ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਜਰੂਰ ਪੂਰਾ ਕਰਾਂਗੇ: ਦਲ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ ਵਲੋਂ ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ....

Protesting Dal Khalsa Activists.

ਅੰਮ੍ਰਿਤਸਰ: ਦਲ ਖ਼ਾਲਸਾ ਵਲੋਂ ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਸ਼ਹਿਰ ਦੀਆਂ ਸੜਕਾਂ ਉੱਤੇ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ ਗਈ ।

'ਹਮਲੇ ਦੇ ਜ਼ਖਮ ਅੱਜ ਤਕ ਰਿਸਦੇ ਹਨ, ਪੀੜ ਸੱਜਰੀ ਹੈ ਅਤੇ ਆਜ਼ਾਦੀ ਸੰਘਰਸ਼ ਜਾਰੀ ਹੈ' ਵਰਗੇ ਸੁਨੇਹੇ ਲਿਖੇ ਪੋਸਟਰ ਅਤੇ ਖਾਲਸਾਈ ਝੰਡੇ ਫੜ੍ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਮਾਰਚ ਵਿਚ ਸ਼ਾਮਿਲ ਹੋ ਕੇ ਪੰਜਾਬ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।

ਜਥੇਬੰਦੀ ਵਲੋਂ ਸਜਾਏ ਗਏ ਫਲੋਟ ਉਤੇ ਸੰਤ ਜਰਨੈਲ ਸਿੰਘ ਖਾਲਸਾ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਦੀਆਂ ਤਸਵੀਰਾਂ ਹੇਠਾਂ 'ਫਖ਼ਰ-ਏ-ਕੌਮ' ਲਿਖਿਆ ਸੀ । ਪਹਿਲੀ ਵਾਰ ਦਲ ਖਾਲਸਾ ਨੇ ਮਾਰਚ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਦੀਆਂ ਸਪੀਚਾਂ, ਨਾਭੇ ਵਾਲੀ ਬੀਬੀਆਂ ਦੀਆਂ ਜੋਸ਼ੀਲੀ ਵਾਰਾਂ ਦੀਆਂ ਸੀ.ਡੀ ਚਲਾਈਆਂ ਜੋ ਕਿ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਲਈ ਆਕਰਸ਼ਿਤ ਦਾ ਕੇਂਦਰ-ਬਿੰਦੂ ਸੀ। ਮਾਰਚ ਦੀ ਸਮਾਪਤੀ 'ਤੇ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਨਮਿਤ ਅਰਦਾਸ ਕੀਤੀ ਗਈ। 

34 ਸਾਲ ਪਹਿਲਾਂ ਹੋਏ ਦਰਬਾਰ ਸਾਹਿਬ 'ਤੇ ਹਮਲੇ ਦੇ ਰੋਸ ਵਜੋਂ ਦਿੱਤੇ 5 ਜੂਨ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਮੁੜ ਦੁਹਰਾਉਂਦਿਆਂ ਦਲ ਖਾਲਸਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਉਹ ਇਸ ਹਮਲੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਆਪਣੇ ਕਾਰੋਬਾਰੀ ਅਤੇ ਦਫਤਰੀ ਅਦਾਰੇ ਬੰਦ ਰੱਖਣ।
ਦਲ ਖਾਲਸਾ ਨੇ ਸਿੱਖ ਭਾਈਚਾਰੇ ਨੂੰ ਲੋਕਤੰਤਰਿਕ ਤਰੀਕੇ ਨਾਲ ਸਿੱਖ ਕੌਮ ਦੀਆਂ ਇੱਛਾਵਾਂ ਦੀ ਪੂਰਤੀ ਲਈ ਸੰਘਰਸ਼ ਤੇਜ ਕਰਨ ਅਤੇ ਭਵਿੱਖ ਵਿੱਚ ਸੰਘਰਸ਼ ਦੀ ਲੀਡਰਸ਼ਿਪ ਵਿੱਚ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ ਹੈ। 

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਸਿੱਖ ਸੰਘਰਸ਼ ਨੂੰ ਵੀ ਉਹਨਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਜੂਨ 1984 ਵਿੱਚ ਭਾਰਤੀ ਫ਼ੌਜਾਂ ਦੁਆਰਾ ਟੈਂਕਾਂ ਅਤੇ ਤੋਪਾਂ ਨਾਲ ਦਰਬਾਰ ਸਾਹਿਬ ਉੱਤੇ ਕੀਤਾ ਹਮਲਾ ਇਕ ਇਤਿਹਾਸਕ ਘਟਨਾ ਸੀ ਜਿਸ ਨੇ ਸਿੱਖ ਮਾਨਸਿਕਤਾ ਉੱਪਰ ਸਥਾਈ ਗਹਿਰਾ ਜ਼ਖ਼ਮ ਛੱਡ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੁਨਿਆਦੀ ਮੁੱਦਾ ਉਹਨਾਂ ਸਿਆਸੀ ਤੇ ਧਾਰਮਿਕ ਉਦੇਸ਼ਾਂ ਦਾ ਹੱਲ ਕਰਨਾ ਹੈ ਜਿਸ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸਿੱਖਾਂ ਨੂੰ ਸੰਘਰਸ਼ ਚੱਲਦਾ ਰੱਖਣ ਦੇ ਨਾਲ ਨਾਲ ਉਨ੍ਹਾਂ ਮੌਕਾਪ੍ਰਸਤ ਰਾਜਨੀਤਿਕ ਲੋਕਾਂ ਤੋਂ ਸੁਚੇਤ ਹੋਣ ਲਈ ਵੀ ਕਿਹਾ ਜੋ ਸੰਘਰਸ਼ ਲਈ ਹੋਈਆਂ ਕੁਰਬਾਨੀਆਂ ਦਾ ਰਾਜਨੀਤਿਕ ਸ਼ੋਸ਼ਣ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਦਾ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹਾਲਾਤ ਆਪ ਹੀ ਉਨ੍ਹਾਂ ਵੱਲ ਇਸ਼ਾਰਾ ਕਰ ਰਹੇ ਹਨ।

ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਅਕਾਲੀ ਦਲ ਦੁਆਰਾ ਲੰਗਰ ਦੀਆਂ ਵਸਤਾਂ ਉੱਪਰ ਜੀ.ਐੱਸ.ਟੀ ਦੀ ਛੋਟ ਉੱਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਇਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਰਵਾਇਤੀ ਲੀਡਰਸ਼ਿਪ ਲੰਗਰ ਤੇ ਪਵਿੱਤਰ ਸਿਧਾਂਤ ਨੂੰ ਨੁਕਸਾਨ ਪਹੁੰਚਾਉਣ ਦੀ ਹੱਦ ਤੱਕ ਚਲੀ ਗਈ ਹੈ । ਉਨ੍ਹਾਂ ਕਿਹਾ ਕਿ ਲੰਗਰ ਸਿਰਫ਼ ਇੱਕ ਮੁਫ਼ਤ ਰਸੋਈ ਹੀ ਨਹੀਂ ਹੈ ਬਲਕਿ ਸਮਾਨਤਾਵਾਦੀ ਸਮਾਜਿਕ ਕ੍ਰਮ ਦਾ ਪ੍ਰਤੀਕ ਹੈ ਜਿਸ ਨੂੰ ਇਨ੍ਹਾਂ ਲੋਕਾਂ ਨੇ ਛੋਟਾ ਕੀਤਾ ਹੈ।*

ਜਜ਼ਬਿਆਂ ਨਾਲ ਭਰੇ ਇਸ ਰੋਹ ਭਰਪੂਰ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਉਤੇ ਹਮਲਾ ਭਾਜਪਾ ਨੇ ਮੰਗਿਆ, ਕਾਂਗਰਸ ਨੇ ਕੀਤਾ ਅਤੇ ਸਮੁੱਚੇ ਭਾਰਤ ਨੇ ਖੁਸ਼ੀ ਮਨਾਈ। ਜ਼ਜਬਾਤੀ ਹੁੰਦਿਆਂ ਉਹਨਾਂ ਕਿਹਾ ਕਿ ਉਸ ਹਮਲੇ ਦੌਰਾਨ ਦਰਸ਼ਨਾਂ ਲਈ ਆਈਆਂ ਹਜ਼ਾਰਾਂ ਸਿੱਖ ਸੰਗਤਾਂ, ਸ਼੍ਰੋਮਣੀ ਕਮੇਟੀ ਮੁਲਾਜ਼ਮ, ਰਾਜਨੀਤਕ ਕਾਰਕੁੰਨ ਅਤੇ ਸੇਵਾਦਾਰਾਂ ਦਾ ਭਾਰਤੀ ਫੌਜ ਨੇ ਕਤਲੇਆਮ ਕੀਤਾ ਸੀ।

ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਦੀਆਂ ਹੋਰ ਵੱਡੀਆਂ ਤਾਕਤਾਂ ਕੋਲੋਂ ਜੰਗੀ ਅਪਰਾਧ ਦੇ ਦੋਸ਼ਾਂ ਤਹਿਤ ਦਰਬਾਰ ਸਾਹਿਬ ਉਤੇ ਹਮਲੇ ਦੀ ਅਗਵਾਈ ਕਰਨ ਵਾਲੇ ਦੋਸ਼ੀ ਫੋਜੀ ਅਫਸਰਾਂ ਅਤੇ ਉਸ ਮੌਕੇ ਦੇ ਹਾਕਮਾਂ ਖਿਲਾਫ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਆਮ ਸੰਗਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੱਥ ਪਿੱਠਾਂ ਪਿੱਛੇ ਬੰਨ੍ਹ ਕੇ ਗੋਲੀਆਂ ਅਤੇ ਬੰਬਾਂ ਨਾਲ ਮਾਰ ਦਿੱਤਾ ਗਿਆ ਸੀ।

ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਾਰਟੀ ਦੇ ਜਨਰਲ ਸਕਤਰ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਸਿੱਖ ਨੌਜਵਾਨਾਂ ਨੂੰ ਭਾਰਤੀ ਮੁੱਖਧਾਰਾ ਤੋਂ ਵੱਖਰੇ ਵਿਚਾਰ ਰੱਖਣ ਕਾਰਨ ਕੇਂਦਰੀ ਏਜੰਸੀਆਂ ਅਤੇ ਪੁਲਿਸ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਸ਼ਿਲਾਂਗ ਵਿੱਚ ਸਿੱਖ ਭਾਈਵਾਰੇ ਨਾਲ ਕੀਤੇ ਦੁਰਵਿਹਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਘੱਟ-ਗਿਣਤੀਆਂ ਦੀ ਜਾਨ-ਮਾਲ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਸੁਰਖਿਅਤ ਨਹੀਂ ਹੈ। 

ਇਸ ਮੌਕੇ ਬਲਦੇਵ ਸਿੰਘ ਸਿਰਸਾ, ਬਾਬਾ ਰੇਸ਼ਮ ਸਿੰਘ, ਅਮਰੀਕ ਸਿੰਘ ਈਸ਼ੜੂ, ਬਾਬਾ ਸੱਜਣ ਸਿੰਘ, ਮਨਧੀਰ ਸਿੰਘ, ਰਣਬੀਰ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਗੁਰਦੀਪ ਸਿੰਘ ਕਾਲਕੱਟ, ਜਸਵੀਰ ਸਿੰਘ ਖੰਡੂਰ, ਅਵਤਾਰ ਸਿੰਘ ਜਲਾਲਾਬਾਦ, ਕੁਲਦੀਪ ਸਿੰਘ, ਗੁਰਪੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ , ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਆਦਿ ਸ਼ਾਮਿਲ ਹੋਏ। 
ਤਸਵੀਰ ਕੈਪਸ਼ਨ ਦਲ ਖਾਲਸਾ ਦੇ ਕਾਰਕੁਨ ਮਾਰਚ ਕਰਦੇ ਹੋਏ