'ਅਖੌਤੀ ਪੰਥਕ ਨੇਤਾਵਾਂ ਨੇ ਲਾਈ ਕੌਮ ਨੂੰ ਢਾਹ, ਮੌਕਾ ਸੰਭਾਲਣ ਪ੍ਰਚਾਰਕ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਜੂਨ ਤੋਂ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲਾਉਣ ਵਾਲੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਖੌਤੀ ਪੰਥਕ ਨੇਤਾਵਾਂ 'ਤੇ ਪੰਥ ਨੂੰ ਢਾਹ ਲਾਉਣ ਦਾ ਦੋਸ਼.........

Baljit Singh Daduwal and Other Sikh Personalities Involved in Bargari Morcha

ਕੋਟਕਪੂਰਾ/ਜੈਤੋ : ਇਕ ਜੂਨ ਤੋਂ ਬਰਗਾੜੀ ਵਿਖੇ ਇਨਸਾਫ਼ ਮੋਰਚਾ ਲਾਉਣ ਵਾਲੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅਖੌਤੀ ਪੰਥਕ ਨੇਤਾਵਾਂ 'ਤੇ ਪੰਥ ਨੂੰ ਢਾਹ ਲਾਉਣ ਦਾ ਦੋਸ਼ ਲਾਉਂਦਿਆਂ ਪ੍ਰਚਾਰਕਾਂ ਨੂੰ ਪ੍ਰਚਾਰ ਦਾ ਘੇਰਾ ਵਿਸ਼ਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕੌਮੀ ਮੋਰਚੇ ਲਈ ਸ਼੍ਰੋਮਣੀ ਕਮੇਟੀ ਦੇ ਯੋਗਦਾਨ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸਿੱਖਾਂ ਦੀ ਇਸ ਸੁਪਰੀਮ ਅਥਾਰਟੀ ਨੂੰ ਹੁਣ ਨਿਜੀ ਮੁਫ਼ਾਦ ਵਾਲੇ ਕੁੱਝ ਦੇ ਚੁੰਗਲ 'ਚੋਂ ਬਾਹਰ ਕੱਢਣ ਦੀ ਲੋੜ ਹੈ। ਭਾਈ ਮੰਡ ਨੇ ਗਿਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਿਰੁਧ ਸ਼੍ਰੋਮਣੀ ਕਮੇਟੀ ਨੂੰ ਪ੍ਰਚੰਡ ਆਵਾਜ਼ ਬਣਨਾ ਚਾਹੀਦਾ ਸੀ

ਪਰ ਅਫ਼ਸੋਸ ਉਸ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਕਰੀਬ 170 ਮੈਂਬਰ ਹਨ ਅਤੇ 34 ਦਿਨਾਂ ਤੋਂ ਬਰਗਾੜੀ ਵਿਚ ਕੌਮੀ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਖਾਂ ਦੇ ਪ੍ਰਤੀਨਿਧ ਹੋਣ ਦਾ ਦਾਅਵਾ ਕਰਨ ਵਾਲਿਆਂ ਕੋਲ ਕੀ ਇਸ ਕੌਮੀ ਮੋਰਚੇ ਵਿਚ ਹਾਜ਼ਰੀ ਲੁਆਉਣ ਲਈ ਇਕ ਦਿਨ ਦੀ ਵੀ ਫ਼ੁਰਸਤ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਦੱਬੇ-ਕੁਚਲੇ ਲੋਕਾਂ ਨੂੰ ਜਾਤ-ਪਾਤ ਤੋਂ ਮੁਕਤ ਕਰ ਕੇ ਸਿੱਖੀ ਦੇ ਲੜ ਲਾਇਆ ਸੀ ਪਰ ਹੁਣ ਸਾਡੇ 'ਅਪਣੇ' ਹੀ ਸਿੱਖੀ ਦੇ ਦੁਸ਼ਮਣ ਬਣ ਕੇ ਜਾਤ-ਪਾਤ ਨੂੰ ਹਵਾ ਦੇ ਰਹੇ ਹਨ। 

ਉਨ੍ਹਾਂ ਸਿੱਖ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਅਪਣਿਆਂ ਦੀ ਕਾਰਗੁਜ਼ਾਰੀ ਕਾਰਨ ਧਰਮ ਤੋਂ ਬੇਮੁਖ ਹੋਏ ਲੋਕਾਂ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਹਰ ਨਗਰ ਜਾ ਕੇ ਪ੍ਰਚਾਰ ਕੀਤਾ ਜਾਵੇ।  ਦੂਜੇ ਪਾਸੇ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਬਰਗਾੜੀ ਮੋਰਚੇ ਨਾਲ ਜੁੜੀਆਂ ਪੰਥਕ ਹਸਤੀਆਂ ਨਾਲ ਅਗਲੇ ਹਫ਼ਤੇ ਗੱਲਬਾਤ ਕਰ ਸਕਦੀ ਹੈ। ਸਰਕਾਰ ਤਰਫ਼ੋਂ ਮੋਰਚੇ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਬੁਲਾਵਾ ਭੇਜਿਆ ਗਿਆ ਹੈ।

ਬਰਗਾੜੀ ਮੋਰਚੇ ਦੀਆਂ ਮੁੱਖ ਮੰਗਾਂ ਬੇਅਦਬੀ ਘਟਨਾਵਾਂ ਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਹੈ। ਧਰਨੇ ਮੌਕੇ ਅੱਜ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ।