ਸ਼ਿਲਾਂਗ 'ਚੋਂ ਸਿੱਖਾਂ ਨੂੰ ਖਦੇੜਣ ਦੀ ਸਰਕਾਰੀ ਕੋਸ਼ਿਸ਼ ਨੂੰ ਰੋਕਿਆ ਜਾਵੇ : ਦਮਦਮੀ ਟਕਸਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੇਘਾਲਿਆ ਅਤੇ ਕੇਂਦਰ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਤੁਰਤ ਠੋਸ ਕਦਮ ਚੁਕੇ 

Shillong Sikhs

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਸਰਕਾਰ ਵਲੋਂ ਸ਼ਿਲਾਂਗ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਵਿਚੋਂ ਸਿੱਖਾਂ ਦੇ ਉਜਾੜੇ ਦੀ ਕੀਤੀ ਜਾ ਰਹੀ ਕੋਸ਼ਿਸ਼ 'ਤੇ ਰੋਕ ਲਗਾਉਣ ਲਈ ਉਥੋਂ ਦੇ ਰਾਜਪਾਲ ਟਾਥਾਗਾਟਾ ਰੋਏ ਨੂੰ ਅਪੀਲ ਕੀਤੀ ਹੈ ਉਥੇ ਹੀ ਉਨ੍ਹਾਂ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੂੰ ਸਰਕਾਰੀ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਅਤੇ ਕੇਦਰ ਸਰਕਾਰ ਨੂੰ ਉਕਤ ਮਾਮਲੇ 'ਚ ਦਖ਼ਲ ਦੇਣ ਕੇ ਉਥੇ ਰਹਿ ਰਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। 

ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸ਼ਿਲਾਂਗ ਦੀ ਮੌਜੂਦਾ ਸਥਿਤੀ ਪ੍ਰਤੀ ਸਿੱਖ ਸਮਾਜ 'ਚ ਚਿੰਤਾ ਪਾਈ ਜਾ ਰਹੀ ਹੈ। ਮੇਘਾਲਿਆ ਸਰਕਾਰ ਦੀ ਉਚ ਪਧਰੀ ਕਮੇਟੀ ਦੇ ਆਦੇਸ਼ ਪਿਛੋਂ ਸ਼ਿਲਾਂਗ ਮਿਉਂਸਪਲ ਬੋਰਡ ਵਲੋਂ ਪਿਛਲੇ 200 ਵਰ੍ਹਿਆਂ ਤੋਂ ਪੰਜਾਬੀ ਲੇਨ 'ਚ ਰਹਿ ਰਹੇ 300 ਤੋਂ ਵੱਧ ਸਿੱਖ ਪਰਵਾਰਾਂ ਨੂੰ ਜ਼ਮੀਨ ਜਾਂ ਮਕਾਨ ਦੇ ਦਸਤਾਵੇਜ਼ ਦਿਖਾਉਣ ਦੇ ਜਾਰੀ ਕੀਤੇ ਅਤੇ ਕਈਆਂ ਦੇ ਮਕਾਨਾਂ 'ਤੇ ਲਗਾਏ ਗਏ ਨੋਟਿਸ ਨਾਲ ਉਨ੍ਹਾਂ ਦੇ ਸਿਰਾਂ 'ਤੇ ਉਜਾੜੇ ਦੀ ਮੁੜ ਤਲਵਾਰ ਲਟਕਾ ਦਿਤੀ ਗਈ ਹੈ। ਬਹੁਤੇ ਗ਼ਰੀਬ ਪਰਵਾਰਾਂ ਕੋਲ ਜ਼ਮੀਨ ਜਾਂ ਮਕਾਨ ਦੇ ਦਸਤਾਵੇਜ਼ ਮੌਜੂਦ ਹੋਣ ਇਹ ਮੁਮਕਿਨ ਨਹੀਂ।

ਉਨ੍ਹਾਂ ਦਸਿਆ ਕਿ ਉਥੇ ਰਹਿ ਰਹੇ ਸਿੱਖ ਅੱਜ ਵੀ ਸਹਿਮ ਦੀ ਸਥਿਤੀ 'ਚ ਹੈ। ਹੁਣ ਇਕ ਵਾਰ ਫਿਰ ਉਸ ਇਲਾਕੇ ਵਿਚ ਦੰਗੇ ਭੜਕ ਸਕਣ ਦੀ ਖ਼ੁਫ਼ੀਆ ਵਿਭਾਗ ਦੀ ਰੀਪੋਰਟ ਦੇ ਆਧਾਰ 'ਤੇ ਧਾਰਾ 144 ਲਾਗੂ ਕਰ ਦਿਤੀ ਗਈ ਹੈ ਤਾਂ ਉਥੇ ਰਹਿ ਰਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣਾ ਜ਼ਰੂਰੀ ਬਣ ਗਿਆ ਹੈ। ਸੰਵੇਦਨਸ਼ੀਲ ਮੁੱਦੇ ਪ੍ਰਤੀ ਦਮਦਮੀ ਟਕਸਾਲ ਮੁਖੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਅਪਣੀ ਭੂਮਿਕਾ ਨਿਭਾਉਣ ਲਈ ਜ਼ੋਰ ਦਿਤਾ। ਉਨ੍ਹਾਂ ਸਿੱਖ ਕੌਮ ਨੂੰ ਇਕਜੁਟ ਹੋਣ ਦਾ ਸੱਦਾ ਦਿਤਾ ਹੈ। ਉਨ੍ਹਾਂ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿੱਖ ਭਾਈਚਾਰੇ ਨੂੰ ਖਦੇੜਣ ਤੋਂ ਰੋਕਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਤੁਰਤ ਚੁਕਣ ਦੀ ਮੰਗ ਕੀਤੀ ਹੈ।