਨ ਰੇਲ ਗੱਡੀ ਲੋਕਾਂ ਉਪਰ ਚੜ੍ਹ ਜਾਣ ਕਾਰਨ ਸੈਂਕੜੇ ਲੋਕ ਮਰ ਗਏ ਅਤੇ ਜ਼ਖ਼ਮੀ ਹੋ ਗਏ।

ਹੁਣ ਸਰਕਾਰਾਂ ਤੋਂ ਲੋਕ ਇਨਸਾਫ਼ ਮੰਗਦੇ ਹਨ ਜਿਸ ਵਜੋਂ ਸਰਕਾਰ ਵਲੋਂ ਬਣਾਈ ਪੜਤਾਲੀਆ ਕਮੇਟੀ ਅਤੇ ਐਲਾਨੇ ਮੁਆਵਜ਼ੇ ਦਾ ਸਿਲਸਿਲਾ ਜਾਰੀ ਹੈ ਪਰ ਇਨ੍ਹਾਂ ਮਨੁੱਖੀ ਜਾਨਾਂ ਦਾ ਅਸਲ ਜ਼ਿੰਮੇਵਾਰ ਸਾਡਾ ਅਪਣਾ ਹੀ ਅੰਧ ਵਿਸ਼ਵਾਸ ਅਤੇ ਲਾਪ੍ਰਵਾਹੀ ਹੈ। ਇਹ ਵੀ ਵੇਖੀਦਾ ਹੈ ਕਿ ਦਿਵਾਲੀ ਵਾਲੀ ਰਾਤ ਕਈ ਲੋਕ ਵੱਡੇ ਮਹਿੰਗੇ ਰੇਸਤਰਾਂ ਵਿਚ ਆਲੀਸ਼ਾਨ ਪਾਰਟੀਆਂ ਅਤੇ ਜਸ਼ਨ ਅੱਧੀ ਰਾਤ ਦੇ ਪਿਛੋਂ ਤਕ ਵੀ ਮਨਾਉਂਦੇ ਹਨ। ਫਿਰ ਫੋਕੇ ਵਿਖਾਵੇ ਵਜੋਂ ਬਹੁਤ ਸਾਰਾ ਖਾਣਾ ਵੀ ਅਣਵਰਤਿਆ ਹੀ ਛੱਡ ਦਿਤਾ ਜਾਂਦਾ ਹੈ। ਜਦਕਿ ਸਾਡੇ ਦੇਸ਼ ਦੇ ਕਰੀਬ 20 ਲੱਖ ਤੋਂ ਵੱਧ ਬੱਚੇ ਰੋਜ਼ਾਨਾ ਭੁੱਖੇ ਪੇਟ ਸੌਂਦੇ ਹਨ। ਇੱਥੇ ਕਰੀਬ 4 ਲੱਖ ਤੋਂ ਵੱਧ ਭਿਖਾਰੀ ਹਨ ਇਹ ਵੀ ਤਾਜ਼ਾ ਅੰਕੜਾ ਹੈ ਕਿ ਵਿਸ਼ਵ ਦੇ 250 ਦੇਸ਼ਾਂ ਵਿਚੋਂ ਭਾਰਤ ਦਾ ਗ਼ਰੀਬੀ ਭੁਖਮਰੀ ਵਿਚ 103ਵਾਂ ਸਥਾਨ ਹੈ। ਇਹ ਵੀ ਸੱਚ ਹੈ ਕਿ ਗ਼ਰੀਬ ਝੁੱਗੀ ਝੋਪੜੀ ਵਾਲਿਆਂ ਦੇ ਬੱਚੇ ਅਮੀਰਾਂ ਵਲੋਂ ਸੁੱਟੇ ਕੁੜੇ ਵਿਚੋਂ ਅਪਣੀ ਰੋਜ਼ੀ-ਰੋਟੀ ਲਭਦੇ ਵੀ ਆਮ ਵੇਖੇ ਜਾਂਦੇ ਹਨ।

ਸਾਡੇ ਸਰਦੇ-ਪੁਜਦੇ ਲੋਕ ਚਾਹੇ ਉਹ ਕਰਮਚਾਰੀ, ਕਾਰੋਬਾਰੀ ਜਾਂ ਰਾਜਨੀਤੀ ਨਾਲ ਜੁੜੇ ਹੋਣ ਇਹ ਸੱਭ ਅਪਣੇ ਤੋਂ ਉੱਚੇ ਰੁਤਬੇ ਨੂੰ ਦਿਵਾਲੀ ਮੌਕੇ ਮਹਿੰਗੇ ਤੋਹਫ਼ੇ ਦੇ ਕੇ ਖ਼ੁਸ਼ ਕਰਨਾ ਪਸੰਦ ਕਰਦੇ ਹਨ ਜਦਕਿ ਕਿਸੇ ਗ਼ਰੀਬ ਨਾਲ ਇਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ, ਜਿਸ ਦੀ ਇਕ ਤਾਜ਼ਾ ਮਿਸਾਲ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਪਾਰ ਮੰਡਲ ਵਲੋਂ ਕੀਤੀ ਇਕ ਮੀਟਿੰਗ ਵਿਚ ਫ਼ੈਕਟਰੀ ਮਾਲਕਾਂ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਛੋਟੇ ਮੁਲਾਜ਼ਮਾਂ/ਦਰਜਾ ਚਾਰ ਮੁਲਾਜ਼ਮਾਂ ਨੂੰ ਇਸ ਦਿਵਾਲੀ ਮੌਕੇ ਕੋਈ ਮਦਦ ਨਹੀਂ ਦਿਤੀ ਜਾਵੇਗੀ ਕਿਉਂਕਿ ਕਾਰੋਬਾਰ ਮੰਦੀ ਦੀ ਹਾਲਤ ਵਿਚ ਹੈ ਪਰ ਇਨ੍ਹਾਂ ਨੂੰ ਉੱਚੇ ਰੁਤਬੇ ਵਾਲਿਆਂ ਨੂੰ ਖ਼ੁਸ਼ ਕਰਨ ਲਗਿਆਂ ਮੰਦੀ ਨਹੀਂ ਦਿਸਦੀ। ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਥਾਈਂ ਲੋਕ ਭਾਰੀ ਗਿਣਤੀ ਵਿਚ ਵੱਡੇ-ਵੱਡੇ ਪਟਾਕੇ ਚਲਾ ਕੇ ਬਹੁਤ ਫ਼ਜ਼ੂਲਖ਼ਰਚੀ ਅਤੇ ਹੱਦੋਂ ਵੱਧ ਆਵਾਜ਼ ਪ੍ਰਦੂਸ਼ਣ ਅਤੇ ਧੂੰਆਂ ਪ੍ਰਦੂਸ਼ਣ ਫੈਲਾਉਂਦੇ ਹੋਏ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਨੌਜਵਾਨ ਲੜਕੇ ਹੋਸ਼ ਭੁਲਾ ਕੇ ਮੁਹੱਲੇ ਵਿਚੋਂ ਲੰਘਦੀਆਂ ਗਲੀਆਂ ਦੇ ਰਸਤੇ ਵਿਚ ਪਟਾਕੇ ਚਲਾਉਂਦੇ ਅਤੇ ਉੱਚੀ ਆਵਾਜ਼ ਵਿਚ ਡੀ.ਜੇ. ਦੇਰ ਰਾਤ ਤਕ ਚਲਾਉਂਦੇ ਹਨ ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਵਲੋਂ ਇਤਰਾਜ਼ ਕਰਨ ਤੇ ਝਗੜੇ ਵੀ ਹੋ ਜਾਂਦੇ ਹਨ।

ਪਿਛਲੇ ਸਾਲ ਇਕ ਝਗੜੇ ਵਿਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਵਲੋਂ ਰਸਤਾ ਮੰਗਣ ਤੇ ਗੁੱਸੇ ਵਿਚ ਆਏ ਪਟਾਕਾ ਚਾਲਕ ਮੁੰਡਿਆਂ ਨੇ ਉਸ ਨੂੰ ਏਨਾ ਕੁੱਟਿਆ ਕਿ ਉਸ ਦੀ ਬਾਅਦ ਵਿਚ ਮੌਤ ਹੋ ਗਈ ਜਿਸ ਨਾਲ ਇਨ੍ਹਾਂ ਪਟਾਕਾ ਚਾਲਕਾਂ ਦੀ ਦਿਵਾਲੀ ਜੇਲ ਵਿਚ ਬਦਲ ਗਈ। ਇਨ੍ਹਾਂ ਬੇਨਿਯਮੀਆਂ ਪ੍ਰਤੀ ਬੇਸ਼ੱਕ ਸਾਡੀ ਉੱਚ ਅਦਾਲਤ ਅਤੇ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਦਾਇਤਾਂ ਵੀ ਜਾਰੀ ਹਨ ਕਿ ਰੇਸਤਰਾਂ ਅੱਧੀ ਰਾਤ ਤਕ ਪਾਰਟੀਆਂ ਲਈ ਖੁਲ੍ਹਣੇ ਨਹੀਂ ਚਾਹੀਦੇ ਅਤੇ ਨਾ ਹੀ ਏਨੀ ਰਾਤ ਤਕ ਉੱਚੀ ਆਵਾਜ਼ ਵਿਚ ਡੀ.ਜੇ. ਅਤੇ ਪਟਾਕੇ ਚਲਣੇ ਚਾਹੀਦੇ ਹਨ ਪਰ ਸਾਡੇ ਲੋਕ ਇਨ੍ਹਾਂ ਹਦਾਇਤਾਂ ਦੀ ਪ੍ਰਵਾਹ ਨਹੀਂ ਕਰਦੇ। ਬੋਰਡ ਦੇ ਅੰਕੜੇ ਇਹ ਵੀ ਕਹਿੰਦੇ ਹਨ ਕਿ ਆਮ ਪਟਾਕਿਆਂ ਵਿਚੋਂ ਕਰੀਬ 95 ਫ਼ੀ ਸਦੀ ਹਵਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਅਤੇ ਅੰਕੜੇ ਇਹ ਵੀ ਹਨ ਕਿ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਪਹਿਲਾਂ ਨਾਲੋਂ ਦੁਗਣੀ ਹੋ ਗਈ ਹੈ। ਅਫ਼ਸੋਸ ਤਾਂ ਇਹ ਹੈ ਕਿ ਜਿਨ੍ਹਾਂ ਸਰਕਾਰਾਂ ਨੇ ਇਹ ਨਿਯਮ ਲਾਗੂ ਕਰਵਾਉਣੇ ਹੁੰਦੇ ਹਨ ਉਨ੍ਹਾਂ ਦੇ ਨੇਤਾ ਖ਼ੁਦ ਹੀ ਪ੍ਰਦੂਸ਼ਣ ਫੈਲਾਉ ਪ੍ਰੋਗਰਾਮਾਂ ਦਾ ਉਦਘਾਟਨ ਕਰਦੇ ਹਨ। ਮਿਸਾਲ ਵਜੋਂ ਇਸ ਸਾਲ ਮਨਾਏ ਗਏ ਦੁਸਹਿਰੇ ਵੇਲੇ ਸਾੜੇ ਗਏ ਰਾਵਣ ਦੇ ਬੁਤਾਂ ਦਾ ਉਦਘਾਟਨ ਵੀ ਸਾਡੇ ਸਿਆਸੀ ਲੀਡਰਾਂ ਨੇ ਕੀਤਾ, ਦਿੱਲੀ ਵਿਚ ਪ੍ਰਧਾਨ ਮੰਤਰੀ ਨੇ ਰਿਮੋਟ ਕੰਟਰੋਲ ਰਾਹੀਂ ਰਾਵਣ ਦੇ ਬੁੱਤ ਨੂੰ ਅੱਗ ਲਗਾਈ ਅਤੇ ਏਸ਼ੀਆ ਦੇ ਅਤਿ ਸੁੰਦਰ ਅਤੇ ਸਾਫ਼-ਸੁਥਰੇ ਸ਼ਹਿਰ ਚੰਡੀਗੜ੍ਹ ਵਿਚ 220 ਫੁੱਟ ਉੱਚਾ ਅਤੇ 30 ਲੱਖ ਰੁਪਏ ਨਾਲ ਬਣਿਆ ਰਾਵਣ ਦਾ ਬੁੱਤ ਸਾੜਨ ਵੇਲੇ ਵੀ ਇਵੇਂ ਹੀ ਹੋਇਆ ਅਤੇ ਇਸ ਤਰ੍ਹਾਂ ਕਿੰਨਾ ਹੀ ਪੈਸਾ ਬਰਬਾਦ ਕਰ ਕੇ ਕਿੰਨਾ ਹੀ ਪ੍ਰਦੂਸ਼ਣ ਫੈਲਾ ਦਿਤਾ ਗਿਆ।

ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਦੀਪਮਾਲਾ ਕਰਨਾ ਤਾਂ ਬਹੁਤ ਪਵਿੱਤਰ ਪ੍ਰੰਪਰਾ ਹੈ ਪਰ ਪਟਾਕੇ ਅਤੇ ਆਤਿਸ਼ਬਾਜ਼ੀ ਇਸ ਮੌਕੇ ਚਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਹਿੱਸੇਦਾਰ ਬਣਨ ਵਾਲਾ ਕੰਮ ਸਾਡੇ ਗੁਰੂ ਸਾਹਿਬਾਨਾਂ ਦੇ ਇਨ੍ਹਾਂ ਮਹਾਨ ਉਪਦੇਸ਼ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ' ਦੇ ਉਲਟ ਹੈ। ਕੁਦਰਤ ਦੀ ਸਵੱਛਤਾ ਲਈ ਸਿਖਿਆ ਦੇਣ ਵਾਲੀ ਬਾਣੀ ਦਾ ਨਿਰਾਦਰ ਸਾਡੀਆਂ ਸਿੱਖ ਬੀਬੀਆਂ ਵੀ ਬਹੁਤ ਕਰਦੀਆਂ ਹਨ ਜੋ ਅੰਧ ਵਿਸ਼ਵਾਸ ਵਸ ਹੋ ਕੇ ਤੇ ਸਿੱਖੀ ਦਾ ਫ਼ਲਸਫ਼ਾ ਅਤੇ ਦਿਵਾਲੀ ਦੇ ਅਸਲ ਇਤਿਹਾਸ ਨੂੰ ਭੁਲਾ ਕੇ ਦਿਵਾਲੀ ਵਾਲੀ ਸ਼ਾਮ ਨੂੰ ਗੁਰਦੁਆਰਿਆਂ ਵਿਚ ਲੱਗੇ ਨਿਸ਼ਾਨ ਸਾਹਿਬ ਦੀ ਸਾਫ਼-ਸੁਥਰੀ ਥਾਂ ਉੱਤੇ ਮੋਮਬਤੀਆਂ ਲਾਉਂਦੀਆਂ ਹਨ ਅਤੇ ਸਾਰੀ ਸਾਫ਼-ਸੁਥਰੀ ਥਾਂ ਨੂੰ ਖ਼ਰਾਬ ਕਰਦੀਆਂ ਹਨ। ਉਪਰੋਕਤ ਸਾਰੇ ਸਿਸਟਮ ਤੋਂ ਇਲਾਵਾ ਇਹ ਵੀ ਜ਼ਰੂਰ ਵੇਖਣ ਨੂੰ ਮਿਲਦਾ ਹੈ ਕਿ ਸਾਡੇ ਕਈ ਸਮਾਜਸੇਵੀ ਅਤੇ ਕੁਦਰਤ ਪ੍ਰੇਮੀ ਅਗਾਂਹਵਧੂ ਸੋਚ ਵਾਲੇ ਜਾਗਰੂਕ ਵਿਅਕਤੀ ਸਾਡੇ ਭਟਕੇ ਹੋਏ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸੀ ਕੰਮਾਂ ਤੋਂ ਵਰਜਦੇ ਵੀ ਹਨ ਅਤੇ ਇੱਥੇ ਇਹ ਵੀ ਸੱਚ ਹੈ ਕਿ ਇਹ ਲੋਕ ਸਹੀ ਰੂਪ ਵਿਚ ਦਿਵਾਲੀ ਮੌਕੇ ਜੋ ਸਾਡੇ ਸਮਾਜ ਵਿਚੋਂ ਭ੍ਰਿਸ਼ਟਾਚਾਰ, ਅੰਧਵਿਸ਼ਵਾਸ ਅਤੇ ਪ੍ਰਦੂਸ਼ਣ ਦੇ ਹਨੇਰੇ ਨੂੰ ਅਪਣੇ ਗਿਆਨ ਅਤੇ ਜਾਗਰੂਕਤਾ ਰੂਪੀ ਦੀਵਿਆਂ ਦੇ ਚਾਨਣ ਨਾਲ ਦੂਰ ਕਰਨ ਦੇ ਉਪਰਾਲੇ ਕਰਦੇ ਹਨ ਉਹੀ ਸਹੀ ਰੂਪ ਵਿਚ ਦਿਵਾਲੀ ਦੀਆਂ ਮੁਬਾਰਕਾਂ ਦੇ ਹੱਕਦਾਰ ਹਨ। ਅੱਜ ਇਨ੍ਹਾਂ ਅਸੂਲਾਂ ਉਤੇ ਸਭਨਾਂ ਲੋਕਾਂ ਨੂੰ ਹੀ ਚੱਲਣ ਦੀ ਸਖ਼ਤ ਜ਼ਰੂਰਤ ਹੈ।

ਦਲਬੀਰ ਸਿੰਘ ਧਾਲੀਵਾਲ
ਸੰਪਰਕ : 99155-21037