ਚੀਫ਼ ਖ਼ਾਲਸਾ ਦੀਵਾਨ ਦੋ ਧੜਿਆਂ 'ਚ ਵੰਡਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੁੱਝ ਦਿਨ ਪਹਿਲਾਂ ਭਾਗ ਸਿੰਘ ਅਣਖੀ, ਹਰਭਜਨ ਸਿੰਘ ਸੋਚ ਤੇ ਅਵਤਾਰ ਸਿੰਘ ਨੂੰ ਮੁੜ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਬਣਾਏ ਜਾਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ  ਹੈ।

chief khalsa diwan

ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਭਾਗ ਸਿੰਘ ਅਣਖੀ, ਹਰਭਜਨ ਸਿੰਘ ਸੋਚ ਤੇ ਅਵਤਾਰ ਸਿੰਘ ਨੂੰ ਮੁੜ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਬਣਾਏ ਜਾਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ  ਹੈ। ਚੀਫ਼ ਖ਼ਾਲਸਾ ਦੀਵਾਨ ਦੋ ਧੜਿਆਂ 'ਚ ਵੰਡਿਆ ਗਿਆ ਹੈ। ਇਸ ਨਾਲ 9 ਦਸੰਬਰ ਨੂੰ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਵੀ ਹਨ ਤੇ ਆਪੋ-ਅਪਣੇ ਧੜੇ ਨੂੰ ਕਾਬਜ਼ ਕਰਨ ਲਈ ਮੋਹਤਬਰ ਮੈਂਬਰ ਲੱਗੇ ਹੋਏ ਹਨ।ਇਸੇ ਸਬੰਧੀ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਕੁੱਝ ਮੋਹਤਬਰ ਮੈਂਬਰ ਜਿਨ੍ਹਾਂ 'ਚ ਹਰਮਿੰਦਰ ਸਿੰਘ ਫ਼ਰੀਡਮ, ਸੰਤੋਖ ਸਿੰਘ ਸੇਠੀ, ਸਰਬਜੀਤ ਸਿੰਘ ਸੀਨੀ. ਮੀਤ ਪ੍ਰਧਾਨ, ਗੁਰਿੰਦਰ ਸਿੰਘ ਚਾਵਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ

ਗੁਰਬਚਨ ਸਿੰਘ ਨੂੰ ਮਿਲੇ ਅਤੇ ਦੋਸ਼ ਲਾਇਆ ਕਿ ਭਾਗ ਸਿੰਘ ਅਣਖੀ ਦੇ ਧੜੇ ਦੇ ਦੀਵਾਨ ਦੇ ਮੈਂਬਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗਰਮਾ ਗਰਮੀ ਤੇ ਗਾਲ ਮੰਦੇ ਕੱਢੇ ਹਨ ਜਿਨ੍ਹਾਂ 'ਚ ਪ੍ਰੋ. ਹਰੀ ਸਿੰਘ, ਜਸਪਾਲ ਸਿੰਘ ਢਿੱਲੋਂ, ਰਾਜਿੰਦਰ ਸਿੰਘ ਮਰਵਾਹ ਦੇ ਨਾਮ ਦਿਤੇ ਗਏ ਹਨ। ਇਨ੍ਹਾਂ ਮੈਂਬਰਾਂ ਨੇ ਇਹ ਦੋਸ਼ ਲਾਇਆ ਕਿ ਇਨ੍ਹਾਂ ਦੇ ਰੌਲੇ ਰੱਪੇ ਕਾਰਨ ਜ਼ਬਰਦਸਤੀ ਸਾਡੇ ਕੋਲੋਂ ਇਨ੍ਹਾਂ ਨੂੰ ਮੈਂਬਰ ਬਣਵਾਇਆ ਗਿਆ। ਇਨ੍ਹਾਂ ਮੈਂਬਰਾਂ ਵਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਚਿੱਠੀ ਅਤੇ ਸੀ.ਡੀ. ਦਿਤੀ ਗਈ |

ਜਿਸ ਵਿਚ ਉਨ੍ਹਾਂ ਵਲੋਂ ਭੱਦੀ ਸ਼ਬਦਾਵਲੀ ਦੀ ਰੀਕਾਰਡਿੰਗ ਮੌਜੂਦ ਹੈ। ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ 'ਤੇ ਤੁਰਤ ਕਾਰਵਾਈ ਕਰਨ।ਉਧਰ ਅਣਖੀ ਧੜੇ ਨਾਲ ਸਬੰਧ ਰਾਜਮਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆ ਵਾਲਿਆਂ ਵਲੋਂ ਇਕ ਜਾਰੀ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਧੰਨਰਾਜ ਸਿੰਘ ਨੇ ਖ਼ੁਦ ਅਣਖੀ, ਸੋਚ ਤੇ ਅਵਤਾਰ ਸਿੰਘ ਨੂੰ ਮੈਂਬਰ ਪਾਉਣ ਦੀ ਗੱਲ ਮੰਨੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮੈਂਬਰਸ਼ਿਪ ਫ਼ਾਰਮ ਭਰਨ ਦੀ ਰਸੀਦ ਨੰ: 4638, 4639 ਮੌਜੂਦ ਹੈ ਜੋ ਕਿ 24.9.2019 ਨੂੰ ਜਮ੍ਹਾਂ ਕਰਵਾਈ ਸੀ।

ਉਨ੍ਹਾਂ ਕਿਹਾ ਕਿ ਧੰਨਰਾਜ ਸਿੰਘ ਵਲੋਂ ਅਣਖੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਨਿਵਾਜਿਆ ਗਿਆ ਸੀ। ਇਸ ਸਬੰਧ 'ਚ ਗੁਰਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਗੁਲਦਸਤੇ ਤੇ ਸਿਰੋਪਾਉ ਦੇਣ ਨਾਲ ਕੋਈ ਵੀ ਮੈਂਬਰ ਨਹੀਂ ਬਣਦਾ, ਮੈਂਬਰ ਬਣਾਉਣ ਦੀ ਇਕ ਪ੍ਰਕਿਰਿਆ ਹੈ ਜੋ ਕਿ ਕਾਰਜਕਾਰਨੀ ਤੇ ਹਾਊਸ ਵਿਚ ਮਤਾ ਪਾਸ ਹੋਣਾ ਜ਼ਰੂਰੀ ਹੈ। ਆਉਣ ਵਾਲੇ ਦਿਨਾਂ 'ਚ ਇਹ ਸਿਆਸਤ ਦਾ ਅਖਾੜਾ ਬਣਿਆ ਬਹੁਤ ਰੰਗ ਦਿਖਾਏਗਾ।