'ਦੁਨੀਆਂ ਭਰ ਦੇ ਸਿੱਖ ਬਾਬੇ ਨਾਨਕ ਦਾ 550 ਸਾਲਾ ਜਨਮ ਦਿਹਾੜਾ ਨਨਕਾਣਾ ਸਾਹਿਬ ਵਿਖੇ ਮਨਾਉਣ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

2012 'ਚ ਜੋ ਪਿਆਰ 'ਰੋਜ਼ਾਨਾ ਸਪੋਕਸਮੈਨ' ਦੇ ਪਰਵਾਰ ਨੇ ਦਿਤਾ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ : ਭਾਈ ਮੁਹੰਮਦ ਹੁਸੈਨ

Bhai Mohammed Hussain

ਲਾਹੌਰ : ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਥੀ ਭਾਈ ਮਰਦਾਨਾ ਦੀ ਕੁਲ ਵਿਚੋਂ 17ਵੀਂ ਪੀੜ੍ਹੀ ਦੇ ਭਾਈ ਮੁਹੰਮਦ ਹੁਸੈਨ, 18ਵੀਂ ਪੀੜ੍ਹੀ ਦੇ ਭਾਈ ਨਾਇਮ ਤਾਹਿਰ ਲਾਲ ਅਤੇ 19ਵੀਂ ਪੀੜ੍ਹੀ ਦੇ ਭਾਈ ਸਰਫ਼ਾਰਜ਼ ਨੇ ਕਿਹਾ ਹੈ ਕਿ ਦੁਨੀਆਂ ਭਰ ਦੇ ਸਿੱਖ ਸਾਨੂੰ ਬਹੁਤ ਪਿਆਰ ਤੇ ਮਾਣ ਦਿੰਦੇ ਹਨ ਪਰ 2012 ਵਿਚ ਜੋ ਪਿਆਰ ਰੋਜ਼ਾਨਾ ਸਪੋਕਸਮੈਨ ਦੇ ਪਰਵਾਰ ਨੇ ਦਿਤਾ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡੇ ਲਈ ਇਹ ਸੱਭ ਤੋਂ ਵੱਡੇ ਸਨਮਾਨ ਦੀ ਗੱਲ ਸੀ ਕਿ ਸਾਨੂੰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਪ੍ਰਚਾਰਨ ਲਈ ਬਣ ਰਹੇ ਅਸਥਾਨ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਕੀਰਤਨ ਲਈ ਵੀ ਬੁਲਾਇਆ ਗਿਆ ਸੀ। 

ਭਾਈ ਮੁਹੰਮਦ ਹੁਸੈਨ ਨੇ ਕਿਹਾ ਕਿ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ 21 ਕੁਲਾਂ ਤਾਰਨ ਦਾ ਵਰ ਦਿਤਾ ਸੀ, 19 ਪੀੜ੍ਹੀਆਂ ਹੋ ਗਈਆਂ ਹੁਣ ਅਰਦਾਸ ਹੈ ਕਿ ਬਾਬਾ ਬਾਕੀ ਪੀੜ੍ਹੀਆਂ ਨੂੰ ਵੀ ਤਾਰ ਦੇਵੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਖੁਵਾਹਿਸ਼ਾਂ ਬਹੁਤ ਹਨ ਪਰ ਜਦੋਂ ਸਿੱਖ ਪਿਆਰ ਦਿੰਦੇ ਹਨ ਤਾਂ ਸਾਰੀਆਂ ਖੁਵਾਹਿਸ਼ਾਂ ਮੁਕ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਸਾਂਈ ਮੀਆਂ ਮੀਰ ਦੇ ਵੰਸ਼ਜ ਸਾਂਈ ਚਨ ਪੀਰ ਕਾਦਰੀ ਜੀ ਦੇ ਪੁੱਤਰ ਸਾਂਈ ਅਲੀ ਰਜ਼ਾ ਕਾਦਰੀ ਸਾਨੂੰ ਅਪਣੇ ਨਾਲ ਕਈ ਵਾਰ ਸਮਾਗਮਾਂ 'ਤੇ ਲੈ ਜਾਂਦੇ ਹਨ। ਆਰਥਕ ਪੱਖੋਂ ਕਮਜ਼ੋਰ ਇਸ ਪਰਵਾਰ ਦੇ ਮੁਹੰਮਦ ਸਰਫ਼ਾਰਜ਼ ਨੇ ਕਿਹਾ ਕਿ ਅਸੀ ਕਦੀ ਕਿਸੇ ਕੋਲੋਂ ਕੁੱਝ ਨਹੀਂ ਮੰਗਿਆ ਪਰ ਸਾਡੀ ਇਹ ਖੁਵਾਹਿਸ਼ ਹੈ ਕਿ ਦੁਨੀਆਂ ਭਰ ਦੇ ਸਿੱਖ ਬਾਬੇ ਨਾਨਕ ਦਾ 550 ਸਾਲਾ ਜਨਮ ਦਿਹਾੜਾ ਨਨਕਾਣਾ ਸਾਹਿਬ ਮਨਾਉਣ।