Canada ਦੀਆਂ ਸੰਗਤਾਂ ਦਾ ਵੱਡਾ ਉਪਰਾਲਾ, SGPC ਨੂੰ ਭੇਂਟ ਕੀਤੇ 12 ਵੈਂਟੀਲੇਟਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

SGPC ਵੱਲੋਂ ਮਹਾਂਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿਚ ਸਹਿਯੋਗੀ ਬਣਦਿਆਂ ਕੈਨੇਡਾ ਦੀਆਂ ਸੰਗਤਾਂ ਵੱਲੋਂ 12 ਵੈਂਟੀਲੇਟਰ ਭੇਟ ਕੀਤੇ ਗਏ ਹਨ।

Canadian Sangat donate 12 ventilators to the Shiromani Committee

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿਚ ਸਹਿਯੋਗੀ ਬਣਦਿਆਂ ਕੈਨੇਡਾ ਦੀਆਂ ਸੰਗਤਾਂ ਵੱਲੋਂ 12 ਵੈਂਟੀਲੇਟਰ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੇ ਗਏ ਹਨ। ਇਹ ਵੈਂਟੀਲੇਟਰ ਇੰਗਲੈਂਡ ਦੇ ਐਮ.ਪੀ. ਤਨਮਨਜੀਤ ਸਿੰਘ ਢੇਸੀ (Tanmanjeet Singh Dhesi) ਤੇ ਅਕਾਲੀ ਆਗੂ ਸ. ਸਿਕੰਦਰ ਸਿੰਘ ਮਲੂਕਾ ਦੀ ਪ੍ਰੇਰਨਾ ਨਾਲ ਕੈਨੇਡਾ ਨਿਵਾਸੀ ਸ. ਗਿਆਨ ਸਿੰਘ, ਸ. ਹਰਦੀਪ ਸਿੰਘ, ਸ. ਸਤਵੰਤ ਸਿੰਘ, ਸ. ਪ੍ਰਦੀਪ ਸਿੰਘ ਤੇ ਸ. ਸੁਖਜੀਵਨ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਭੇਜੇ ਹਨ।

ਇਹ ਵੀ ਪੜ੍ਹੋ-ਵੈਕਸੀਨ ਘੁਟਾਲਾ : CBI ਜਾਂਚ ਦੀ ਮੰਗ ਕਰਦਿਆਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦੇਣਗੇ ਸੁਖਬੀਰ ਬਾਦਲ

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵੈਂਟੀਲੇਟਰ ਪ੍ਰਾਪਤ ਕਰਨ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਤਤਪਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੰਸਥਾ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਹਨ, ਜਿਸ ਤਹਿਤ ਬਿਮਾਰੀ ਤੋਂ ਬਚਾਅ ਲਈ ਫਰੀ ਵੈਕਸੀਨੇਸ਼ਨ ਕਰਨ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਕੋਵਿਡ ਕੇਅਰ ਕੇਂਦਰ ਸਥਾਪਤ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ 10 ਕੋਰੋਨਾ ਕੇਅਰ ਕੇਂਦਰ ਸਥਾਪਤ ਕਰਨ ਦੇ ਨਾਲ ਫਰੀ ਵੈਕਸੀਨੇਸ਼ਨ ਲਈ ਕੈਂਪ ਵੀ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ: ਬਲਾਤਕਾਰ ਕੇਸ 'ਚ ਗ੍ਰਿਫ਼ਤਾਰ ਟੀਵੀ ਅਦਾਕਾਰ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ ’ਚ ਭੇਜਿਆ

ਪਹਿਲਾਂ ਕੈਂਪ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਬਾਹਰ ਲਗਾਇਆ ਗਿਆ ਸੀ, ਜਿਸ ਵਿਚ ਇੱਕ ਹਜ਼ਾਰ ਦੇ ਕਰੀਬ ਵੈਕਸੀਨੇਸ਼ਨ ਕੀਤੀ ਗਈ। ਦੂਜਾ ਕੈਂਪ 4 ਜੂਨ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ (ਬਠਿੰਡਾ) ਵਿਖੇ ਲਗਾਇਆ ਗਿਆ ਹੈ ਅਤੇ 9 ਜੂਨ ਨੂੰ ਤੀਸਰਾ ਕੈਂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ ਵਿਚ ਸੰਗਤਾਂ ਦਾ ਵੱਡਾ ਸਹਿਯੋਗ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕੀ ਜੱਜ ਨੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਬੰਦੂਕਾਂ ਰੱਖਣ ’ਤੇ ਲੱਗੀ ਪਾਬੰਦੀ ਹਟਾਈ

ਬੀਬੀ ਜਗੀਰ ਕੌਰ ਨੇ ਕਿਹਾ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ, ਜਿਸ ਦੀ ਤਿਆਰੀ ਲਈ ਉਨ੍ਹਾਂ ਨੇ ਸੰਗਤਾਂ ਨੂੰ ਵੈਂਟੀਲੇਟਰ ਭੇਜਣ ਦੀ ਅਪੀਲ ਕੀਤੀ ਸੀ, ਜਿਸ ਦੇ ਤਹਿਤ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਸੇਵਾਵਾਂ ਵਿਚ ਹਿੱਸਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਅਜਮੇਰ ਸਿੰਘ ਖੇੜਾ ਦੇ ਸਪੁੱਤਰ ਵੱਲੋਂ ਵੀ ਇੱਕ ਵੈਂਟੀਲੇਟਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕੈਨੇਡਾ ਦੀਆਂ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਬੀਬੀ ਜਗੀਰ ਕੌਰ ਨੇ ਇਹ ਵੈਂਟੀਲੇਟਰ ਮਰੀਜ਼ਾਂ ਦੇ ਇਲਾਜ਼ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਸੌਂਪ ਦਿੱਤੇ।