ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ ਸੋਨੇ ’ਚ ਹੇਰਾਫੇਰੀ ਦਾ ਮਾਮਲਾ: ਡਾ. ਸਮਰਾ ਨੇ ਮਾਮਲਾ ਬੰਦ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚਰਚਾ ਛਿੜ ਪਈ ਹੈ ਕਿ ਆਖ਼ਰ ਕਿਹੜੀਆਂ ਤਾਕਤਾਂ ਹਨ ਜੋ ‘ਅਸਲ ਸੱਚ’ ਹੀ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ?

File Photo

 

ਨਵੀਂ ਦਿੱਲੀ (ਅਮਨਦੀਪ ਸਿੰਘ): ਤਖ਼ਤ ਪਟਨਾ ਸਾਹਿਬ ਵਿਖੇ ਸੋਨਾ ਤੇ ਹੋਰ ਵਸਤਾਂ ਭੇਟ ਕਰਨ ਦੇ ਮਾਮਲੇ ਵਿਚ ਹੋਈ ਅਖੌਤੀ ਹੇਰਾਫੇਰੀ ਦੀ ਪੜਤਾਲ ਲਈ ਬਣੀ ਹਾਈਪਾਵਰ ਕਮੇਟੀ ਵੀ ਸ਼ਸ਼ੋਪੰਜ ਵਿਚ ਪੈ ਗਈ ਹੈ। ਦਰਅਸਲ ਸੋਮਵਾਰ ਨੂੰ ਦਿੱਲੀ ਘੱਟ-ਗਿਣਤੀ ਕਮਿਸ਼ਨ ਵਿਖੇ ਹਾਈਪਾਵਰ ਕਮੇਟੀ ਕੋਲ ਸੋਨਾ ਚੜ੍ਹਾਉਣ ਵਾਲੇ ਡਾ.ਗੁਰਵਿੰਦਰ ਸਿੰਘ ਸਮਰਾ ਨੇ ਪੇਸ਼ ਹੋ ਕੇ ਕਮੇਟੀ ਦੀ ਹੋਂਦ ’ਤੇ ਹੀ ਸਵਾਲੀਆ ਨਿਸ਼ਾਨ ਲਾ ਕੇ ਰੱਖ ਦਿਤਾ ਤੇ ਮਾਮਲਾ ਬੰਦ ਕਰਨ ਦੀ ਮੰਗ ਕਰ ਦਿਤੀ। ਇਸ ਨਾਲ ਸਮੁੱਚਾ ਮਾਮਲਾ ਹੀ ਮਜ਼ਾਕ ਬਣ ਕੇ ਰਹਿ ਗਿਆ ਹੈ।

ਚਰਚਾ ਛਿੜ ਪਈ ਹੈ ਕਿ ਆਖ਼ਰ ਕਿਹੜੀਆਂ ਤਾਕਤਾਂ ਹਨ ਜੋ ‘ਅਸਲ ਸੱਚ’ ਹੀ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ? ਸੂਤਰਾਂ ਨੇ ‘ਸਪੋਕਸਮੈਨ’ ਕੋਲ ਦਾਅਵਾ ਕੀਤਾ ਕਿ ਡਾ.ਸਮਰਾ ਨੇ ਕਮੇਟੀ ਨੂੰ ਕਿਹਾ ਤਖ਼ਤ ਸ੍ਰੀ ਹਰਿੰਮਦਰ ਜੀ, ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਜੋ ਫ਼ੈਸਲਾ ਪਿਛਲੇ ਸਾਲ 11 ਸਤੰਬਰ ਵਿਚ ਸੁਣਾਇਆ ਜਾ ਚੁਕਾ ਹੈ, ਉਹ ਉਨ੍ਹਾਂ ਨੂੰ ਪ੍ਰਵਾਨ ਹੈ, ਉਹ ਅਪਣੇ ਹੱਕ ਵਿਚ ਕੋਈ ਸਬੂਤ ਪੇਸ਼ ਨਹੀਂ ਕਰਨਾ ਚਾਹੁੰਦੇ।

ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ 11 ਸਤੰਬਰ ਨੂੂੰ ਉਦੋਂ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਸੀ ਅਤੇ ਡਾ.ਸਮਰਾ ਵਲੋਂ ਭੇਟਾ ਕੀਤੇ ਗਏ ਸੋਨੇ ਵਿਚ ਅਸਲ ਨਾਲੋਂ ਘੱਟ ਮਾਤਰਾ ਹੋਣ ਬਾਰੇ ਕਿਹਾ ਸੀ। ਸੋਨੇ ਦੀਆਂ ਵਸਤਾਂ ਵਿਚ ਖੋਟ ਨੂੰ ਲੈ ਕੇ ਜਥੇਦਾਰ ਪਟਨਾ ਸਾਹਿਬ ਤੇ ਡਾ.ਸਮਰਾ ਵਲੋਂ ਇਕ ਦੂਜੇ ਵਿਰੁਧ ਲਾਏ ਗਏ ਤਿੱਖੇ ਤੇ ਨਾਜ਼ੁਕ ਦੋਸ਼ਾਂ ਪਿਛੋਂ ਤਖ਼ਤ ਸਾਹਿਬ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਅਵਤਾਰ ਸਿੰਘ ਹਿਤ ਨੇ ਇਕ ਹਾਈਪਾਵਰ ਕਮੇਟੀ ਬਣਾਈ ਸੀ ਜਿਸ ਵਿਚ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ.ਐਸ.ਸੋਢੀ ਚੇਅਰਮੈਨ ਹਨ, ਕਨਵੀਨਰ ਸ.ਚਰਨਜੀਤ ਸਿੰਘ ਅਤੇ ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਸ.ਅਜੀਤਪਾਲ  ਸਿੰਘ ਬਿੰਦਰਾ ਤੇ ਹੋਰ ਮੈਂਬਰ ਵਜੋਂ ਸ਼ਾਮਲ ਹਨ।

ਇਹ ਕਮੇਟੀ ਹੁਣ ਤਕ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਤੇ ਤਖ਼ਤ ਸਾਹਿਬ ਦੇ ਮੀਤ ਗ੍ਰੰਥੀ ਕੋਲੋਂ ਪੁਛਗਿਛ ਕਰ ਚੁਕੀ ਹੈ ਤੇ ਉਨ੍ਹਾਂ ਦਾ ਪੱਖ ਰੀਕਾਰਡ ਕਰ ਚੁਕੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਹਾਈਪਾਵਰ ਕਮੇਟੀ ਨੇ ਡਾ.ਸਮਰਾ ਨੂੰ ਸਪਸ਼ਟ ਕਰ ਦਿਤਾ ਹੈ ਕਿ ਹੁਣ ਤਕ ਜੋ ਸਬੂਤ ਆਦਿ ਪੇਸ਼ ਹੋਏ ਹਨ, ਉਨ੍ਹਾਂ ਦੇ ਆਧਾਰ ’ਤੇ ਰੀਪੋਰਟ ਤਿਆਰ ਕੀਤੀ ਜਾ ਰਹੀ ਹੈ।

 

ਹਾਈ ਪਾਵਰ ਕਮੇਟੀ ਕੋਲ ਪੇਸ਼ ਨਾ ਹੋਣ ’ਤੇ ਡਾ.ਸਮਰਾ ਨੂੰ ਕਮੇਟੀ ਨੇ ਲਿਖੀ ਸੀ ਚਿੱਠੀ

ਯਾਦ ਰਹੇ ਹਾਈ ਪਾਵਰ ਕਮੇਟੀ ਦੇ ਕਨਵੀਨਰ ਸ.ਚਰਨਜੀਤ ਸਿੰਘ ਨੇ ਪਿਛਲੇ ਸਾਲ 15 ਨਵੰਬਰ ਨੂੰ  ਚਿੱਠੀ ਨੰਬਰ ਤਪਸ/3/4630/22 ਰਾਹੀਂ ਡਾ.ਗੁਰਵਿੰਦਰ ਸਿੰਘ ਸਮਰਾ ਨੂੰ ਜਿਥੇ ਕਮੇਟੀ ਸਾਹਮਣੇ 28 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਗਿਆ ਸੀ, ਉਥੇ ਲਿਖਿਆ ਸੀ, ‘ਹਾਈਪਾਵਰ ਕਮੇਟੀ ਦੇ ਮੈਂਬਰਾਂ ਵਿਚ ਵਿਚਾਰ ਵਟਾਂਦਰੇ ਦੌਰਾਨ ਇਹ ਸਿੱਧ ਹੋਇਆ ਕਿ ਤੁਹਾਡੇ ਵਲੋਂ ਗਿਆਨੀ ਰਣਜੀਤ ਸਿੰਘ ਗੌਹਰ ਵਿਰੁਧ ਕੀਤੀ ਗਈ ਸ਼ਿਕਾਇਤ ਦੀ ਅੱਜ ਤਕ ਕੋਈ ਪੁਸ਼ਟੀ ਨਹੀਂ ਹੋਈ। ਆਪ ਜੀ ਨੂੰ ਤਖ਼ਤ ਸਾਹਿਬ ਦੇ ਪੱਤਰ ਨੰਬਰ ਤਪਸ 3/4524 ਮਿਤੀ 01-08-2022 ਵਲੋਂ ਅਪਣਾ ਪੱਖ ਸਬੂਤ ਦੇ ਨਾਲ ਰੱਖਣ ਲਈ ਕਿਹਾ ਗਿਆ ਸੀ। ਜਿਸ ਦੇ ਜਵਾਬ ਵਿਚ ਇਕ ਪੱਤਰ ਮਿਤੀ 12-9-2022 ਨੂੰ ਤੁਹਾਡੇ ਪਾਸੋਂ ਪ੍ਰਾਪਤ ਹੋਇਆ ਕਿ ਤੁਸੀਂ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲੇ ਤੋਂ ਸੰਤੁਸ਼ਟ ਹੋ । ਪਰ ਪੰਜ ਪਿਆਰਿਆਂ ਦਾ ਹੁਕਮਨਾਮਾ ਮਿਤੀ 11-09-2022 ਤੇ ਅੱਗੇ ਦੋਸ਼ ਲਗਾਇਆ ਕਿ ਤੁਹਾਡੇ ਦੁਆਰਾ ਦਾਨ ਕੀਤੇ ਗਏ ਸੋਨੇ ਦੀ ਮਾਤਰਾ ਗ਼ਲਤ ਮਿਲੀ ਹੈ। ਇਸ ਲਈ ਆਪ ਜੀ ਨੂੰ ਉਪਰੋਕਤ ਸਮੱਗਰੀ ਨੂੰ ਠੀਕ ਕਰਨ ਦਾ ਅੰਤਮ ਮੌਕਾ ਦਿਤਾ ਜਾਂਦਾ ਹੈ, ਤਾਂ ਜੋ ਤੁਹਾਡੇ ਦੁਆਰਾ ਕੀਤੇ ਗਏ ਦਾਨ ਨੂੰ ਸਾਬਤ ਕੀਤਾ ਜਾ ਸਕੇ।’

ਅਕਾਲ ਤਖ਼ਤ ਨੇ ਕੀ ਕਿਹਾ ਸੀ

ਪਿਛਲੇ ਸਾਲ 6 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਣਜੀਤ ਸਿੰਘ ਗੌਹਰ ਦੀ ਜਥੇਦਾਰ ਵਜੋਂ ਸੇਵਾਵਾਂ ’ਤੇ ਰੋਕ ਲਾ ਦਿਤੀ ਸੀ ਅਤੇ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਸੀ। ਉਦੋਂ ਜਥੇਦਾਰ ਨੇ ਸੋਨੇ ਮਾਮਲੇ ਵਿਚ ਹਾਈਪਾਵਰ ਕਮੇਟੀ ਨੂੰ ਪੜਤਾਲ ਜਾਰੀ ਰੱਖ ਕੇ ਰੀਪੋਰਟ ਛੇਤੀ ਦੇਣ ਦੀ ਤਾਕੀਦ ਕੀਤੀ ਸੀ। ਨਾਟਕੀ ਢੰਗ ਨਾਲ ਸੋਮਵਾਰ ਨੂੰ ਡਾ.ਸਮਰਾ ਨੇ ਕਮੇਟੀ ਨੂੰ ਹੀ ਮਾਮਲਾ ਬੰਦ ਕਰਨ ਦੀ ਮੰਗ ਕਰ ਦਿਤੀ ਹੈ ਜਦ ਕਿ ਸਮੁੱਚੇ ਮਾਮਲੇ ਨਾਲ ਦੁਨੀਆਂ ਪੱਧਰ ’ਤੇ ਸਿੱਖਾਂ ਵਿਚ ਤਖ਼ਤ ਪਟਨਾ ਸਾਹਿਬ ਤੇ ਜਥੇਦਾਰਾਂ ਦੇ ਫ਼ੈਸਲਿਆਂ, ਚੜ੍ਹਾਵੇ ਨੂੰ ਲੈ ਕੇ ਮਾੜਾ ਪ੍ਰਭਾਵ ਪਿਆ ਹੈ।