ਤਿਰੰਗੇ ਦੇ ਬਰਾਬਰ ਖ਼ਾਲਸਈ ਨਿਸ਼ਾਨ ਝੁਲਾਉਣਾ ਤਿਰੰਗੇ ਦਾ ਅਪਮਾਨ ਨਹੀਂ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਸ਼ਾਨ ਸਾਹਿਬ ਨੂੰ ਖ਼ਾਲਿਸਤਾਨ ਦਾ ਝੰਡਾ ਪ੍ਰਚਾਰ ਕੇ ਨਫ਼ਰਤ ਪੈਦਾ ਕਰਨ ਦੀ ਕੋਝੀ ਸਾਜ਼ਸ਼

Giani Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ) : ਲਾਲ ਕਿਲ੍ਹੇ ’ਤੇ ਭਾਰਤੀ ਝੰਡੇ ਤਿਰੰਗੇ ਦੇ ਬਰਾਬਰ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਉਣਾ ਤਿਰੰਗੇ ਦਾ ਅਪਮਾਨ ਨਹੀਂ, ਕਿਉਂਕਿ ਸਿੱਖਾਂ ਨੇ ਕਾਂਗਰਸ ਨਾਲ ਮਿਲ ਕੇ ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਇਸੇ ਨਿਸ਼ਾਨ ਸਾਹਿਬ ਦੀ ਅਗਵਾਈ ’ਚ ਲੜਿਆ ਤੇ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਕਾਰਨ ਸੀ ਸ਼੍ਰੋਮਣੀ ਅਕਾਲੀ ਦਲ ਦਾ ਸੰਨ 1931 ਵਿਚ ਅੰਮ੍ਰਿਤਸਰ ਤੋਂ ਕੀਤਾ ਉਹ ਐਲਾਨ, ਜਿਸ ਰਾਹੀਂ ਆਖਿਆ ਗਿਆ ਕਿ ਮੁਲਕ ’ਚ ਆਜ਼ਾਦੀ ਦੀ ਜੰਗ ਜਾਰੀ ਹੈ ਅਤੇ ਖ਼ਾਲਸਾ ਪੰਥ ਇਸ ਦੇਸ਼-ਸੇਵਾ ਦੇ ਮੈਦਾਨ ’ਚ ਵੀ ਕਿਸੇ ਹੋਰ ਕੌਮ ਨਾਲੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ।

ਇਸ ਲਈ ਐਲਾਨ ਕੀਤਾ ਜਾਂਦਾ ਹੈ ਕਿ ਸਿੱਖ ਸੱਜਣ ਜਿਥੇ ਵੀ ਮੁਲਕੀ ਸੇਵਾ ਦਾ ਕੰਮ ਕਰਨ, ਉਥੇ ਹੀ ਖ਼ਾਲਸਈ ਝੰਡੇ ਹੇਠ ਹੀ ਕਰਨ ਤੇ ਕੇਵਲ ਕਾਂਗਰਸ ਦੇ ਝੰਡੇ ਹੇਠ ਨਾ ਕਰਨ। ਅਸਲ ’ਚ ਇਹੀ ਮੁੱਖ ਕਾਰਨ ਹੈ ਜਿਸ ਕਰ ਕੇ ਹੁਣ ਸੰਯੁਕਤ ਕਿਸਾਨ ਮੋਰਚੇ ਦਰਮਿਆਨ ਕਿਸਾਨੀ ਝੰਡੇ ਨਾਲ ਖ਼ਾਲਸਈ ਨਿਸ਼ਾਨ ਸਾਹਿਬ ਵੀ ਝੂਲ ਰਹੇ ਹਨ। 

ਉਕਤ ਸ਼ਬਦਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਇਕ ਪ੍ਰੈਸ ਨੋਟ ’ਚ ਸਾਂਝੇ ਕਰਦਿਆਂ ਸਪੱਸ਼ਟ ਕੀਤਾ ਕਿ ਸੰਸਾਰ ਭਰ ਦੇ ਗੁਰਦਵਾਰਾ ਸਾਹਿਬਾਨ ’ਤੇ ਝੂਲਦੇ ਨਿਸ਼ਾਨ, ਸਰਬੱਤ ਦੇ ਭਲੇ ਦਾ ਉਪਦੇਸ਼ ਦੇਣ ਵਾਲੇ ਉਸ ਗੁਰੂ ਗ੍ਰੰਥ ਸਾਹਿਬ ਦੀ ਸਰਬ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਦੇ ਪ੍ਰਤੀਕ ਹਨ ਜਿਸ ’ਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਬਾਣੀ ਵੀ ਸਮੁੱਚੇ ਹਿੰਦੋਸਤਾਨ ਦੇ ਭਗਤਾਂ ਦੀ ਹੈ ਅਤੇ ਭਾਸ਼ਾ ਵੀ ਹਿੰਦੋਸਤਾਨੀ ਹੈ।

ਇਸ ਲਈ ਮਾਨਵ-ਏਕਤਾ ਅਤੇ ਦੇਸ਼ ਦੀ ਅਖੰਡਤਾ ਦੇ ਪ੍ਰਤੀਕ ਖ਼ਾਲਸਈ ਨਿਸ਼ਾਨ ਸਾਹਿਬ ਨੂੰ ਖ਼ਾਲਿਸਤਾਨ ਦਾ ਝੰਡਾ ਪ੍ਰਚਾਰ ਕੇ ਭਾਰਤੀ ਲੋਕਾਂ ਅੰਦਰ ਸਿੱਖ ਕੌਮ ਪ੍ਰਤੀ ਨਫ਼ਰਤ ਪੈਦਾ ਕਰਨੀ, ਹਕੂਮਤ ਤੇ ਉਸ ਦੀ ਗੋਦੀ ਬੈਠੇ ਮੀਡੀਏ ਦੀ ਇਕ ਗੁਮਰਾਹਕੁਨ ਚਾਲ ਹੀ ਆਖਿਆ ਜਾ ਸਕਦਾ ਹੈ, ਜਿਹੜਾ ਕੇਵਲ ਇਕ ਸੱਤਾਧਾਰੀ ਪਾਰਟੀ ਦਾ ਪਿਛਲੱਗ ਬਣ ਕੇ ਦੇਸ਼ ’ਚ ਲੋਕਰਾਜ ਦੀ ਥਾਂ ਰਾਜਾਸ਼ਾਹੀ ਰਾਸ਼ਟਰਵਾਦ ਦਾ ਪ੍ਰਚਾਰਕ ਬਣ ਗਿਆ ਹੈ। 

ਗਿਆਨੀ ਜਾਚਕ ਨੇ ਆਖਿਆ ਹਕੂਮਤੀ ਜਾਲ ’ਚ ਫਸ ਕੇ ਅਤੇ ਕਿਸਾਨੀ ਆਗੂਆਂ ਦੇ ਫ਼ੈਸਲੇ ਵਿਰੁਧ ਲਾਲ ਕਿਲ੍ਹੇ ’ਚ ਪ੍ਰਗਟਾਏ ਆਪਹੁਦਰੇਪਨ ਦੇ ਉਹ ਸਮਰਥਕ ਨਹੀਂ, ਪਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤਿਰੰਗਾ ਸਮੁੱਚੇ ਭਾਰਤ ਵਾਸੀਆਂ ਦਾ ਗੌਰਵ ਹੈ, ਨਾ ਕਿ ਕੇਵਲ ਮੋਦੀ ਜਾਂ ਉਸ ਦੀ ਅਖੌਤੀ ਭਾਰਤੀ ਜਨਤਾ ਪਾਰਟੀ ਦਾ। ਤਹਾਨੂੰ ਅਮਰੀਕਾ ਦੇ ਨੈਸ਼ਨਲ ਫ਼ਲੈਗ ਬਾਰੇ ਟੈਕਸਾਸ ਸੁਪਰੀਮ ਕੋਰਟ ਵਲੋਂ 1984 ਦੇ ਜੌਹਨਸਨ ਕੇਸ ਸਬੰਧੀ 1989 ਦੇ ਉਸ ਫ਼ੈਸਲੇ ਤੋਂ ਜਾਣੂ ਹੋਣਾ ਚਾਹੀਦਾ ਹੈ ਜਿਸ ਦਾ ਇਕ ਵਾਕ ਸੀ “ਇਹ ਬੁਨਿਆਦੀ ਨੁਕਤਾ ਹੈ ਕਿ ਇਹ ਝੰਡਾ ਉਨ੍ਹਾਂ ਦੀ ਵੀ ਰਖਿਆ ਕਰੇਗਾ, ਜੋ ਇਸ ਪ੍ਰਤੀ ਹਿਕਾਰਤ ਰਖਦੇ ਹਨ।’’

ਸੰਨ 2015 ’ਚ ਕਿਸੇ ਨੇ ਫ਼ੈਸਲੇ ’ਚ ਸ਼ਰੀਕ ਜੱਜ ਐਟੋਨਿਨ ਸਕਾਲੀਆ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਫ਼ੈਸਲਾ ਕਿਵੇਂ ਦੇ ਸਕਦੇ ਸੀ? ਉਸ ਦਾ ਉਤਰ ਸੀ “ਮੇਰਾ ਵਸ ਚਲੇ ਤਾਂ ਮੈਂ ਹਰ ਉਸ ਬੇਵਕੂਫ਼ ਨੂੰ ਜਿਹੜਾ ਝੰਡੇ ਦੀ ਬੇਹੁਰਮਤੀ ਕਰੇ, ਜੇਲ੍ਹ ਵਿਚ ਸੁੱਟ ਦਿਆਂ ਪਰ ਮੈਂ ਕੋਈ ਮਹਾਰਾਜਾ ਨਹੀਂ। ਭਾਵ, ਲੋਕਰਾਜੀ ਨਿਜ਼ਾਮ ’ਚ ਸੰਵਿਧਾਨ ਉੱਚਾ ਹੁੰਦਾ ਹੈ, ਕੋਈ ਜੱਜ ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਹੀਂ।