ਏਜੀਪੀਸੀ ਨੇ ਇਤਿਹਾਸਕ ਦਰਸ਼ਨੀ ਡਿਉਢੀ ਢਾਹੁਣ ਦੀ ਕੀਤੀ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨੀ ਸਰਕਾਰ ਨੂੰ ਪਾਕਿ ਗੁਰਦਵਾਰਾ ਸਾਹਿਬ ਤੋਂ ਕਾਰ ਸੇਵਾ 'ਤੇ ਰੋਕ ਲਗਾਉਣ ਲਈ ਕਿਹਾ

Darshani Deori

ਅੰਮ੍ਰਿਤਸਰ : ਅਮਰੀਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤਰਨ-ਤਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਪੁਰਾਤਨ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਗੋਇੰਦਵਾਲ ਸਥਿਤ ਸੰਪਰਦਾ ਡੇਰਾ ਬਾਬਾ ਜੀਵਨ ਸਿੰਘ ਦੇ ਮੁਖੀ ਬਾਬਾ ਜਗਤਾਰ ਸਿੰਘ ਦੇ ਸੇਵਾਦਾਰਾਂ ਦੁਆਰਾ ਢਾਹੁਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਹੀ ਮੰਦਭਾਗਾ ਕਾਰਾ ਦਸਿਆ। ਉਨ੍ਹਾਂ ਕਿਹਾ ਕਿ ਬਾਬਾ ਜਗਤਾਰ ਦੇ ਸੇਵਾਦਾਰਾਂ ਵਲੋਂ ਕੀਤੀ ਇਸ ਕਾਰਵਾਈ ਨਾਲ ਸਮੂਹ ਸਿੱਖ ਜਗਤ 'ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ।

ਇਸ ਮੌਕੇ ਜਾਰੀ ਪ੍ਰੈਸ ਬਿਆਨ 'ਚ ਏਜੀਪੀਸੀ ਦੇ ਕਨਵੀਨਰ ਸ. ਪ੍ਰਿਤਪਾਲ ਸਿੰਘ, ਜੋ ਕਿ ਸਿੱਖ ਸੰਸਥਾ ਦੇ ਅੰਤਰਰਾਸ਼ਟਰੀ ਸਲਾਹਕਾਰ ਕਮੇਟੀ ਦੇ ਮੈਂਬਰ ਹਨ, ਨੇ ਇਸ ਸਬੰਧੀ ਸਖ਼ਤ ਕਦਮ ਚੁਕਣ ਦੀ ਗੱਲ ਕਰਦਿਆਂ ਗੁਆਂਢੀ ਦੇਸ਼ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਾਬਾ ਜਗਤਾਰ ਸਿੰਘ ਵਲੋਂ ਕੀਤੀ ਜਾ ਰਹੀ ਕਾਰ ਸੇਵਾ ਦੇ ਸਮੂਹ ਕਾਰਜਾਂ 'ਤੇ ਪਾਬੰਦੀ ਲਗਾਏ। ਉਨ੍ਹਾਂ ਕਿਹਾ ਕਿ ਸਿੱਖ ਗੁਰਦਵਾਰੇ ਸੁਰੱਖਿਅਤ ਹੱਥਾਂ 'ਚ ਨਹੀਂ ਹਨ ਅਤੇ ਇਹ ਬਾਬੇ ਦੀ ਬਹੁਤ ਹੀ ਨਿੰਦਾਯੋਗ ਕਾਰਵਾਈ ਹੈ ਜੋ ਕਿਸੇ ਸਾਜ਼ਸ਼ ਅਨੁਸਾਰ ਇਤਿਹਾਸਕ ਡਿਉਢੀ ਨੂੰ ਤੋੜਿਆ ਗਿਆ ਹੈ ਅਤੇ ਇਸ ਕਾਰਵਾਈ 'ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਸ਼ਾਮਲ ਹਨ।

ਅਮਰੀਕੀ ਆਗੂ ਨੇ ਕਿਹਾ ਕਿ 'ਨਾਨਕਸ਼ਾਹੀ' ਇੱਟਾਂ ਨਾਲ ਬਣੀ ਇਹ 'ਦਰਸ਼ਨੀ ਡਿਉਢੀ' 100 ਸਾਲ ਪੁਰਾਣੀ ਸੀ ਅਤੇ ਇਹ ਛੇਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਨੂੰ ਸਮਰਪਿਤ ਗੁਰਦੁਆਰੇ ਦੇ ਵਿਰਾਸਤੀ ਢਾਂਚੇ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕੰਮ ਨੂੰ ਪਹਿਲਾਂ ਰੋਕਿਆ ਸੀ ਤਾਂ ਕਿਉਂ ਇਸ ਦੇ ਦੁਬਾਰਾ ਵੱਡੇ ਹਿੱਸੇ ਨੂੰ ਢਾਹ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਗੁਰਦਵਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ ਅਤੇ ਕਿਸੇ ਮਾਹਰਾਂ ਦੁਆਰਾ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਜਾਵੇ ਨਾ ਕਿ ਅਜਿਹੇ ਸਿੱਖਾਂ ਨੂੰ ਮੋਹਰੀ ਲਗਾਇਆ ਜਾਵੇ ਜਿਸ ਨੂੰ ਇਤਿਹਾਸ ਅਤੇ ਪੁਰਾਤਨ ਇਮਾਰਤਾਂ ਦੀ ਮਹੱਤਤਾ ਦਾ ਗਿਆਨ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਬਾ ਜਗਤਾਰ ਸਿੰਘ ਦੁਆਰਾ ਕੀਤੇ ਗਏ ਸਾਰੇ ਕੰਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਪਾਕਿਸਤਾਨ 'ਚ ਮੁਰੰਮਤ ਦਾ ਕੰਮ ਵੀ ਕੀਤਾ ਹੈ।