ਦਰਸ਼ਨੀ ਡਿਉਢੀ ਢਾਹੁਣ ਵਾਲੇ ਸਾਧ ਜਗਤਾਰ ਸਿੰਘ ਨੂੰ ਮਾਫ਼ੀ ਦੇਣ ਦੀਆਂ ਤਿਆਰੀਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਲੌਂਗੋਵਾਲ ਅਤੇ ਜਾਂਚ ਕਮੇਟੀ ਦੇ ਦੋ ਮੈਂਬਰਾਂ ਵਿਚਕਾਰ ਹੋਈ ਗੱਲਬਾਤ

Darshani Deori

ਅੰਮ੍ਰਿਤਸਰ : ਗੁਰਦਵਾਰਾ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਧਾੜਵੀਆਂ ਵਾਂਗ ਢਾਹੁਣ ਵਾਲੇ ਸਾਧ ਜਗਤਾਰ ਸਿੰਘ ਨੂੰ ਮਾਫ਼ੀ ਦੇਣ ਲਈ ਮਸੌਦਾ ਤਿਆਰ ਹੋ ਚੁਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਾਂਚ ਕਮੇਟੀ ਦੇ ਦੋ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਵਿਚਾਲੇ ਲੰਮੀ ਗੱਲਬਾਤ ਹੋਈ।

ਇਹ ਗੱਲਬਾਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਧਿਕਾਰਤ ਰਿਹਾਇਸ਼ ਜੋ ਕਿ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਵਿਚ ਸਥਿਤ ਹੈ ਵਿਖੇ ਹੋਈ। ਇਸ ਗੱਲਬਾਤ ਵਿਚ ਮੈਂਬਰਾਂ ਨੇ ਪ੍ਰਧਾਨ ਨੂੰ ਸੁਝਾਅ ਦਿਤਾ ਹੈ ਕਿ ਇਕ ਅਖੰਡ ਪਾਠ ਪਸ਼ਚਾਤਾਪ ਵਜੋਂ ਕਰਵਾਇਆ ਜਾਵੇ। ਇਸ ਪਾਠ ਦੇ ਭੋਗ ਵਿਚ ਪੰਥਕ ਜਥੇਬੰਦੀਆਂ ਨੂੰ ਵੀ ਬੁਲਾ ਲਿਆ ਜਾਵੇ। ਦਰਸ਼ਨੀ ਡਿਉਢੀ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਸਾਰਾ ਖ਼ਰਚ ਸਾਧ ਜਗਤਾਰ ਸਿੰਘ 'ਤੇ ਪਾ ਦਿਤਾ ਜਾਵੇ।

ਇਹ ਵੀ ਤਹਿ ਹੋਇਆ ਕਿ ਦਰਸ਼ਨੀ ਡਿਉਢੀ ਦੀ ਮੁੜ ਮੁਰੰਮਤ ਲਈ ਮਿਸਤਰੀ ਸਮਾਨ ਤੇ ਲੇਬਰ ਸਾਧ ਕੋਲਂੋ ਲੈ ਕੇ ਸਿੱਖ ਜਥੇਬੰਦੀਆਂ ਨੂੰ ਭਰੋਸੇ ਵਿਚ ਲੈ ਕੇ ਇਹ ਮਾਮਲਾ ਖ਼ਤਮ ਜਾਵੇ। ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਮਾਮਲੇ 'ਤੇ ਕਸੂਤੀ ਸਥਿਤੀ ਵਿਚ ਫਸੇ ਹੋਏ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਵੀ ਇਸ ਡਿਉਢੀ ਮਾਮਲੇ ਵਿਚ ਬੇਹਦ ਤਲਖ਼ ਹਨ। ਉਧਰ ਅੱਜ ਤਰਨਤਾਰਨ ਵਿਚ ਪੁਲਿਸ ਦੇ ਡੀ ਐਸ ਪੀ ਪੱਧਰ ਦੇ ਅਧਿਕਾਰੀ ਨੇ ਸਾਧ ਜਗਤਾਰ ਸਿੰਘ ਨੂੰ ਬੁਲਾ ਕੇ ਉਸ ਕੋਲੋਂ ਮਾਮਲੇ ਦੀ ਪੁਛਗਿਛ ਕੀਤੀ।