'ਦਾਸਤਾਨ-ਏ-ਸਰਹਿੰਦ' ਦੀ ਰਿਲੀਜ਼ ਮੁਲਤਵੀ - ਐੱਸ.ਜੀ.ਪੀ.ਸੀ. ਪ੍ਰਧਾਨ ਵੱਲੋਂ ਵਿਰੋਧ, ਨਿਰਦੇਸ਼ਕ ਨੇ ਕਿਹਾ ਮਨਜ਼ੂਰੀ ਦੇ ਪੁਖ਼ਤਾ ਸਬੂਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਰਦੇਸ਼ਕ ਨਵੀ ਸਿੱਧੂ ਨੇ ਕਹੀ ਐੱਸ.ਜੀ.ਪੀ.ਸੀ. ਦਾ ਕਾਲ਼ਾ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਗੱਲ

Image

 

ਚੰਡੀਗੜ੍ਹ - ਐਨੀਮੇਟਿਡ ਫ਼ਿਲਮ 'ਦਾਸਤਾਨ-ਏ-ਸਰਹਿੰਦ' ਸੰਬੰਧੀ ਵਿਵਾਦ ਵਧਦਾ ਦੇਖ ਫ਼ਿਲਮ ਦੀ ਰਿਲੀਜ਼ ਫ਼ਿਲਹਾਲ ਟਾਲ਼ ਦਿੱਤੀ ਗਈ ਹੈ। ਇਹ ਫ਼ਿਲਮ ਪਹਿਲਾਂ 2 ਦਸੰਬਰ ਨੂੰ ਰੀਲੀਜ਼ ਹੋਣੀ ਸੀ। ਯੂਟਿਊਬ 'ਤੇ ਇਸ ਫ਼ਿਲਮ ਦਾ ਟਰੇਲਰ ਪੈਣ ਤੋਂ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ। 

ਸਿੱਖ ਜੱਥੇਬੰਦੀਆਂ, ਸਿੱਖ ਸਿਆਸਤ, ਸਿੱਖ ਪੱਖ, ਦਲ ਖਾਲਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ ਜੱਥੇਬੰਦੀਆਂ, ਵਾਰਿਸ ਪੰਜਾਬ ਦੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫ਼ਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਸੀ। ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵਿੱਚ ਵੀ ਇਸ ਦੇ ਵਿਰੋਧ 'ਚ ਮਤੇ ਪਾਏ ਗਏ ਸੀ। ਇਸ ਤੋਂ ਇਲਾਵਾ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮਲਟੀਪਲੈਕਸ ਸਿਨੇਮਿਆਂ 'ਚ ਜਾ ਕੇ ਅਤੇ ਸਿਨੇਮਾ ਮਾਲਕਾਂ ਨੂੰ ਲਿਖਤੀ ਪੱਤਰ ਦੇ ਕੇ ਇਹ ਫ਼ਿਲਮ ਨਾ ਲਗਾਉਣ ਬਾਰੇ ਕਿਹਾ ਗਿਆ ਸੀ, ਜਿਸ ਦੇ ਜਵਾਬ ਵਿੱਚ ਕਈ ਸਿਨੇਮਾ ਮਾਲਕਾਂ ਨੇ ਇਸ 'ਤੇ ਹਾਮੀ ਵੀ ਭਰੀ ਸੀ। 

ਵਿਰੋਧ ਦਾ ਮੁੱਖ ਕਾਰਨ ਇਸ ਫ਼ਿਲਮ ਉੱਤੇ ਸਿੱਖ ਸਿਧਾਂਤਾਂ 'ਤੇ ਸੱਟ ਮਾਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਸਿੱਖ ਇਤਿਹਾਸ 'ਤੇ ਆਧਾਰਿਤ ਕਈ ਹੋਰ ਫ਼ਿਲਮਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਚੁੱਕਿਆ ਹੈ। 

ਫ਼ਿਲਮ ਨਾਲ ਵੱਖੋ-ਵੱਖ ਤਰ੍ਹਾਂ ਨਾਲ ਜੁੜੇ ਨਾਮਵਰ ਲੋਕਾਂ ਵੱਲੋਂ ਇਸ ਬਾਰੇ 'ਚ ਫ਼ਿਲਹਾਲ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸਿੱਖ ਸੰਗਤ ਦੇ ਸ਼ੰਕੇ ਦੂਰ ਕਰਕੇ ਫ਼ਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਪਰ, ਇਸ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਤੇ ਫ਼ਿਲਮ ਦੇ ਨਿਰਦੇਸ਼ਕ ਨਵੀ ਸਿੱਧੂ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫ਼ਿਲਮ ਦੀ ਰਿਲੀਜ਼ ਬਾਰੇ ਵਿਰੋਧ ਦਾ ਪ੍ਰਗਟਾਵਾ ਕਰਦੇ ਹੋਏ ਸਪੱਸ਼ਟੀਕਰਨ ਦਿੱਤਾ ਸੀ ਕਿ ਨਾ ਤਾਂ ਉਹ ਇਹ ਫ਼ਿਲਮ ਰਿਲੀਜ਼ ਕੀਤੇ ਜਾਣ ਦੇ ਹੱਕ 'ਚ ਹਨ, ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫ਼ਿਲਮ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਫ਼ਿਲਮ ਦੇ ਨਿਰਮਾਣ ਨਾਲ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ 'ਚ ਲਿਆ ਗਿਆ ਸੀ, ਅਤੇ ਕਮੇਟੀ ਨੇ ਇਸ ਫ਼ਿਲਮ ਨੂੰ ਮਨਜ਼ੂਰੀ ਦਿੱਤੀ ਸੀ। 

ਰਿਲੀਜ਼ ਮੁਲਤਵੀ ਕਰਨ ਤੋਂ ਬਾਅਦ ਫ਼ਿਲਮ ਦੇ ਨਿਰਦੇਸ਼ਕ ਨਵੀ ਸਿੱਧੂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਰੋਹ 'ਚ ਹਨ। ਸਪੋਕਸਮੈਨ ਨਾਲ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਫ਼ਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਮਨਜ਼ੂਰੀ ਬਾਰੇ ਸਾਰੇ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਲ਼ਾ ਸੱਚ ਲੋਕਾਂ ਸਾਹਮਣੇ ਲਿਆਉਣਗੇ, ਅਤੇ ਇਸੇ ਲਈ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਮੁਲਤਵੀ ਕੀਤੀ ਹੈ।