ਬਟਾਲਾ ਸ਼ਹਿਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਅਰੰਭ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

4 ਸਤੰਬਰ ਸ਼ਾਮ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਵਿਖੇ ਪਹੁੰਚੇਗਾ ਬਰਾਤ ਰੂਪੀ ਨਗਰ ਕੀਰਤਨ

Gurudwara Sri Ber Sahib, Sultanpur Lodhi

ਬਟਾਲਾ : ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ 5 ਸਤੰਬਰ ਨੂੰ ਬਟਾਲਾ ਸ਼ਹਿਰ ਦੀਆਂ ਸਮੂਹ ਸੰਗਤਾਂ ਵਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਿਆਹ ਪੁਰਬ ਮੌਕੇ ਦੁਨੀਆਂ ਭਰ ’ਚੋਂ ਨਾਨਕ ਨਾਮ ਲੇਵਾ ਸੰਗਤਾਂ ਬਟਾਲਾ ਸ਼ਹਿਰ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਬਟਾਲਾ ਵਾਸੀਆਂ ਵਲੋਂ ਸਮੂਹ ਸੰਗਤ ਨੂੰ ਖੁਸ਼ਾਮਦੀਦ ਕਿਹਾ ਜਾ ਰਿਹਾ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਜੀ ਨਾਲ ਸੰਨ 1487 ਨੂੰ ਹੋਇਆ ਸੀ। ਬਟਾਲਾ ਸ਼ਹਿਰ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਮਾਤਾ ਸੁਲੱਖਣੀ ਜੀ ਦਾ ਘਰ ਜਿਥੇ ਹੁਣ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਸਥਿਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਤਾਜ਼ਾ ਕਰਵਾਉਂਦੇ ਹਨ।

ਹਰ ਸਾਲ ਸੰਗਤਾਂ ਵਲੋਂ ਪੂਰੇ ਉਤਸ਼ਾਹ ਨਾਲ ਵਿਆਹ ਪੁਰਬ ਮਨਾਇਆ ਜਾਂਦਾ ਹੈ।3 ਸਤੰਬਰ ਤੋਂ ਬਟਾਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਨਾਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਸਾਹਿਬ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਜਿਨਾਂ ਦਾ ਭੋਗ 5 ਸਤੰਬਰ ਨੂੰ ਪਵੇਗਾ। 3 ਸਤੰਬਰ ਨੂੰ ਬਟਾਲਾ ਤੋਂ ਸੰਗਤ ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋਵੇਗੀ ਜੋ ਕਿ 4 ਸਤੰਬਰ ਨੂੰ ਸਵੇਰੇ 7 ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਦੇ ਰੂਪ ਵਿੱਚ ਬਟਾਲਾ ਸ਼ਹਿਰ ਨੂੰ ਚਾਲੇ ਪਾਵੇਗੀ।

ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਜਾਂਦਾ ਹੈ ਅਤੇ ਸੁਲਤਾਨਪੁਰ ਲੋਧੀ ਤੋਂ ਇਹ ਸ਼ੁਰੂ ਹੋਇਆ ਨਗਰ ਕੀਰਤਨ ਢਿਲਵਾਂ, ਬਿਆਸ, ਬਾਬਾ ਬਕਾਲਾ, ਮਹਿਤਾ, ਅੱਚਲ ਸਾਹਿਬ ਰਾਹੀਂ ਹੁੰਦਾ ਹੋੲਆ 4 ਸਤੰਬਰ ਦੇਰ ਸ਼ਾਮ ਨੂੰ ਬਟਾਲਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਵਿਖੇ ਪਹੁੰਚੇਗਾ।  5 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਅਤੇ ਬਰਾਤ ਰੂਪੀ ਇਹ ਨਗਰ ਕੀਰਤਨ ਸਾਰਾ ਦਿਨ ਬਟਾਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਹੁੰਦਾ ਹੋਇਆ ਅਖੀਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਸਮਾਪਤ ਹੋਵੇਗਾ।

ਲੱਖਾਂ ਦੀ ਗਿਣਤੀ ਵਿੱਚ ਬਟਾਲਾ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਪੂਰੀ ਦੁਨੀਆਂ ਤੋਂ ਨਾਨਕ ਨਾਮ ਲੇਵਾ ਸੰਗਤ ਵਿਆਹ ਪੁਰਬ ਵਿੱਚ ਸ਼ਾਮਲ ਹੁੰਦੀ ਹੈ। ਸੰਗਤਾਂ ਲਈ ਬਟਾਲਾ ਸ਼ਹਿਰ ਵਿੱਚ ਥਾਂ-ਥਾਂ ਲੰਗਰ ਲਗਾਏ ਸ਼ੁਰੂ ਹੋ ਗਏ ਹਨ ਅਤੇ ਪੂਰਾ ਬਟਾਲਾ ਸ਼ਹਿਰ ਗੁਰੂ ਸਾਹਿਬ ਦੇ ਵਿਆਹ ਦੇ ਰੰਗ ਵਿੱਚ ਰੰਗਿਆ ਗਿਆ ਹੈ। ਸੰਗਤਾਂ ਵਿੱਚ ਵਿਆਹ ਪੁਰਬ ਨੂੰ ਲੈ ਕੇ ਬਹੁਤ ਖੁਸ਼ੀ ਹੈ ਅਤੇ ਬਟਾਲਾ ਸ਼ਹਿਰ ਦੇ ਬਜ਼ਾਰਾਂ ਵਿੱਚ ਰੌਣਕ ਵੱਧ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸੰਗਤਾਂ ‘ਬਾਬੇ ਦਾ ਵਿਆਹ’ ਵਜੋਂ ਵੀ ਜਾਣਦੀਆਂ ਹਨ ਅਤੇ ਵਿਆਹ ਪੁਰਬ ਦਾ ਇਹ ਅਲੌਕਿਕ ਨਜ਼ਾਰਾ ਦੇਖਿਆਂ ਹੀ ਬਣਦਾ ਹੈ।    
ਫੋਟੋ -02-08