Lok Sabha Elections 2024: ਪੰਥਕ ਜਥੇਬੰਦੀਆਂ ਨੇ ਸੂਰੀ ਕਾਂਡ ਵਾਲੇ ਸੰਦੀਪ ਸਿੰਘ ਸਨੀ ਨੂੰ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਗੂਆਂ ਨੇ ਵੱਖ ਵੱਖ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਈ ਸਨੀ ਨੂੰ ਸਮਰਥਨ ਦੇਣ।

Sandeep Singh Sunny to contest Lok Sabha polls

Lok Sabha Elections 2024: ਵੱਖ ਵੱਖ ਪੰਥਕ ਜਥੇਬੰਦੀਆਂ ਨੇ ਸੂਰੀ ਕਾਂਡ ਵਾਲੇ ਸੰਦੀਪ ਸਿੰਘ ਸਨੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਲਿਆ ਹੈ। ਗੁਰਦਵਾਰਾ ਅਟਾਰੀ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲੈਂਦਿਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ 7 ਮਈ ਨੂੰ ਸੰਦੀਪ ਸਿੰਘ ਸਨੀ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਜਾਣਗੇ। ਆਗੂਆਂ ਨੇ ਵੱਖ ਵੱਖ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਨੀ ਨੂੰ ਸਮਰਥਨ ਦੇਣ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥਾ ਸਿਰਲੱਥ ਖ਼ਾਲਸਾ ਦੇ ਦਿਲਬਾਗ ਸਿੰਘ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਈਮਾਨ ਸਿੰਘ ਮਾਨ ਵੀ ਸਾਡੇ ਕੋਲ ਪਹੁੰਚ ਕਰ ਚੁੱਕੇ ਹਨ ਅਤੇ ਅਸੀਂ ਉਨ੍ਹਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਸੱਭ ਤੋਂ ਪਹਿਲਾਂ ਸੰਦੀਪ ਸਿੰਘ ਸਨੀ ਦੇ ਪ੍ਰਵਾਰ ਨਾਲ ਇਸ ਬਾਰੇ ਗੱਲ ਕਰਨ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਬਾਕੀ ਸਾਰੀਆਂ ਪਾਰਟੀਆਂ ਨੂੰ ਅੰਮ੍ਰਿਤਸਰ ਦਾ ਚੋਣ ਮੈਦਾਨ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਇਕ ਵੱਡਾ ਅਖਾੜਾ ਹੈ ਅਤੇ ਸਾਨੂੰ ਕੁਰਬਾਨੀ ਵਾਲੇ ਸਿੰਘਾਂ ਦੇ ਸਮਰਥਨ ਦੇਣ ਲਈ ਕੰਮ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਭਾਈ  ਸੰਦੀਪ ਸਿੰਘ ਸੰਨੀ ਨੇ ਸੁਧੀਰ ਸੂਰੀ ਨੂੰ ਨਿਜੀ ਝਗੜੇ ਕਾਰਨ ਨਹੀਂ ਬਲਕਿ ਇਸ ਲਈ ਮਾਰਿਆ ਸੀ ਕਿਉਂਕਿ ਸੂਰੀ ਨੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਸਾਰੀ ਕੌਮ ਨੂੰ ਉਸ ਦੇ ਸਮਰਥਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 7 ਮਈ ਨੂੰ ਅਸੀਂ ਕਾਗ਼ਜ਼ ਦਾਖ਼ਲ ਕਰਵਾਉਣ ਤੋਂ ਪਹਿਲਾਂ ਸਵੇਰੇ 9:00 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰਾਂਗੇ ਅਤੇ ਚੋਣ ਜਿਤ ਕੇ  ਉਨ੍ਹਾਂ ਨੂੰ ਜੇਲ ਵਿਚੋਂ ਬਾਹਰ ਲਿਆਵਾਂਗੇ। ਸਾਨੂੰ ਅਪਣੇ ਪੰਥਕ ਆਗੂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਅਗੇ ਕਿਹਾ ਕਿ ਇਸ ਬਾਰੇ ਸੰਦੀਪ ਸਿੰਘ ਸਨੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਵੀ ਹਾਂ ਪੱਖੀ ਹੁੰਗਾਰਾ ਭਰਿਆ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਦਸਿਆ ਕਿ ਵੱਖ ਵੱਖ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਸੰਦੀਪ ਸਿੰਘ ਸਨੀ ਨੂੰ ਅੰਮ੍ਰਿਤਸਰ ਤੋਂ ਪਾਰਲੀਮੈਂਟ ਵਿਚ ਸਿੱਖ ਮਸਲੇ ਉਠਾਉਣ ਲਈ ਭੇਜਣਾ ਚਾਹੀਦਾ ਹੈ ਅਤੇ ਸੰਗਤਾਂ ਨੂੰ ਇਨ੍ਹਾਂ ਚੋਣਾਂ ਵਿਚ ਸੰਦੀਪ ਸਿੰਘ ਸਨੀ ਦਾ ਸਾਥ ਦੇਣਾ ਚਾਹੀਦਾ ਹੈ।