ਕੀ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਲੰਗਰ ਮੁਹਈਆ ਕਰਾਉਣਾ ਵੀ ਗੁਨਾਹ ਹੁੰਦੈ: ਸਾਧੂ ਸਿੰਘ
ਪੁਲਿਸ ਦੀ ਗੋਲੀ ਨਾਲ ਮਰੇ ਨੌਜਵਾਨ ਦੇ ਮਾਪਿਆਂ ਦੀਆਂ ਅੱਖਾਂ 'ਚੋਂ ਛਲਕੇ ਹੰਝੂ
ਫ਼ਰੀਦਕੋਟ : 'ਸਪੋਕਸਮੈਨ ਟੀ.ਵੀ. ਚੈਨਲ' ਦੀ ਟੀਮ ਦੇ ਅਗਲੇ ਅਰਥਾਤ ਦੂਜੇ ਪੜਾਅ ਮੌਕੇ ਪਿੰਡ ਸਰਾਵਾਂ ਦੇ ਬੇਅਦਬੀ ਤੇ ਗੋਲੀਕਾਂਡ ਤੋਂ ਪੀੜਤ ਪਰਵਾਰ ਨੇ ਵੀ ਹੈਰਾਨੀਜਨਕ ਪ੍ਰਗਟਾਵੇ ਕੀਤੇ। ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਰੋਸ ਵਜੋਂ ਪਿੰਡ ਬਹਿਬਲ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਲੰਗਰ ਦੇਣ ਲਈ ਪੁੱਜੇ ਪਿੰਡ ਸਰਾਵਾਂ ਦੇ ਨੌਜਵਾਨ ਗੁਰਜੀਤ ਸਿੰਘ ਬਿੱਟੂ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ। ਬਿੱਟੂ ਦੇ ਪਿਤਾ ਸਾਧੂ ਸਿੰਘ, ਮਾਤਾ ਅਮਰਜੀਤ ਕੌਰ, ਭਰਾ ਜਗਦੀਪ ਸਿੰਘ ਅਤੇ ਭਰਜਾਈ ਬਲਜੀਤ ਕੌਰ ਨੇ ਦਸਿਆ ਕਿ ਉਹ ਅੱਜ ਵੀ ਇਹ ਸੋਚ ਕੇ ਹੈਰਾਨ ਤੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਆਖ਼ਰ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਲੰਗਰ ਮੁਹਈਆ ਕਰਾਉਣਾ ਵੀ ਕੋਈ ਗੁਨਾਹ ਹੁੰਦਾ ਹੈ?
ਉਨ੍ਹਾਂ ਦਸਿਆ ਕਿ ਗੁਰਜੀਤ ਸਿੰਘ ਬਿੱਟੂ ਦੀ ਅਚਾਨਕ ਮੌਤ ਨਾਲ ਪਰਵਾਰ ਉਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਪੁਲਿਸ ਨੇ ਬਿੱਟੂ ਦੀ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਪੁੱਤਰ ਦਾ ਵਿਛੋੜਾ ਅਤੇ ਦੂਜੇ ਪਾਸੇ ਸਮੇਂ ਦੀ ਹਕੂਮਤ ਅਤੇ ਪੁਲਿਸ ਵਲੋਂ ਦਿਤੀ ਜਾ ਰਹੀ ਜ਼ਲਾਲਤ ਦਾ ਸਾਹਮਣਾ ਕਰਨਾ ਬੜਾ ਮੁਸ਼ਕਲ ਜਾਪਦਾ ਸੀ। ਉਨ੍ਹਾਂ ਦਸਿਆ ਕਿ ਜੇਕਰ ਉਸ ਸਮੇਂ ਦੀ ਪੁਲਿਸ ਦੀ ਡਰਾਮੇਬਾਜ਼ੀ ਦਾ ਵਿਸਥਾਰ ਦੇਣਾ ਹੋਵੇ ਤਾਂ ਬਹੁਤ ਪੰਨ੍ਹੇ ਕਾਲੇ ਕੀਤੇ ਜਾ ਸਕਦੇ ਹਨ ਪਰ ਪੁਲਿਸ ਵਲੋਂ ਝੂਠੀਆਂ ਦੂਸ਼ਣਬਾਜ਼ੀਆਂ, ਪੀੜਤ ਪਰਵਾਰਾਂ ਨੂੰ ਧਮਕਾਉਣ, ਪਹਿਲੇ ਦਿਨ ਤੋਂ ਹੀ ਸਬੂਤ ਮਿਟਾਉਣ ਦੀਆਂ ਕਰਤੂਤਾਂ ਤੇ ਪੁਲਿਸ ਥਾਣਾ ਬਾਜਾਖਾਨਾ ਦੇ ਤਤਕਾਲੀਨ ਐਸਐਚਓ ਵਲੋਂ ਰੋਜ਼ਾਨਾ ਦੀ ਤਰਾਂ ਧਮਕੀਆਂ ਦੇ ਕੇ ਆਖਣਾ ਕਿ ਤੁਹਾਡੇ ਪਰਵਾਰ ਦਾ ਕੋਈ ਵੀ ਮੈਂਬਰ ਘਰੋਂ ਬਾਹਰ ਨਾ ਜਾਵੇ, ਕਿਸੇ ਸਿੱਖ ਸੰਸਥਾ ਜਾਂ ਪੰਥਕ ਜਥੇਬੰਦੀ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਅੰਜਾਮ ਮਾੜਾ ਹੋਵੇਗਾ।
ਹੰਝੂ ਭਰੀਆਂ ਅੱਖਾਂ ਅਤੇ ਦੁਖੀ ਮਨ ਨਾਲ ਉਨ੍ਹਾਂ ਦਸਿਆ ਕਿ ਘਟਨਾ ਤੋਂ ਬਾਅਦ ਅਕਾਲੀ-ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਮੂਹਰਲੀ ਕਤਾਰ ਦੇ ਆਗੂ ਧਰਵਾਸ ਦੇਣ ਲਈ ਪੁੱਜੇ ਅਤੇ ਵਾਰ-ਵਾਰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇਗਾ ਪਰ ਸਿਆਸਤਦਾਨਾਂ ਦੇ ਨਾਲ-ਨਾਲ ਪੰਥਕ ਆਗੂਆਂ ਵਲੋਂ ਕੀਤੇ ਵਾਅਦੇ ਵੀ ਥੋਥੇ ਸਾਬਤ ਹੋਏ। ਉਨ੍ਹਾਂ ਆਖਿਆ ਕਿ ਸਾਨੂੰ ਮੁਆਵਜ਼ਿਆਂ ਨਾਲੋਂ ਗੁਰੂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਬੇਸਬਰੀ ਨਾਲ ਉਡੀਕ ਹੈ ਕਿਉਂਕਿ ਇਸ ਤੋਂ ਬਿਨਾਂ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮੱਲਮ ਨਹੀਂ ਲਗੇਗੀ ਅਰਥਾਤ ਇਨਸਾਫ਼ ਅਧੂਰਾ ਹੀ ਮੰਨਿਆ ਜਾਵੇਗਾ।