ਸਿੱਖ ਜਥੇ ਨੇ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਕੀਤੇ ਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਗਏ ਸਿੱਖ ਯਾਤਰੀ ਜਥੇ ਨੇ ਅਪਣੀ ਯਾਤਰਾ ਦੇ ਦੂਜੇ ਪੜਾਅ ਵਜੋਂ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਦਰਸ਼ਨ ਕੀਤੇ।

Gurdwara Panja Sahib

ਹਸਨ ਅਬਦਾਲ (ਚਰਨਜੀਤ ਸਿੰਘ): ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਯਾਤਰੀ ਜਥੇ ਨੇ ਅਪਣੀ ਯਾਤਰਾ ਦੇ ਦੂਜੇ ਪੜਾਅ ਵਜੋਂ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਦਰਸ਼ਨ ਕੀਤੇ। ਬੀਤੇ ਦਿਨ ਇਹ ਜਥਾ ਦੁਪਹਿਰ ਨੂੰ ਇਕ ਵਿਸ਼ੇਸ਼ ਰੇਲ ਰਾਹੀਂ ਲਾਹੌਰ ਤੋਂ ਰਵਾਨਾ ਹੋਇਆ ਤੇ ਦੇਰ ਰਾਤ ਨੂੰ ਹਸਨ ਅਬਦਾਲ ਪੁੱਜਾ।

ਯਾਤਰੀਆਂ ਨੂੰ ਭਾਰੀ ਸੁਰੱਖਿਆ ਵਿਚ ਰੇਲਵੇ ਸਟੇਸ਼ਨ ਤੋਂ ਗੁਰਦਵਾਰਾ ਪੰਜਾ ਸਾਹਿਬ ਲਿਆਂਦਾ ਗਿਆ। ਅੱਜ ਸਵੇਰੇ ਇਨ੍ਹਾਂ ਯਾਤਰੂਆਂ ਨੂੰ ਸੁਰੱਖਿਆ ਪ੍ਰਬੰਧ ਹੇਠ ਵਲੀ ਕੰਧਾਰੀ ਦੀ ਸਮਾਧ 'ਤੇ ਲੈ ਜਾਇਆ ਗਿਆ। ਅੱਜ ਸਵੇਰੇ ਗੁਰਦਵਾਰਾ ਪੰਜਾ ਸਾਹਿਬ ਵਿਖੇ ਅਖੰਡ ਪਾਠਾਂ ਦੇ ਭੋਗ ਉਪਰੰਤ ਜਥੇ ਨੂੰ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ।

ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦਵਾਰਾ ਪੰਜਾ ਸਾਹਿਬ ਦੇ ਇੰਚਾਰਜ ਸ. ਸੰਤੋਖ ਸਿੰਘ ਨੇ ਕਿਹਾ ਕਿ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਥੇ ਦੇ ਨਾਲ ਆਏ ਕਿਸੇ ਵੀ ਯਾਤਰੂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਗੁਰਦਵਾਰਾ ਡੇਹਰਾ ਸਾਹਿਬ ਦੇ ਪ੍ਰਬੰਧਕ ਜਨਾਬ ਅਜ਼ਹਰ ਅਬਾਸ, ਗੁਰਦਵਾਰਾ ਪੰਜਾ ਸਾਹਿਬ ਦੇ ਪ੍ਰਬੰਧਕ ਅਸਮਤ ਉਲਾ ਵੀ ਜਥੇ ਦੀ ਆਵ ਭਗਤ ਵਿਚ ਰੁਝੇ ਹੋਏ ਸਨ।