ਚੀਫ਼ ਖ਼ਾਲਸਾ ਦੀਵਾਨ ਦੀ 25 ਮਾਰਚ ਨੂੰ ਹੋਈ ਚੋਣ ਧੋਖਾ: ਅਣਖੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਨੇ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਦੀ 25 ਮਾਰਚ 2018............

Bhag Singh Ankhi

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਨੇ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਦੀ 25 ਮਾਰਚ 2018 ਨੂੰ ਹੋਈ ਉਪ ਚੋਣ ਨੂੰ ਅੱਜ ਤਕ ਦੀ ਕਿਸੇ ਵੀ ਜਥੇਬੰਦੀ ਵਿਚ ਸੱਭ ਤੋਂ ਵੱਡਾ ਧੋਖਾ ਦਸਿਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿਚ 'ਦੀਵਾਨ' ਤੇ ਕਾਬਜ਼ ਅਧਿਕਾਰੀਆਂ ਨੇ ਆਪਸੀ ਮਿਲੀਭੁਗਤ ਨਾਲ ਗੁਰੁ ਸਾਹਿਬ ਦੀ ਹਜ਼ੂਰੀ ਵਿਚ ਜਾਅਲੀ ਵੋਟਾਂ ਤੋਂ ਇਲਾਵਾ ਪਤਿਤ ਵੋਟਾਂ ਵੀ ਭੁਗਤਾਈਆਂ ਜਿਨ੍ਹਾਂ ਬਾਰੇ ਦਸਣਾ ਜ਼ਰੂਰੀ ਹੈ।  ਉਨ੍ਹਾਂ ਕਿਹਾ ਕਿ ਦੀਵਾਨ ਦੀ ਮਿਤੀ 16 ਸਤੰਬਰ 2017 ਨੂੰ ਸ਼ਿਮਲਾ ਵਿਖੇ ਹੋਈ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਵਿਚ

'ਸੰਵਿਧਾਨ' ਦੇ ਨਿਯਮ 9-ਏ ਤਹਿਤ 131 ਮੈਬਰਾਂ ਜਿਨ੍ਹਾਂ ਨੇ ਜਰਨਲ ਹਾਊਸ ਦੀਆਂ 12 ਇਕੱਤਰਤਾਵਾਂ ਅਟੈਂਡ ਨਹੀਂ ਕੀਤੀਆਂ, ਦੀ ਮੈਂਬਰਸ਼ਿਪ ਖ਼ਤਮ ਸਮਝੀ ਜਾਵੇਗੀ ਤੇ 10-ਅ ਤਹਿਤ 266 ਮੈਂਬਰਾਂ ਜਿਨ੍ਹਾਂ ਨੇ ਲਗਾਤਾਰ ਦੋ ਸਾਲ ਦੀਵਾਨ ਦਾ ਚੰਦਾ ਜਮ੍ਹਾਂ ਨਹੀਂ ਕਰਾਇਆ, ਨੂੰ ਨੋਟਿਸ ਦਿਤਾ ਜਾਵੇ ਤੇ ਜਿਹੜੇ ਫਿਰ ਵੀ ਚੰਦਾ ਜਮ੍ਹਾਂ ਨਹੀਂ ਕਰਾਉਂਦੇ, ਉਨ੍ਹਾਂ ਦੀ ਮੈਂਬਰਸ਼ਿਪ ਖ਼ਾਰਜ ਸਮਝੀ ਜਾਵੇਗੀ। ਇਸ ਆਧਾਰ 'ਤੇ ਲਿਸਟਾਂ ਪੇਸ਼ ਕੀਤੀਆਂ ਗਈਆਂ ਸੰਵਿਧਾਨ ਵਿਚ ਇਹ ਬਿਲਕੁਲ ਸਪੱਸ਼ਟ ਹੈ ਕਿ 9-Â ਹੇਠ ਆਉਂਦੇ ਮੈਬਰਾਂ ਨੂੰ ਕਿਸੇ ਨੋਟਿਸ ਦੀ ਕੋਈ ਲੋੜ ਨਹੀਂ ਜਦਕਿ 10-ਅ ਵਿਚ ਨੋਟਿਸ ਦੀ ਸ਼ਰਤ ਲਾਜ਼ਮੀ ਹੈ। ਫਿਰ ਵੀ ਆਨਰੇਰੀ ਸਕੱਤਰ ਨਰਿੰਦਰ

ਸਿੰਘ ਖੁਰਾਣਾ ਨੇ ਪੱਤਰ ਨੰ. 1109/120 ਮਿਤੀ 4 ਅਕਤੂਬਰ 2017 ਰਾਹੀਂ 10-ਅ ਤਹਿਤ ਮੈਂਬਰਾਂ ਨੂੰ ਬਣਦੀ ਮੈਂਬਰਸ਼ਿਪ ਫ਼ੀਸ ਜਨਰਲ ਕਮੇਟੀ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਦਫ਼ਤਰ ਵਿਖੇ ਜਮ੍ਹਾਂ ਕਰਾਉਣ ਦੀ ਬੇਨਤੀ ਕੀਤੀ ਨਹੀਂ ਤਾਂ ਮੈਂਬਰਸ਼ਿਪ ਖ਼ਾਰਜ ਸਮਝੀ ਜਾਵੇਗੀ ਤੇ ਇਕ ਪੱਤਰ ਵਿਚ ਬੇਨਤੀ ਕੀਤੀ ਕਿ ਆਪ ਜਨਰਲ ਕਮੇਟੀ ਦੀ ਅਗਲੀ ਇਕੱਤਰਤਾ ਵਿਚ ਸ਼ਾਮਲ ਹੋਵੇਗੇ ਤਾਂ ਆਪ ਦੀ ਮੈਂਬਰਸ਼ਿਪ ਬਹਾਲ ਸਮਝੀ ਜਾਵੇਗੀ ਪਰ ਮਿਤੀ 25 ਅਕਤੂਬਰ 2017 ਨੂੰ ਹੋਈ ਜਨਰਲ ਕਮੇਟੀ ਦੀ ਮੀਟਿੰਗ ਪਿਛੋਂ ਵੀ ਆਨਰੇਰੀ ਸਕੱਤਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਓਦੋਂ ਤਕ ਗ਼ੈਰ-ਹਾਜ਼ਰ ਤੇ ਬਕਾਏ ਚੰਦੇ ਵਾਲੇ ਮੈਂਬਰਾਂ ਦੀ

'ਮੈਂਬਰਸ਼ਿਪ ਖ਼ਤਮ' ਹੋ ਚੁੱਕੀ ਸੀ, ਨੂੰ ਹਰ ਹਾਲਤ ਵਿਚ ਦੀਵਾਨ ਦੀ ਸੂਚੀ ਵਿਚੋਂ ਖ਼ਾਰਜ ਕਰ ਕੇ ਮੈਂਬਰਾਂ ਦੇ ਨਾਂ ਕੱਟੇ ਜਾਣੇ ਚਾਹੀਦੇ ਸਨ। ਇਸ ਲਈ ਅਪਣੀ ਡਿਊਟੀ ਨੂੰ ਇਮਾਨਦਾਰੀ ਦੀ ਥਾਂ ਬੇਈਮਾਨੀ ਨਾਲ ਨਿਭਾਉਣ ਵਾਲੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖ਼ੁਰਾਣਾ ਜ਼ਿੰਮੇਵਾਰ ਤੇ ਦੋਸ਼ੀ ਹੈ ਜਿਸ ਲਈ ਹੁਣ ਤਕ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਆਨਰੇਰੀ ਸਕੱਤਰ ਦੀ ਮਿਲੀਭੁਗਤ ਕਾਰਨ 161 ਵਿਚੋਂ 71 ਖ਼ਾਰਜ ਮੈਂਬਰਾਂ ਦੀਆਂ ਵੋਟਾਂ ਤੋਂ ਇਲਾਵਾ ਕਈ ਹੋਰ ਪਤਿਤ ਵੋਟਾਂ ਵੀ ਭੁਗਤਾਈਆਂ ਗਈਆ ਜਿਸ ਦੇ ਸਬੂਤ ਮਿਲਣ ਉਪ੍ਰੰਤ 14 ਮੈਂਬਰਾਂ ਨੇ 7 ਜੂਨ 2018 ਨੂੰ ਨਿਯਮ 23-ਅ ਹੇਠ

ਆਨਰੇਰੀ ਸਕੱਤਰ ਨੂੰ ਜਨਰਲ ਸਮਾਗਮ ਬੁਲਾਉਣ ਦਾ ਨੋਟਿਸ ਦੇ ਦਿਤਾ। ਅਣਖੀ ਨੇ ਕਿਹਾ ਕਿ ਉਨ੍ਹਾਂ ਅਪਣਾ ਸਾਰਾ ਜੀਵਨ ਦੀਵਾਨ ਦੇ ਲੇਖੇ ਲਾਇਆ ਹੈ, ਇਸ ਲਈ ਜਦ ਵੀ ਦੀਵਾਨ ਨਾਲ ਕੋਈ ਧੋਖਾ ਕਰਦਾ ਹੈ ਤਾਂ ਰਹਿ ਨਹੀਂ ਹੁੰਦਾ ਕਿਉਂਕਿ ਇਹ ਦੀਵਾਨ ਨਾਲ ਨਹੀਂ ਸਗੋਂ ਗੁਰੁ, ਪੰਥ, ਕੌਮ, ਮੈਬਰਾਂ ਤੇ ਵਿਧਾਨ ਨਾਲ ਧੋਖਾ ਹੈ ਜਿਸ ਲਈ ਉਹ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਇਸ ਜਥੇਬੰਦੀ ਨੂੰ ਦੀਵਾਨ 'ਤੇ ਕਾਬਜ਼ ਅਹੁਦੇਦਾਰਾਂ ਤੋਂ ਬਚਾਈਏ।