ਬਹਿਬਲ ਕਲਾਂ ਇਨਸਾਫ਼ ਮੋਰਚੇ ਦਾ ਵੱਡਾ ਐਲਾਨ, 6 ਅਪ੍ਰੈਲ ਨੂੰ ਹੋਵੇਗਾ ਵੱਡਾ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੁਖਰਾਜ ਸਿੰਘ ਨੇ ਕਿਹਾ ਕਿ 6 ਅਪ੍ਰੈਲ ਵਾਲਾ ਇਕੱਠ ਸਰਕਾਰ ਨੂੰ ਦੱਸੇਗਾ ਕਿ ਪੰਜਾਬ ਦੇ ਲੋਕ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਗੰਭੀਰ ਚਿੰਤਤ ਹਨ।

Behbal Kalan Insaf Morcha

 

ਬਹਿਬਲ ਕਲਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ 31 ਮਾਰਚ ਨੂੰ ਖ਼ਤਮ ਹੋ ਗਿਆ ਹੈ। ਇਸ ਦੇ ਚਲਦਿਆਂ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਆਗੂਆਂ ਨੇ ਸਰਕਾਰ ਖਿਲਾਫ਼ ਵੱਡਾ ਐਲਾਨ ਕਰਦਿਆਂ 6 ਅਪ੍ਰੈਲ ਨੂੰ ਸਿੱਖ ਸੰਗਤਾਂ ਨੂੰ ਵੱਡਾ ਇਕੱਠ ਕਰ ਕੇ ਨੈਸ਼ਨਲ ਹਾਈਵੇ 54 ਮੁਕੰਮਲ ਜਾਮ ਕਰਨ ਦਾ ਸੱਦਾ ਦਿੱਤਾ ਹੈ।

Behbal Kalan Insaf Morcha

ਦਰਅਸਲ ਬੇਅਦਬੀ ਮਾਮਲੇ ਦੇ ਇਨਸਾਫ ਲਈ 110 ਦਿਨ ਬਹਿਬਲ ਕਲਾਂ ਵਿਖੇ ਮੋਰਚਾ ਲਗਾਇਆ ਗਿਆ ਹੈ। ਇਸ ਦੇ ਚਲਦਿਆਂ ਆਗੂਆਂ ਨੇ ਸਰਕਾਰ ਨੂੰ 31 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਇਸ ਦੇ ਬਾਵਜੂਦ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸ ਦੌਰਾਨ ਮੋਰਚੇ ਵਲੋਂ ਸੰਗਤਾਂ ਨੂੰ 6 ਅਪ੍ਰੈਲ ਨੂੰ ਬਹਿਬਲ ਕਲਾਂ ਇਨਸਾਫ ਮੋਰਚੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ 6 ਅਪ੍ਰੈਲ ਨੂੰ ਸੰਗਤਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਇਨਸਾਫ ਲਈ ਸੰਗਤਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਉਲੀਕੇ ਜਾਣਗੇ। ਉਹਨਾਂ ਕਿਹਾ ਕਿ ਸੰਗਤਾਂ ਵਲੋਂ ਅਣਮਿੱਥੇ ਸਮੇਂ ਤੱਕ ਰੋਡ ਜਾਮ ਕੀਤਾ ਜਾਵੇਗਾ।

Behbal Kalan Insaf Morcha

ਗੋਲੀਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਕਿਹਾ ਕਿ 20 ਮਾਰਚ ਨੂੰ ਉਹਨਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਨਸਾਫ ਦੀ ਮੰਗ ਕਰਦਿਆਂ ਇਕ ਰੋਡ ਜਾਮ ਕੀਤਾ ਗਿਆ ਸੀ, ਇਸ ਮਗਰੋਂ ਸਰਕਾਰ ਵਲੋਂ ਭੇਜੇ ਗਏ ਏਡੀਸੀ ਨੇ 11 ਦਿਨ ਦਾ ਸਮਾਂ ਮੰਗਿਆ ਸੀ ਅਤੇ ਸੰਗਤਾਂ ਨੇ 31 ਮਾਰਚ ਦਾ ਸਮਾਂ ਦਿੱਤਾ ਸੀ। ਉਹਨਾਂ ਕਿਹਾ ਕਿ ਸਰਕਾਰ ਇਸ ਵਿਸ਼ੇ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹੈ।

Behbal Kalan Insaf Morcha

ਉਹਨਾਂ ਕਿਹਾ ਕਿ ਨਵੀਂ ਸਰਕਾਰ ਬਣਿਆਂ ਕਰੀਬ 22 ਦਿਨ ਹੋ ਚੁੱਕੇ ਹਨ ਪਰ ਬੇਅਦਬੀਆਂ ਦੇ ਇਨਸਾਫ਼ ਨੂੰ ਲੈ ਕੇ ਇਕ ਵੀ ਬਿਆਨ ਨਾ ਦੇਣਾ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤਾ ਤਾਂ ਕੋਈ ਸੰਜੀਦਗੀ ਵਾਲਾ ਜਵਾਬ ਨਹੀਂ ਆਇਆ। ਸੁਖਰਾਜ ਸਿੰਘ ਨੇ ਕਿਹਾ ਕਿ 6 ਅਪ੍ਰੈਲ ਵਾਲਾ ਇਕੱਠ ਸਰਕਾਰ ਨੂੰ ਦੱਸੇਗਾ ਕਿ ਪੰਜਾਬ ਦੇ ਲੋਕ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਗੰਭੀਰ ਚਿੰਤਤ ਹਨ। ਉਹਨਾਂ ਕਿਹਾ ਕਿ ਹੁਣ ਤਾਂ ਸਰਕਾਰ ਵਿਚ ਪੁਲਿਸ ਦੇ ਜਾਂਚ ਅਫ਼ਸਰ ਵੀ ਸ਼ਾਮਲ ਹਨ, ਇਹਨਾਂ ਲਈ ਇਨਸਾਫ ਦੇਣਾ ਵੱਡੀ ਗੱਲ ਨਹੀਂ।