ਮੋਦੀ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਵਿਚ ਅੜਿੱਕੇ ਡਾਹੁਣਾ ਅਫ਼ਸੋਸਨਾਕ: ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਲਾਂਘੇ ਨੂੰ ਰੋਕਣ ਦੇ ਰੋਸ ਵਜੋਂ ਗੁਰੂ ਨਾਨਕ ਸਾਹਿਬ  ਨਾਮ ਲੇਵਾ ਸੰਗਤ ਲੋਕ ਸਭਾ ਚੋਣਾਂ ਵਿਚ ਦੋਸ਼ੀਆਂ ਨੂੰ ਸਬਕ ਸਿਖਾਏਗੀ

Paramjit Singh Sarna

ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਫ਼ਿਰਕੂ ਏਜੰਡਾ ਖੇਡਣ ਦਾ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਸੁਖਾਵਾਂ ਮਾਹੌਲ ਤਿਆਰ ਕਰਨ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਅਹਿਮ ਰੋਲ ਅਦਾ ਕਰਨਾ ਸੀ ਜਿਸ ਨਾਲ ਦੋਹਾਂ ਦੇਸ਼ਾਂ ਦੇ ਅਰਥਚਾਰੇ ਨੂੰ ਹੁਲਾਰਾ ਮਿਲਣਾ ਸੀ ਪਰ ਅਫ਼ੋਸਸ ਹੈ ਕਿ ਮੋਦੀ ਸਰਕਾਰ ਨੇ ਫ਼ਿਰਕੂ ਏਜੰਡੇ ਕਰ ਕੇ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਨੂੰ ਰੋਕ ਦਿਤਾ ਹੈ। 

ਉਨ੍ਹਾਂ ਕਿਹਾ ਕਿ ਲਾਂਘੇ ਨੂੰ ਰੋਕਣ ਦੇ ਰੋਸ ਵਜੋਂ ਗੁਰੂ ਨਾਨਕ ਸਾਹਿਬ  ਨਾਮ ਲੇਵਾ ਸੰਗਤ ਲੋਕ ਸਭਾ ਚੋਣਾਂ ਵਿਚ ਦੋਸ਼ੀਆਂ ਨੂੰ ਸਬਕ ਸਿਖਾਏਗੀ। ਸਰਨਾ ਨੇ ਮੋਦੀ ਸਰਕਾਰ ਵਲੋਂ ਲਾਂਘੇ ਵਿਚ ਅਖਉਤੀ ਅੜਿੱਕੇ ਪੈਦਾ ਕਰਨ ਲਈ ਅਖਉਤੀ ਖ਼ਾਲਿਸਤਾਨ ਦੇ ਮੁੱਦੇ ਨੂੰ ਵਰਤਣ ਦੀ ਵੀ ਸਖ਼ਤ ਨਿਖੇਧੀ ਕਰਦਿਆਂ ਕਰਦਿਆਂ ਕਿਹਾ, “ਭਾਜਪਾ ਅਤੇ ਉਸ ਦਾ ਭਾਈਵਾਲ ਬਾਦਲ ਦਲ ਪਹਿਲੇ ਦਿੰਨ ਤੋਂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਵਿਚ ਅੜਿੱਕੇ ਡਾਹੁਣ ਦੀ ਸਾਜ਼ਸ਼ਾਂ ਖੇਡਦਾ ਆ ਰਿਹਾ ਹੈ।''

ਸਰਨਾ ਨੇ ਕਿਹਾ ਕਿ ਪੰਜਾਬ ਨੂੰ 1947 'ਚ ਦੇਸ਼ ਦੀ ਹੋਈ ਵੰਡ ਸਮੇਂ ਸੱਭ ਤੋਂ ਵੱਧ ਨੁਕਸਾਨ ਹੋਇਆ ਅਤੇ ਪੰਜਾਬੀਆਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਸੱਬ ਤੋਂ ਵੱਧ ਕੁਰਬਾਨੀਆਂ ਦਿਤੀਆਂ ਸਨ ਪਰ ਜਿਨ੍ਹਾਂ ਨੇ ਪੰਜਾਬ ਦੀ ਖ਼ੁਸ਼ਹਾਲੀ ਲਈ ਕੋਈ  ਕੰਮ  ਨਹੀਂ ਕੀਤਾ, ਉਹ ਅਪਣੇ ਆਪ ਨੂੰ ਪੰਜਾਬ ਦੇ ਰਾਖੇ ਦੱਸ ਰਹੇ ਹਨ। ਇਨ੍ਹਾਂ ਲੋਕਾਂ ਨੇ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਧਾਰਮਕ ਜਜ਼ਬਾਤ ਦਾ ਘਾਣ ਕੀਤਾ ਹੈ।