‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਅੰਮ੍ਰਿਤਸਰ ਵਿਚ ਦੂਜੀ FIR ਦਰਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

SGPC ਵਲੋਂ ਧਾਰਾ 295-ਏ ਤਹਿਤ ਕਾਰਵਾਈ ਦੀ ਕੀਤੀ ਗਈ ਮੰਗ

2nd FIR against Yaariyan 2 registered in Amritsar

ਅੰਮ੍ਰਿਤਸਰ:  ਗ਼ੈਰ ਕੇਸਾਧਾਰੀ ਅਦਾਕਾਰ ਵਲੋਂ ‘ਕਿਰਪਾਨ’ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿਚ ‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਸਰ ਵਿਚ ਫ਼ਿਲਮ ਦੇ ਅਦਾਕਾਰ ਮੀਜ਼ਾਨ ਜਾਫਰੀ, ਡਾਇਰੈਕਟਰ ਰਾਧੀਕਾ ਰਾਓ ਤੇ ਵਿਨੇ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਧਾਰਾ 295-ਏ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਦਾ ਸੂਰਜੀ ਮਿਸ਼ਨ ਲਾਂਚ ਕਰਨ ਲਈ ਉਲਟੀ ਗਿਣਤੀ ਸ਼ੁਰੂ 

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਐਸ.ਜੀ.ਪੀ.ਸੀ. ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਵੱਖ-ਵੱਖ ਟੀ.ਵੀ. ਚੈਨਲਾਂ ਉਤੇ ਚਲਾਏ ਜਾ ਰਹੇ ਫ਼ਿਲਮ ਯਾਰੀਆਂ-2 ਦੇ ਗੀਤ ‘ਸਹੁਰੇ ਘਰ’ ਵਿਚ ਗ਼ੈਰ ਅੰਮ੍ਰਿਤਧਾਰੀ ਵਿਅਕਤੀ ਵਲੋਂ ਸਿੱਖਾਂ ਦੇ ਧਾਰਮਕ ਕਕਾਰ ਸ੍ਰੀ ਸਾਹਿਬ ਨੂੰ ਧਾਰਨ ਕਰ ਕੇ ਸਿੱਖ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ। ਇਸ ਨਾਲ ਸਿੱਖ ਧਰਮ ਅਤੇ ਦੇਸ਼-ਵਿਦੇਸ਼ ਵਿਚ ਬੈਠੀ ਸੰਗਤ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰ ਵਿਅਕਤੀ ਅਤੇ ਫ਼ਿਲਮ ਦੀ ਟੀਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ‘ਇਕ ਦੇਸ਼, ਇਕ ਚੋਣ’ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਰਕਾਰ ਨੇ ਬਣਾਈ ਕਮੇਟੀ 

ਇਸ ਤੋਂ ਪਹਿਲਾਂ ਬੀਤੇ ਦਿਨ ‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਜਲੰਧਰ ਵਿਚ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੇ ਤਹਿਤ ਅਦਾਕਾਰ ਮੀਜ਼ਾਨ ਜਾਫਰੀ, ਡਾਇਰੈਕਟਰ ਰਾਧੀਕਾ ਰਾਓ ਤੇ ਵਿਨੇ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਧਾਰਾ 295-ਏ ਲਗਾਈ ਗਈ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਫ਼ਿਲਮ ਦੀ ਟੀਮ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ।