ਪਹਿਲਾਂ ਘਰੋਂ ਕਢਿਆ, ਹੁਣ ਨੌਕਰੀ ਤੋਂ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨੂੰ ਦਫ਼ਤਰ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ ਬਰਖ਼ਾਸਤ ਕਰ ਦਿਤਾ ਗਿਆ ਹੈ................

Gulab Singh

ਲਾਹੌਰ : ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨੂੰ ਦਫ਼ਤਰ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ ਬਰਖ਼ਾਸਤ ਕਰ ਦਿਤਾ ਗਿਆ ਹੈ। ਉਹ ਤਿੰਨ ਮਹੀਨੇ ਤੋਂ ਦਫ਼ਤਰ ਨਹੀਂ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 35 ਸਾਲਾ ਗੁਲਾਬ ਸਿੰਘ ਤਿੰਨ ਮਹੀਨਿਆਂ ਤੋਂ ਗ਼ੈਰ-ਹਾਜ਼ਰ ਸੀ ਜਿਸ ਕਾਰਨ ਉਸ ਦੀ ਛੁੱਟੀ ਕਰ ਦਿਤੀ ਗਈ ਹੈ। ਟਰੈਫ਼ਿਕ ਪੁਲਿਸ ਦੇ ਬੁਲਾਰੇ ਅਲੀ ਨਵਾਜ਼ ਨੇ ਦਸਿਆ, 'ਗੁਲਾਬ ਸਿੰਘ ਦੇ ਗ਼ੈਰ-ਹਾਜ਼ਰ ਰਹਿਣ 'ਤੇ ਜਾਂਚ-ਪੜਤਾਲ ਦੇ ਹੁਕਮ ਦਿਤੇ ਗਏ ਸਨ। ਜਾਂਚ ਕਮੇਟੀ ਅੱਗੇ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ।'

ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਕੋਲ ਅਪਣੀ ਬਰਖ਼ਾਸਤਗੀ ਵਿਰੁਧ ਅਪੀਲ ਦਾਖ਼ਲ ਕਰ ਸਕਦਾ ਹੈ। ਪਿਛਲੇ ਮਹੀਨੇ ਗ਼ੁਲਾਬ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਪਰਵਾਰ ਸਮੇਤ ਘਰੋਂ ਕੱਢ ਦਿਤਾ ਗਿਆ ਹੈ। ਗੁਲਾਬ ਸਿੰਘ ਨੇ ਕਿਹਾ ਕਿ ਟਰੈਫ਼ਿਕ ਪੁਲਿਸ ਦੇ ਐਸਪੀ ਨੇ ਇਵੈਕਿਊ ਬੋਰਡ ਦੇ ਕਹਿਣ 'ਤੇ ਉਸ ਵਿਰੁਧ ਕਾਰਵਾਈ ਕੀਤੀ ਹੈ ਕਿਉਂਕਿ ਉਸ ਨੇ ਇਵੈਕਿਊ ਬੋਰਡ ਦੁਆਰਾ ਉਸ ਨੂੰ ਪਰਵਾਰ ਸਮੇਤ ਘਰੋਂ ਕੱਢੇ ਜਾਣ ਵਿਰੁਧ ਆਵਾਜ਼ ਬੁਲੰਦ ਕੀਤੀ ਸੀ। ਉਸ ਨੇ ਕਿਹਾ, 'ਮੈਂ ਬੋਰਡ ਵਿਰੁਧ ਕੇਸ ਪਾ ਦਿਤਾ ਸੀ ਅਤੇ ਮੇਰੇ ਉਤੇ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਗਿਆ ਸੀ।'

ਉਸ ਨੇ ਕਿਹਾ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਨੇ ਮਹਿਕਮੇ ਨੂੰ ਛੁੱਟੀ ਦੀ ਅਰਜ਼ੀ ਨਾਲ ਡਾਕਟਰੀ ਸਰਟੀਫ਼ੀਕੇਟ ਦਿਤਾ ਸੀ। ਉਸ ਨੇ ਕਿਹਾ ਕਿ ਉਹ ਅਦਾਲਤ ਵਿਚੋਂ ਕੇਸ ਵਾਪਸ ਨਹੀਂ ਲਵੇਗਾ। ਗੁਲਾਬ ਨੂੰ ਘਰੋਂ ਕੱਢਣ ਦੇ ਕੇਸ ਵਿਚ ਲਾਹੌਰ ਦੀ ਸੈਸ਼ਨ ਕੋਰਟ ਨੇ ਵੀ ਈਟੀਪੀਬੀ ਜਿਹੜਾ ਪਾਕਿਸਤਾਨ ਵਿਚ ਘੱਟਗਿਣਤੀਆਂ ਦੇ ਧਾਰਮਕ ਅਸਥਾਨਾਂ ਦੀ ਦੇਖਭਾਲ ਕਰਦਾ ਹੈ ਅਤੇ ਪੁਲਿਸ ਅਧਿਕਾਰੀ ਇਮਤਿਆਜ਼ ਅਹਿਮਦ ਨੂੰ ਮਾਣਹਾਨੀ ਨੋਟਿਸ ਜਾਰੀ ਕੀਤਾ ਸੀ। 

ਮਾਮਲੇ ਦੀ ਅਗਲੀ ਸੁਣਵਾਈ ਸੱਤ ਅਗੱਸਤ ਨੂੰ ਹੈ। ਉਸ ਨੇ ਕਿਹਾ, 'ਬੋਰਡ ਦਾ ਕਹਿਣਾ ਹੈ ਕਿ ਜਿਥੇ ਗੁਲਾਬ ਸਿੰਘ ਰਹਿੰਦਾ ਹੈ, ਉਹ ਜਗ੍ਹਾ ਗੁਰਦਵਾਰੇ ਦੇ ਲੰਗਰ ਹਾਲ ਦੀ ਹੈ। ਮੇਰੇ ਦਾਦਾ ਇਸ ਜਗ੍ਹਾ 'ਤੇ 1947 ਤੋਂ ਰਹਿ ਰਿਹਾ ਸੀ ਅਤੇ ਬੋਰਡ ਕੋਲ ਮੇਰੇ ਘਰ ਨੂੰ ਸੀਲ ਕਰਨ ਦਾ ਕੋਈ ਅਧਿਕਾਰ ਨਹੀਂ।' ਗੁਲਾਬ ਸਿੰਘ ਪੰਜਾਬ ਟਰੈਫ਼ਿਕ ਪੁਲਿਸ ਵਿਚ ਇਕੋ ਇਕ ਸਿੱਖ ਵਾਰਡਨ ਹੈ ਜਿਹੜਾ 2006 ਵਿਚ ਨੌਕਰੀ 'ਤੇ ਲੱਗਾ ਸੀ।       (ਏਜੰਸੀ)