ਭਾਰਤ-ਪਾਕਿ 'ਚ ਸ਼ਾਂਤੀ ਸਥਾਪਤ ਕਰਵਾਉ, ਨਹੀਂ ਤਾਂ ਪੰਜਾਬ ਤਬਾਹ ਹੋ ਜਾਣਗੇ : ਸਿੱਖ ਕਾਕਸ ਕਮੇਟੀ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਸਿੱਖ ਕਾਕਸ ਕਮੇਟੀ ਨੇ ਅਮੈਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਦੇਸ਼ਾਂ ਵਿਚ ਪੈਦਾ...
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਸਿੱਖ ਕਾਕਸ ਕਮੇਟੀ ਨੇ ਅਮੈਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਦੇਸ਼ਾਂ ਵਿਚ ਪੈਦਾ ਹੋਏ ਜੰਗੀ ਮਾਹੌਲ ਬਾਰੇ ਮਸਲਾ ਸਟੇਟ ਵਿਭਾਗ ਕੋਲ ਉਠਾਵੇ। ਵਾਸ਼ਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖਾਲਸਾ) ਅਮਰੀਕਾ ਵਿਚਲੀ ਮਜ਼ਬੂਤ ਸਿੱਖ ਰਾਜਨੀਤਕ ਸੰਸਥਾ, ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਅਪੀਲ ਕੀਤੀ ਹੈ ਕਿ ਉਹ ਦਖਣੀ ਏਸ਼ੀਆ ਦੇ ਗੁਆਂਢੀ ਮੁਲਕਾਂ ਪਾਕਿਸਤਾਨ ਤੇ ਭਾਰਤ ਵਿਚ ਪੈਦਾ ਹੋਏ ਜੰਗੀ ਮਾਹੌਲ ਦੇ ਖ਼ਤਰਨਾਕ ਮਸਲੇ ਨੂੰ ਸਟੇਟ ਵਿਭਾਗ ਕੋਲ ਜ਼ੋਰਦਾਰ ਢੰਗ ਨਾਲ ਚੁੱਕਣ।
ਸੰਸਥਾ ਦੇ ਐਗਜੈਕਟਿਵ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਅਪਣੀ ਅਪੀਲ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਕੋਲ ਪ੍ਰਮਾਣੂੰ ਹਥਿਆਰ ਹਨ, ਜਿਨ੍ਹਾਂ ਦੇ ਚੱਲਣ ਨਾਲ ਵੱਡੀ ਤਬਾਹੀ ਮੱਚ ਸਕਦੀ ਹੈ ਤੇ ਇਹ ਤਬਾਹੀ ਦੋਵਾਂ ਦੇਸ਼ਾਂ ਤਕ ਹੀ ਸੀਮਤ ਨਹੀਂ ਰਹੇਗੀ ਬਲਕਿ ਇਸ ਦਾ ਅਸਰ ਬਹੁਤ ਸਾਰੇ ਦੇਸ਼ਾਂ ਉਤੇ ਪਵੇਗਾ, ਕਰੋੜਾਂ ਲੋਕ ਮਾਰੇ ਜਾਣਗੇ। ਦੋਵੇਂ ਦੇਸ਼ ਗ਼ਰੀਬ ਦੇਸ਼ਾਂ ਦੀ ਸੂਚੀ ਵਿਚ ਸੱਭ ਤੋਂ ਹੇਠਾਂ ਹਨ ਤੇ ਜੰਗ ਲੱਗਣ ਦੀ ਸੂਰਤ ਵਿਚ ਦੋਵੇਂ ਦੇਸ਼ ਪੱਛੜ ਜਾਣਗੇ ਤੇ ਹੋਰ ਗ਼ਰੀਬ ਹੋ ਜਾਣਗੇ। ਇਸ ਕਰ ਕੇ ਸਟੇਟ ਵਿਭਾਗ ਨੂੰ ਅਪਣੇ ਪ੍ਰਭਾਵ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਾਲਾਂਕਿ ਪਹਿਲਾ ਹੀ ਸਟੇਟ ਵਿਭਾਗ ਨੇ ਦੋਵਾਂ ਦੇਸ਼ਾਂ ਨਾਲ ਸੰਪਰਕ ਕਰ ਕੇ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਪ੍ਰਤੀ ਨਰਮ ਰੁਖ ਅਖ਼ਤਿਆਰ ਕਰਨ ਲਈ ਕਿਹਾ ਹੈ ਤੇ ਕਿਸੇ ਵੀ ਕਿਸਮ ਦੀ ਭੜਕਾਊ ਕਾਰਵਾਈ ਤੋਂ ਟਾਲਾ ਵੱਟਣ ਦੀ ਜ਼ੋਰਦਾਰ ਸਲਾਹ ਦਿਤੀ ਹੈ ਪਰ ਇਸ ਦੇ ਬਵਾਜੂਦ ਵੀ ਸਿੱਖ ਕਾਕਸ ਕਮੇਟੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਗੰਭੀਰ ਮਾਮਲੇ ਨੂੰ ਉਠਾਉਣ ਲਈ ਕਿਹਾ ਹੈ। ਕਾਕਸ ਦੇ ਡਾਇਰੈਕਟਰ ਭਾਈ ਸੰਧੂ ਨੇ ਡੈਮੋਕਰੈਟਿਕ ਜਾਹਨ ਗੈਰੀਮੈਂਡੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਸ ਵੇਲੇ ਹਾਲਤ ਬੜੇ ਸੰਵੇਦਨਸ਼ੀਲ ਬਣੇ ਹੋਏ ਹਨ ਤੇ ਭਾਰਤ ਪਾਕਿਸਤਾਨ ਦੀ ਸਰਹੱਦ ਸਿੱਖਾਂ ਦੀ ਬਹੁਗਿਣਤੀ ਵਾਲੇ ਸੂਬੇ ਪੰਜਾਬ ਨਾਲ ਲਗਦੀ ਹੈ ਤੇ ਪੰਜਾਬ ਦੀ ਸਰਹੱਦ ਦੇ ਨਾਲ ਨਾਲ ਜੰਗ ਵਾਲਾ ਮਾਹੌਲ ਹੈ, ਜਿਸ ਨਾਲ ਤਣਾਅ ਵਧ ਰਿਹਾ ਹੈ ਤੇ ਜੇ ਜੰਗ ਛਿੜਦੀ ਹੈ ਤਾਂ ਪੰਜਾਬ ਦੀ ਬਹੁਤ ਤਬਾਹੀ ਹੋ ਸਕਦੀ ਹੈ।
ਜਨਾਬ ਗੈਰੀਮੈਂਡੀ, ਜੋ ਅਮਰੀਕੀ ਸਿੱਖ ਕਾਂਗਰੈਸ਼ਨਲ ਕਾਕਸ ਦੇ ਦੇ ਸਹਿ-ਮੁਖੀ ਹਨ, ਨੂੰ ਅਪਣਾ ਪ੍ਰਭਾਵ ਵਰਤ ਕੇ ਜੰਗ ਵਾਲੀ ਹਾਲਤ ਨੂੰ ਟਾਲਣ ਲਈ ਵਾਰ ਵਾਰ ਬੇਨਤੀ ਕੀਤੀ ਹੈ।