ਸ਼੍ਰੋਮਣੀ ਕਮੇਟੀ ਨੂੰ ਪ੍ਰਚਾਰਕਾਂ ਦੇ ਟਕਰਾਅ ਦਾ ਹੱਲ ਕਢਣਾ ਚਾਹੀਦੈ:  ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਿਚਕਾਰ ਪੈਦਾ ਹੋਏ ਟਕਰਾਅ ਬਾਰੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ...

Paramjit Singh Sarna

ਨਵੀਂ ਦਿੱਲੀ: ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਿਚਕਾਰ ਪੈਦਾ ਹੋਏ ਟਕਰਾਅ ਬਾਰੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਗੋਬਿੰਦ ਸਿੰਘ ਲੌਂਗੋਵਾਲ ਨੂੰ ਲਿੱਖੀ ਗਈ ਚਿੱਠੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਮਿਸਾਲੀ ਚਿੱਠੀ ਦਸਿਆ ਹੈ

ਤੇ ਕਿਹਾ ਹੈ ਕਿ ਉਨਾਂ੍ਹ ਆਪਣੀ ਸਿਆਸੀ ਜ਼ਿੰਦਗੀ ਵਿਚ ਕਿਸੇ ਵੀ ਮੁਖ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਜਿਹੀ ਚਿੱਠੀ ਲਿਖਦੇ ਹੋਏ ਨਹੀਂ ਵੇਖਿਆ। ਇਹ ਇਕ ਸੁਹਿਰਦ ਯਤਨ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਪੰਥਕ ਵਿਵਾਦਾਂ ਦਾ ਛੇਤੀ ਨਿਪਟਾਰਾ ਕਰਨ ਲਈ ਪਹਿਲ ਕਦਮੀ ਕਰਨ ਤੇ ਸਿੱਖੀ ਦਾ ਭਗਵਾਂਕਰਨ ਹੋਣ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਮੌਜੂਦਾ  ਵਿਵਾਦ ਦਾ ਹੱਲ ਕਢਣਾ ਚਾਹੀਦਾ ਹੈ, ਦੂਸ਼ਣਬਾਜ਼ੀ ਕਰ ਕੇ ਅਪਣੀ ਜ਼ਿੰੰਮੇਵਾਰੀ ਤੋਂ ਭਜਣਾ ਨਹੀਂ ਚਾਹੀਦਾ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪਹਿਲ ਦੇ ਆਧਾਰ ਤੇ ਮੌਜੂਦਾ ਟਕਰਾਅ ਦਾ ਹੱਲ ਕੱਢਣ ਦੀ ਬੇਨਤੀ ਕਰਦਿਆਂ ਕਿਹਾ ਜੇ ਅਮਨ ਕਾਨੂੰਨ ਦੀ ਹਾਲਤ ਬਣਾਏ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਧਾਰਮਕ ਰਵਾਇਤਾਂ ਦੀ ਸੰਭਾਲ ਦਾ ਕੰਮ ਧਾਰਮਕ ਸੰਸਥਾਵਾਂ ਦਾ ਫਰਜ਼ ਹੈ।ਉਨਾਂ੍ਹ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਬਾਦਲ ਦਲ ਅਖਉਤੀ ਤੌਰ 'ਤੇ ਆਰ.ਐਸ.ਐਸ. ਦਾ  ਥਾਪੜਾ ਲਈ ਬੈਠੇ ਸਿੱਖ ਪ੍ਰਚਾਰਕਾਂ ਨੂੰ ਸਿੱਖੀ ਦਾ ਭਗਵਾਂਕਰਨ ਕਰਨ ਦੀ ਖੁਲ੍ਹ ਦੇ ਰਹੇ ਹਨ ਤੇ ਇਹ ਪ੍ਰਚਾਰਕ ਸਿੱਖੀ ਦੇ ਮੁੱਢਲੇ ਸਿਧਾਂਤਾਂ ਨੂੰ ਹੀ ਤਹਿਸ ਨਹਿਸ ਕਰਨ ਦਾ ਕੋਝਾ ਯਤਨ ਕਰ ਰਹੇ ਹਨ।