ਇਤਿਹਾਸਕ ਡਿਉਢੀ ਢਾਹੁਣ ਦੀ ਪ੍ਰੋ. ਬਡੂੰਗਰ ਨੇ ਕੀਤੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਮਾਮਲੇ ਦੀ ਪੜਤਾਲ ਕਰ ਕੇ ਜ਼ੁੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਕੀਤੀ ਜਾਵੇ

Pic-4

ਭਵਾਨੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਦਵਾਰਾ ਸਾਹਿਬ ਸ੍ਰੀ ਤਰਨਤਾਰਨ ਦੀ ਇਤਿਹਾਸਕ ਡਿਉਢੀ ਨੂੰ ਕਾਰ ਸੇਵਾ ਵਾਲਿਆਂ ਵਲੋਂ ਢਾਹੁਣ ਦੀ ਕਾਰਵਾਈ ਦੀ ਤਿੱਖੀ ਆਲੋਚਨਾ ਕਰਦਿਆਂ ਇਸ ਮਾਮਲੇ ਦੀ ਪੜਤਾਲ ਕਰਨ ਦੀ ਮੰਗ ਕੀਤੀ।

ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਰਸ਼ਨੀ ਡਿਉਢੀ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਮਤਾ ਪਾਇਆ ਗਿਆ ਸੀ, ਉਸ ਮਤੇ ਉਤੇ ਰੋਕ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਰੋਕ ਲੱਗੀ ਹੋਣ ਦੇ ਬਾਵਜੂਦ ਵੀ ਜੇਕਰ ਕਾਰ ਸੇਵਾ ਵਾਲਿਆਂ ਨੇ ਇਸ ਇਤਿਹਾਸਕ ਡਿਉਢੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਹੈ ਤਾਂ ਇਸ ਦੀ ਪੜਤਾਲ ਕਰ ਕੇ ਜ਼ੁੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਇਤਿਹਾਸਕ ਇਮਾਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ। ਇਸ ਮੌਕੇ ਸਾਬਕਾ ਕਮੇਟੀ ਮੈਂਬਰ ਜੋਗਾ ਸਿੰਘ ਫੱਗੂਵਾਲਾ, ਹਰਵਿੰਦਰ ਸਿੰਘ ਕਾਕੜਾ ਅਤੇ ਨਛੱਤਰ ਸਿੰਘ ਬਾਲਦ ਹਾਜ਼ਰ ਸਨ।