ਸ਼੍ਰੋਮਣੀ ਕਮੇਟੀ ਵਿਸ਼ੇਸ਼ ਇਜਲਾਸ ਸੱਦ ਕੇ ਜੂਨ 1984 ਦੇ ਹਮਲੇ ਅਤੇ ਤੱਥ ਉਜਾਗਰ ਕਰੇ : ਬਲਦੇਵ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸ਼੍ਰੋਮਣੀ ਕਮੇਟੀ ਵਿਚ 523 ਮੁਲਾਜ਼ਮ ਭਰਤੀ ਵਿਚ ਭ੍ਰਿਸ਼ਟਾਚਾਰ ਹੋਣਾ ਸਿੱਖ ਕੌਮ ਲਈ ਨਾਮੋਸ਼ੀ ਵਾਲੀ ਗੱਲ

Pic-1

ਧਾਰੀਵਾਲ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1 ਜੂਨ ਤੋਂ 10 ਜੂਨ ਤਕ ਵਿਸ਼ੇਸ਼ ਇਜਲਾਸ ਬੁਲਾ ਕੇ ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਵਿਚ ਸ਼ਾਮਲ  ਦੋਸ਼ੀਆਂ ਦੇ ਨਾਮ ਦੱਸਣ ਅਤੇ ਹਮਲੇ ਵਿਚ ਕਿੰਨੇ ਨਿਰਦੋਸ਼ ਲੋਕ ਮਰੇ, ਕਿੰਨੇ ਗਰਨੇਡ ਦਾਗ਼ੇ, ਕਿੰਨੇ ਹਮਲਾਵਰਾਂ ਨੇ ਜੋੜਿਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਦਰ ਵੜ ਕੇ ਬੇਅਦਬੀ ਕੀਤੀ, ਦਾ ਸੱਚ ਸਿੱਖ ਸੰਗਤਾਂ ਸਾਹਮਣੇ ਉਜਾਗਰ ਕਰ ਕੇ ਅਪਣੀ ਜ਼ੁੰਮੇਵਾਰੀ ਨਿਭਾਉਣ।

ਇਹ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਵਿਖੇ ਧਰਮੀ ਫ਼ੌਜੀਆਂ ਦੇ ਇੱਕਠ ਨੂੰ ਸੰਬੋਧਨ  ਕਰਦਿਆਂ ਆਖੇ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਵਿਧਾਨ ਸਭਾ ਵਿਚੋਂ 25 ਫ਼ਰਵਰੀ ਨੂੰ ਜਲ੍ਹਿਆਵਾਲਾ ਬਾਗ਼ ਸਾਕੇ ਦੇ ਤੱਥ ਪੇਸ਼ ਕੀਤੇ ਜਾ ਸਕਦੇ ਹਨ, ਅਗੱਸਤ 2018 ਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੂਤਾਂ ਦਾ ਪ੍ਰਸਾਰਣ ਟੀ.ਵੀ.ਚੈਨਲ ਰਾਹੀਂ ਪੇਸ਼ ਕੀਤੇ ਜਾ ਸਕਦੇ ਹਨ ਅਤੇ ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀਆਂ ਮਾਰਨ ਵਾਲਿਆਂ 'ਤੇ ਕੇਸ ਦਰਜ ਹੋ ਸਕਦੇ ਹਨ ਤਾਂ ਜੂਨ 1984 ਵਿਚ ਵਾਪਰੇ ਦੁਖਾਂਤ ਜਿਸ ਨਾਲ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਸਨ ਉਸ ਨੂੰ ਸੰਗਤਾਂ ਸਾਹਮਣੇ ਪੇਸ਼ ਕਰਨ ਵਿਚ ਦੇਰੀ ਨਹੀਂ ਹੋਣੀ ਚਾਹੀਦੀ।

ਬਲਦੇਵ ਸਿੰਘ ਨੇ ਦਸਿਆ ਕਿ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਧਰਮੀ ਫ਼ੌਜੀਆਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਲਈ ਸਬ ਕਮੇਟੀ ਦਾ ਗਠਨ ਕੀਤਾ ਜਦਕਿ ਸਮਾਂ ਅਤੇ ਪ੍ਰਧਾਨ ਬਦਲਣ ਕਰ ਕੇ ਧਰਮੀ ਫ਼ੌਜੀਆਂ ਨੂੰ ਅਣਗੋਲਿਆਂ ਕਰ ਦਿਤਾ ਅਤੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀ ਨੂੰ ਪੰਥ ਦੇ ਪਹਿਰੇਦਾਰ ਵਲੋਂ ਕੋਈ ਮਹੱਤਤਾ ਨਹੀਂ ਦਿਤੀ ਗਈ ਜਿਸ ਕਰ ਕੇ ਸਿੱਖ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ 523 ਮੁਲਾਜ਼ਮ ਭਰਤੀ ਕਰਨ ਤੇ ਭ੍ਰਿਸ਼ਟਾਚਾਰ ਹੋਣਾ ਸਿੱਖ ਕੌਮ ਲਈ ਨਾਮੋਸ਼ੀ ਵਾਲੀ ਗੱਲ ਹੈ। ਧਰਮੀ ਫ਼ੌਜੀਆਂ ਨੇ ਕਿਹਾ ਕਿ ਸ਼ਹੀਦ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ 6 ਜੂਨ ਦੀ ਅਰਦਾਸ ਵਿਚ ਕੀਤਾ ਜਾਵੇ।