ਸ਼੍ਰੋਮਣੀ ਕਮੇਟੀ ਵਲੋਂ ਫ਼ਾਰਗ਼ ਕੀਤੇ ਮੁਲਾਜ਼ਮਾਂ ਦਾ ਧਰਨਾ 7ਵੇਂ ਦਿਨ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਰਨੇ 'ਤੇ ਬੈਠੀ ਬੀਬੀ ਦੀ ਹਾਲਤ ਵਿਗੜੀ, ਹਸਪਤਾਲ ਦਾਖ਼ਲ

Protest

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵਲੋਂ ਫ਼ਾਰਗ਼ ਕੀਤੇ 523 ਮੁਲਾਜ਼ਮਾਂ ਦੇ ਸਾਥੀਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਅੱਜ 7ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਸਵੇਰ ਸਾਰ ਭੁੱਖ ਹੜਤਾਲ 'ਤੇ ਬੈਠੀ ਬੀਬੀ ਗੁਰਪ੍ਰੀਤ ਕੌਰ ਦੀ ਹਾਲਤ ਵਿਗੜ ਜਾਣ ਕਾਰਨ ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਤੇ ਅੱਜ ਬੀਬੀ ਸੰਦੀਪ ਕੌਰ ਅਤੇ ਅਮਰਿੰਦਰ ਸਿੰਘ ਭੁੱਖ ਹੜਤਾਲ 'ਤੇ ਬੈਠੇ। ਪੰਜਾਬ ਦੇ ਵੱਖ ਵੱਖ ਭਾਗਾਂ ਤੋਂ ਅੱਜ ਆਈਆਂ ਬੀਬੀਆਂ ਅਪਣੇ ਨਾਲ ਬੱਚੇ ਵੀ ਲੈ ਕੇ ਆਈਆਂ ਹੋਈਆਂ ਸਨ। ਇਹ ਬੱਚੇ ਵਾਰ ਵਾਰ ਤਰਲੇ ਲੈ ਰਹੇ ਸਨ ਕਿ ਸਾਡੇ ਸਕੂਲ ਵਾਲਿਆਂ ਨੇ ਫ਼ੀਸਾਂ ਨਾ ਭਰਨ ਕਾਰਨ ਸਾਡੇ ਨਤੀਜੇ ਵੀ ਜਾਰੀ ਨਹੀਂ ਕੀਤੇ ਜਿਸ ਕਾਰਨ ਸਾਡੀਆਂ ਪੜ੍ਹਾਈਆਂ ਛੁਟ ਗਈਆਂ ਹਨ।

ਜੇਕਰ ਸਾਡੀ ਫ਼ੀਸ ਦੇ ਦਿਤੀ ਜਾਵੇ ਤਾਂ ਅਸੀ ਅਪਣੇ ਨਤੀਜੇ ਜਾਣ ਕੇ ਅਗਲੀਆਂ ਕਲਾਸਾਂ ਵਿਚ ਜਾ ਸਕਦੇ ਹਾਂ। ਮਾਸੂਮ ਬੱਚੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਲ ਵਾਰ ਵਾਰ ਮੂੰਹ ਕਰ ਕੇ ਤਰਲੇ ਲੈਂਦੇ ਨਜ਼ਰ ਆਏ। ਇਸ ਮੌਕੇ ਬੋਲਦਿਆਂ ਅਜੀਤ ਸਿੰਘ ਨੇ ਕਿਹਾ ਕਿ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਦਸਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਨੇ ਭੁੱਖ ਹੜਤਾਲ ਕਾਰਨ ਬੀਮਾਰ ਹੋ ਰਹੇ ਸਾਡੇ ਸਾਥੀਆਂ ਦੇ ਇਲਾਜ ਲਈ ਵੀ ਰਕਮਾਂ ਵਸੂਲ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਬੀਤੇ ਕਲ ਸਾਡੀਆਂ ਦੋ ਭੈਣਾਂ ਭੁੱਖ ਕਾਰਨ ਬੇਹੋਸ਼ ਹੋ ਗਈਆਂ ਸਨ ਉਹ ਕਰੀਬ 2 ਘੰਟੇ ਤਕ ਹਸਪਤਾਲ ਵਿਚ ਰਖਣ ਦਾ ਸਾਡੇ ਕੋਲੋਂ 1500 ਰੁਪਏ ਵਸੂਲ ਕੀਤੇ।

ਇਹ ਗੱਲ ਕਮੇਟੀ ਦੇ ਅਧਿਕਾਰੀ ਭਲੀਭਾਂਤ ਜਾਣਦੇ ਹਨ ਕਿ ਸਾਡੇ ਕੋਲ ਪੈਸੇ ਨਹੀਂ ਹਨ ਫਿਰ ਵੀ ਜ਼ਿੱਦ ਰਖੀ ਗਈ ਕਿ ਪੈਸੇ ਦਿਉਗੇ ਤਾਂ ਹੀ ਇਲਾਜ ਸ਼ੁਰੂ ਕੀਤਾ ਜਾਵੇਗਾ ਜਿਸ ਕਾਰਨ ਅਸੀ ਸਾਰੇ ਸਾਥੀਆਂ ਨੇ ਪੈਸੇ ਉਗਰਾਅ ਕੇ ਦਿਤੇ। ਉਨ੍ਹਾਂ ਕਿਹਾ ਕਿ ਬਜਟ ਇਜਲਾਸ ਵਿਚ ਸਾਡੇ ਕੋਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਏ ਸਨ ਉਨ੍ਹਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨਗੇ ਪਰ ਅੱਜ ਤਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਇਹ ਮੰਨ ਰਹੇ ਹਨ ਕਿ ਕੁਲ 37 ਵਿਅਕਤੀ ਹੀ ਬੇਨਿਯਮੀ ਭਰਤੀ ਹਨ, ਪਰ ਇਸ ਦੀ ਸਜ਼ਾ ਸਾਰਿਆਂ ਨੂੰ ਦਿਤੀ ਜਾ ਰਹੀ ਹੈ। ਅਸੀ ਦੁਹਾਈ ਦੇ ਰਹੇ ਹਾਂ ਕਿ ਸਾਨੂੰ ਦਸੋ ਤੇ ਸਹੀ ਕਿ ਸਾਡੀ ਭਰਤੀ ਵਿਚ ਬੇਨਿਯਮੀ ਕਿਥੇ ਹੈ। ਸਾਡਾ ਕੋਈ ਸਿਆਸੀ ਮੰਤਵ ਨਹੀਂ ਹੈ, ਅਸੀ ਧਾਰਮਕ ਸੰਸਥਾ ਦੇ ਮੁਲਾਜ਼ਮ ਹਾਂ ਤੇ ਅਪਣਾ ਹੱਕ ਮੰਗ ਰਹੇ ਹਾਂ।