ਸ਼੍ਰੋਮਣੀ ਕਮੇਟੀ ਨੇ ਕਾਰਸੇਵਾ ਵਾਲੇ ਬਾਬਿਆਂ ਦੇ ਸਪੱਸ਼ਟੀਕਰਨ 'ਤੇ ਦਿਤੀ ਸਖ਼ਤ ਪ੍ਰਤੀਕਿਰਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਵਿਰਾਸਤ ਨੂੰ ਵਿਨਾਸ਼ ਤੋਂ ਬਚਾਉਣ ਲਈ ਬਣੇਗੀ ਵਿਰਾਸਤੀ ਕਮੇਟੀ : ਡਾ. ਰੂਪ ਸਿੰਘ

Demolition of Historic Darshani Deodi

ਅੰਮ੍ਰਿਤਸਰ : ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਕਾਰਸੇਵਾ ਵਾਲੇ ਬਾਬਿਆਂ ਵਲੋਂ ਰਾਤ ਦੇ ਹਨੇਰੇ ਵਿਚ ਚੋਰੀ ਨਾਲ ਢਾਹੁਣ ਦੇ ਘਿਨੌਣੇ ਕਾਰਨਾਮੇ ਮਗਰੋਂ ਦਿਤੇ ਗਏ ਸਪੱਸ਼ਟੀਕਰਨ ਬਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਬਿਆਨ ਰਾਹੀਂ ਆਖਿਆ ਕਿ ਬਾਬਿਆਂ ਵਲੋਂ ਡਿਉਢੀ ਢਾਹੁਣ ਦਾ ਕਾਰਾ ਦਰਦਨਾਕ ਸੀ ਜਿਸ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਬਣਾਈ ਗਈ ਸਬ-ਕਮੇਟੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। 

ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਪੜਤਾਲ ਦੌਰਾਨ ਕੋਈ ਦਫ਼ਤਰੀ ਕਰਮਚਾਰੀ ਵੀ ਦੋਸ਼ੀ ਪਾਇਆ ਗਿਆ ਤਾਂ ਉਹ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਖਿਆ ਕਿ ਮੁਕੰਮਲ ਜਾਂਚ ਮਗਰੋਂ ਹੀ ਇਹ ਸਾਹਮਣੇ ਆਵੇਗਾ ਕਿ ਇਸ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੌਣ ਕੌਣ ਸ਼ਾਮਲ ਹੈ, ਜਦਕਿ ਜਾਂਚ ਰੀਪੋਰਟ ਆਉਣ ਤੋਂ ਪਹਿਲਾਂ ਹੀ ਬਾਬਾ ਜਗਤਾਰ ਸਿੰਘ ਦੇ ਕੁੱਝ ਬੰਦਿਆਂ ਮਾਫ਼ੀ ਦੀ ਪੱਤ੍ਰਿਕਾ ਜਾਰੀ ਕਰ ਕੇ ਅਤੇ ਵੀਡੀਉ ਫੈਲਾ ਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਰਸੇਵਾ ਵਾਲੇ ਬਾਬੇ ਦੇ ਇਨ੍ਹਾਂ ਲੋਕਾਂ ਵਲੋਂ ਮਾਫ਼ੀਨਾਮੇ ਵਿਚ ਕੇਵਲ ਸ਼੍ਰੋਮਣੀ ਕਮੇਟੀ ਦੇ ਪਹਿਲੇ ਮਤੇ ਦਾ ਹਵਾਲਾ ਹੀ ਦਿਤਾ ਗਿਆ ਹੈ, ਜਦਕਿ ਮਤਾ ਨੰ: 765, ਮਿਤੀ 18-10-2018 ਜਿਸ ਰਾਹੀਂ ਸੇਵਾ ਲੰਬਿਤ ਕੀਤੀ ਗਈ ਉਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ। ਕਾਰਸੇਵਾ ਵਾਲੇ ਬਾਬੇ ਦੇ ਕੁਝ ਬੰਦਿਆਂ ਵਲੋਂ ਸੋਸ਼ਲ ਮੀਡੀਆ 'ਤੇ ਮਾਫ਼ੀਨਾਮਾ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਬੋਧਤ ਹੈ। ਇਸ ਤਰ੍ਹਾਂ ਕਰਨ ਨਾਲ ਬਾਬੇ ਦੋਸ਼ਮੁਕਤ ਨਹੀਂ ਹੋ ਸਕਦੇ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਆਖਿਆ ਕਿ ਸਿੱਖ ਕੌਮ ਅਤੇ ਗੁਰੂ ਪੰਥ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿਚ ਵਿਰਾਸਤੀ ਇਮਾਰਤਾਂ, ਇਰਾਸਤੀ ਵਸਤਾਂ ਤੇ ਇਤਿਹਾਸਕ ਦਰੱਖ਼ਤਾਂ ਆਦਿ ਨੂੰ ਬਚਾਉਣ ਲਈ ਭਾਈ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕ ਵਿਰਾਸਤੀ ਕਮੇਟੀ ਗਠਤ ਕੀਤੀ ਜਾਵੇਗੀ, ਜਿਸ ਵਿਚ ਪੁਰਾਤਤਵ ਵਿਭਾਗ, ਪੁਰਾਤਨ ਵਸਤਾਂ ਦੀ ਰੱਖ-ਰਖਾਵ ਦੇ ਮਾਹਰ, ਪੁਰਾਤਨ ਇਮਾਰਤ ਕਲਾ ਨਾਲ ਸਬੰਧਤ ਤਕਨੀਕੀ ਮਾਹਰ ਸ਼ਾਮਲ ਕੀਤੇ ਜਾਣਗੇ, ਤਾਂ ਜੋ ਕਾਰਸੇਵਾ ਦੇ ਨਾਂ 'ਤੇ ਕੋਈ ਵੀ ਵਿਰਾਸਤੀ ਯਾਦਗਾਰਾਂ ਦਾ ਘਾਣ ਨਾ ਕਰ ਸਕੇ।