ਬਰਗਾੜੀ ਮੋਰਚਾ ਅਕਾਲੀਆਂ ਦੀ ਡੁਬਦੀ ਬੇੜੀ ਵਿਚ ਪਾ ਰਿਹੈ ਵੱਟੇ
ਇਨਸਾਫ਼ ਮੋਰਚੇ ਦੇ ਆਗੂ ਬਾਦਲ ਨੂੰ ਕਾਤਲ ਕਹਿ ਕੇ ਗ੍ਰਿਫ਼ਤਾਰੀ ਦੀ ਕਰ ਰਹੇ ਨੇ ਮੰਗ.......
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਿਚ ਸ਼ੁਰੂ ਹੋਈ ਅੰਦਰੂਨੀ ਬਗ਼ਾਵਤ ਨਾਲ ਬੇੜੀ ਡੁੱਬਣ ਕਿਨਾਰੇ ਪੁੱਜ ਗਈ ਹੈ। ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਬਰਗਾੜੀ ਵਿਖੇ ਚਲ ਰਿਹਾ ਇਨਸਾਫ਼ ਮੋਰਚਾ ਅਕਾਲੀਆਂ ਦੀ ਡੁੱਬਦੀ ਬੇੜੀ ਵਿਚ ਵੱਟੇ ਪਾ ਰਿਹਾ ਹੈ। ਇਨਸਾਫ਼ ਮੋਰਚਾ ਅੱਜ 155ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਤੇ ਬੁਲਾਰੇ ਲਗਾਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਨੂੰ ਕਾਤਲ ਕਹਿ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਨ।
ਬਰਗਾੜੀ ਮੋਰਚੇ ਦਾ ਅਸਰ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਵਿਚ ਸਾਫ਼ ਨਜ਼ਰ ਆਵੇਗਾ। ਬਰਗਾੜੀ ਮੋਰਚੇ ਵਿਚ ਲੋਕਾਂ ਦਾ ਹੋ ਰਿਹਾ ਇਕੱਠ ਅਤੇ ਸੰਗਤ ਦੀ ਜੁੜੀ ਭਾਵਨਾਤਮਿਕ ਸਾਂਝ ਦੇਖ ਕੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਕਿ ਲੋਕ ਅਕਾਲੀਆਂ ਨੂੰ ਬਖ਼ਸ਼ਣ ਦੇ ਰੌਅ ਵਿਚ ਨਹੀਂ ਹਨ। ਬਰਗਾੜੀ ਮੋਰਚਾ ਚਾਹੇ ਤਿੰਨ ਸਿੱਖ ਮੰਗਾਂ ਨੂੰ ਲੈ ਕੇ ਲਾਇਆ ਗਿਆ ਹੈ ਪਰ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਭਾਸ਼ਨਾਂ ਦਾ ਮੁੱਖ ਕੇਂਦਰ ਬਣੀ ਹੋਈ ਹੈ।
ਬੁਲਾਰਿਆਂ ਵਲੋਂ ਅਪਣੇ ਭਾਸ਼ਨ ਵਿਚ ਬਹਿਬਲ ਕਲਾਂ ਗੋਲੀ ਕਾਂਡ ਲਈ ਡੀਜੀਪੀ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਕਾਤਲ ਦਸਿਆ ਜਾ ਰਿਹਾ ਹੈ। ਉਹ ਇਸ ਗੱਲ ਨੂੰ ਜ਼ੋਰ ਦੇ ਕੇ ਕਹਿੰਦੇ ਹਨ ਕਿ ਪੁਲਿਸ ਨੂੰ ਬਹਿਬਲ ਕਲਾਂ ਵਿਖੇ ਗੋਲੀ ਕਾਂਡ ਦੇ ਹੁਕਮ ਸਮੇਧ ਸੈਣੀ ਨੇ ਦਿਤੇ ਸਨ ਅਤੇ ਸੁਮੇਧ ਸੈਣੀ ਦਾ ਦੋਸ਼ ਹੈ ਕਿ ਉਸ ਨੇ ਪੰਜਾਬ ਸਰਕਾਰ ਤੋਂ ਆਗਿਆ ਲਈ ਸੀ। ਸਰਕਾਰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸੀ। ਬੁਲਾਰੇ ਅਪਣੇ ਭਾਸ਼ਨ ਵਿਚ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਗੋਲੀ ਕਾਂਡ ਦੇ ਕਾਤਲਾਂ ਨੂੰ ਫੜਨ ਲਈ ਜ਼ੋਰ ਜ਼ਰੂਰ ਪਾਉਂਦੇ ਹਨ ਪਰ ਇਸ ਨਾਲ ਕਾਂਗਰਸ ਸਰਕਾਰ ਜਾਂ ਕਾਂਗਰਸ ਪਾਰਟੀ ਨੂੰ ਨੁਕਸਾਨ ਨਹੀਂ ਪੁੱਜ ਰਿਹਾ ਹੈ।
ਦੂਜੇ ਬੰਨੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਮੋਰਚੇ ਨੂੰ ਜਾਣਬੁੱਝ ਕੇ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਤਕ ਲਮਕਾ ਰਹੀ ਹੈ ਤਾਂ ਕਿ ਇਸ ਦਾ ਲਾਭ ਕਾਂਗਰਸ ਨੂੰ ਹੋ ਸਕੇ ਅਤੇ ਉਦੋਂ ਤਕ ਲੋਕਾਂ ਦੇ ਮਨਾਂ 'ਚ ਗੁੱਸਾ ਠੰਢਾ ਨਾ ਪੈ ਜਾਵੇ। ਮੋਰਚੇ ਦੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ²ਸ਼ੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀ.ਜੀ.ਪੀ ਸੈਣੀ ਨੂੰ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਸੱਤ ਦਿਨ ਦਾ ਨੋਟਿਸ ਦੇ ਕੇ ਗ੍ਰਿ੍ਰਫ਼ਤਾਰ ਕਰਨ ਵਿਚ ਢਿੱਲ ਨਹੀਂ ਵਰਤਣੀ ਚਾਹੀਦੀ।