ਜਥੇਦਾਰ ਭਾਈ ਧਿਆਨ ਸਿੰਘ ਮੰਡ ਪੱਕੇ ਮੋਰਚੇ ਤੇ ਡਟੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੰਡ ਨੇ ਕਿਹਾ ਜੇ ਮਸਲੇ ਹੱਲ ਨਾ ਹੋਇਆ ਤਾਂ ਕੌਮ ਲਈ ਕੁਰਬਾਨੀ ਦੇਣ ਨੂੰ ਤਿਆਰ

Jathedar Bhai Dhian Singh Mand

ਜੈਤੋ, (ਜਸਵਿੰਦਰ ਸਿੰਘ 'ਜੱਸਾ'), ਬਰਗਾੜੀ 'ਚ ਲਗਾਤਾਰ ਤੀਜੇ ਦਿਨ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਧਰਨੇ ਡਟੇ ਰਹੇ ਤੇ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਸਵੀਕਾਰ ਕੀਤੀਆਂ ਤਾਂ ਕੌਮ ਦੇ ਭਲੇ ਲਈ ਆਪਣੀ ਕੁਰਬਾਨੀ ਦੇਣ ਤੋਂ ਹਾਰਗਿਜ਼ ਗੁਰੇਜ਼ ਨਹੀਂ ਕਰਨਗੇ।

ਸਿੰਘ ਸਾਹਿਬ ਨੇ ਕਿਹਾ ਇਹ ਕੋਈ ਧਰਨਾ ਨਹੀਂ ਪੱਕਾ ਮੋਰਚਾ ਹੈ ਤੇ ਮੋਰਚਾ ਕਦੇ ਵੀ ਸਥਾਈ ਹੱਲ ਹੋਣ ਤੱਕ ਪੱਟਿਆ ਨਹੀਂ ਜਾਂਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਾਨੀ ਦਿੱਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕਹਾਣੀ ਵੀ ਬਰਗਾੜੀ ਤੋਂ ਸ਼ੁਰੂ ਹੋਈ ਸੀ ਤੇ ਇਹ ਮਕੁੰਮਲ ਵੀ ਇਸੇ ਥਾਂ ਤੇ ਹੋਵੇਗੀ। ਉਨ੍ਹਾਂ ਕਿਹਾ ਪੰਥ ਦੇ ਕੁੱਝ ਅਖੌਤੀ ਲੀਡਰਾਂ ਕਾਰਨ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।

ਸਿੱਖ ਕੌਮ ਵਿਚ ਕੁਰਬਾਨੀਆਂ ਦੇਣ ਵਾਲੇ ਸਿੰਘਾਂ ਦੀ ਕੋਈ ਕਮੀ ਨਹੀਂ ਹੈ ਤੇ ਇਸ ਮਸਲੇ 'ਚ ਵੀ ਕੌਮ ਸ਼ਹੀਦੀਆਂ ਦੇਣ ਤਿਆਰ ਬਰ ਤਿਆਰ ਬੈਠੀ ਹੈ। ਪਰ ਸਰਬੱਤ ਖਾਲਸਾ ਨੇ ਦਾਸ਼ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਚੁਣਿਆ ਹੈ। ਕੌਮ ਲਈ ਕੁਰਬਾਨੀ ਸੰਗਤ ਨਹੀਂ ਕੌਮ ਦੀ ਅਗਵਾਈ ਕਰਦੇ ਹੋਣ ਕਰਕੇ ਮੈਂ ਖੁਦ ਦੇਵਾਂਗਾ, ਇਸੇ ਲਈ ਮੋਰਚੇ ਤੇ ਬੈਠਾ ਹਾਂ। ਭਾਈ ਮੰਡ ਨੇ ਕਿਹਾ ਕਿ ਸਿੱਖਾਂ ਪ੍ਰਤੀ ਬਾਦਲ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ।

ਜਦੋਂ ਸਰਕਾਰ ਨੇ ਕਿਸੇ ਮਸਲੇ ਦਾ ਹੱਲ ਨਾ ਕਰਨਾ ਹੋਵੇ ਤਾਂ ਕਮਿਸ਼ਨ ਬਣਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਅਕਾਲੀ, ਕਾਂਗਰਸ ਸਮੇਤ ਸ਼੍ਰੋਮਣੀ ਕਮੇਟੀ ਕਿਸੇ ਨੇ ਵੀ ਘੱਟ ਨਹੀਂ ਗੁਜ਼ਾਰੀ। ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਬਾਦਲ ਸਰਕਾਰ ਦੀ ਕਥਿਤ ਸ਼ਹਿ ਨਾਲ ਹੋਈਆਂ ਜਦ ਕਿ ਸ਼੍ਰੋਮਣੀ ਕਮੇਟੀ ਦੀ ਇਨ੍ਹਾਂ ਬਾਰੇ ਚੁੱਪ ਵੀ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਜੂਨ ਦੇ ਪੰਥਕ ਇਕੱਠ ਵਿੱਚ ਬਰਗਾੜੀ ਆਉਣ ਤੋਂ ਪਹਿਲਾਂ ਉਹ ਘਰੋਂ ਫੈਸਲਾ ਕਰ ਕੇ ਤੁਰੇ ਸਨ ਕਿ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਨੂੰ ਭਾਈ ਗੁਰਬਖ਼ਸ਼ ਸਿੰਘ ਬਣਨਾ ਪਵੇ, ਉਸ ਤੋਂ ਪਹਿਲਾਂ ਕੌਮ ਦੇ ਸੇਵਕ ਹੋਣ ਕਰਕੇ ਉਹ ਅਗਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵਿਚੋਲੇ ਭੇਜ ਕੇ ਮੰਗਾਂ ਸਬੰਧੀ ਕਮੇਟੀ ਬਣਾਉਣ ਅਤੇ ਚੰਡੀਗੜ੍ਹ ਆ ਕੇ ਗੱਲਬਾਤ ਕਰਨ ਦੇ ਸੁਨੇਹੇ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭੇਜੇ ਵਾਪਸੀ ਸੁਨੇਹਿਆਂ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਬਰਗਾੜੀ ਦਾ ਮੋਰਚਾ 'ਕਰੋ ਜਾਂ ਮਰੋ' ਦੇ ਸਿਧਾਂਤ ਨਾਲ ਲਾਇਆ ਗਿਆ ਹੈ ਅਤੇ ਫੈਸਲਾ ਵੀ ਮੋਰਚੇ ਵਾਲੀ ਥਾਂ 'ਤੇ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੋਰਚਾ ਸਿਰਫ ਉਨ੍ਹਾਂ ਇਕੱਲਿਆਂ ਲਾਇਆ ਹੈ ਪਰ ਸਮਰਥਕ ਸਵੈ-ਇੱਛਾ ਨਾਲ ਉਨ੍ਹਾਂ ਨਾਲ ਬੈਠ ਕੇ ਸਾਥ ਦੇ ਰਹੇ ਹਨ। ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ਼ਰ ਦੇ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਬੂਟਾ ਸਿੰਘ ਰਣਸੀਂਹ ਕੇ, ਭਾਈ ਜਸਵੀਰ ਸਿੰਘ ਖਡੂਰ, ਭਾਈ ਕਰਨੈਲ ਸਿੰਘ ਨਾਰੀ ਕੇ, ਬਾਬਾ ਫ਼ੌਜਾ ਸਿੰਘ ਕੋਟਦੁੰਨਾ, ਭਾਈ ਪਰਮਜੀਤ ਸਿੰਘ ਸਹੌਲੀ ਆਦਿ ਹਾਜ਼ਰ ਸਨ। 

ਸਮਝੌਤੇ ਦੀ ਦੂਜੀ ਕੋਸ਼ਿਸ ਵੀ ਅਸਫ਼ਲ ਰਹੀ :
ਬੀਤੀ ਸ਼ਾਮ ਪ੍ਰਸ਼ਾਸਨ ਵੱਲੋਂ ਸਮਝੌਤੇ ਲਈ ਮੁੜ ਫਿਰ ਤੋਂ ਇਕ ਹੋਰ ਕੋਸ਼ਿਸ਼ ਕੀਤੀ ਗਈ ਜੋ ਅਸਫ਼ਲ ਰਹੀ। ਇਸ ਸੰਬੰਧੀ ਪੁਸ਼ਟੀ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਗੱਲਬਾਤ ਰਾਹੀਂ ਸਮਝੌਤੇ ਦੀ ਪੇਸ਼ਕਸ਼ ਲੈ ਕੇ ਬਰਗਾੜੀ ਆਏ ਸਨ। ਸਮਝੌਤੇ ਦੀਆਂ ਸ਼ਰਤਾਂ ਤੇ ਸਹਿਮਤੀ ਨਾ ਬਣਨ ਕਾਰਨ ਗੱਲ ਕਿਸੇ ਸਿਰੇ ਨਹੀਂ ਚੜ੍ਹ ਸਕੀ।

ਭਾਈ ਮੰਡ ਨੇ ਪੁਲੀਸ ਪ੍ਰਸ਼ਾਸਨ 'ਤੇ ਬਰਗਾੜੀ ਦੇ ਆਸ-ਪਾਸ ਨਾਕਿਆਂ ਦੀ ਰੋਕਾਂ ਖੜ੍ਹੀਆਂ ਕਰਨ 'ਤੇ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਅਜਿਹਾ ਉਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਉਦੇਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਸਾਡੇ ਖ਼ਿਲਾਫ਼ ਕਾਰਵਾਈ ਲਈ ਬਹਾਨਾ ਘੜਨ ਲਈ ਸਾਡੇ ਹਮਾਇਤੀਆਂ ਨੂੰ ਨਾਕਿਆਂ ਤੇ ਪ੍ਰੇਸ਼ਾਨ ਕਰਕੇ ਉਕਸਾਉਣ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਕ ਪੁਲੀਸ ਇੰਸਪੈਕਟਰ ਦੁਆਰਾ ਮਾੜੇ ਰਵੱਈਏ ਕਾਰਨ ਉਸ ਨੂੰ ਨਾਕੇ ਤੋਂ ਬਦਲਣ ਲਈ ਵੀ ਕਿਹਾ ਹੈ ਪਰ ਪ੍ਰਸ਼ਾਸਨ ਮਾਮਲੇ ਨੂੰ ਵਿਗਾੜਨ ਆਲੇ ਪਾਸੇ ਜਾ ਰਿਹਾ ਹੈ।