ਬਖ਼ਸ਼ੇ ਨਹੀਂ ਜਾਣਗੇ ਹਿੰਦੂਆਂ-ਸਿੱਖਾਂ ਦੇ ਕਾਤਲ: ਅਫ਼ਗ਼ਾਨੀ ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਥੋਂ ਦੇ ਕਰਤ-ਏ-ਪਰਵਾਨ ਖੇਤਰ ਵਿਚ ਸਥਿਤ ਇਕ ਗੁਰਦਵਾਰੇ ਵਿਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਮੱਥਾ ਟੇਕ ਕੇ ਜਲਾਲਾਬਾਦ..........

Meeting with Sikh Leaders, Afghan President Ashraf Ghani

ਕਾਬੁਲ : ਇਥੋਂ ਦੇ ਕਰਤ-ਏ-ਪਰਵਾਨ ਖੇਤਰ ਵਿਚ ਸਥਿਤ ਇਕ ਗੁਰਦਵਾਰੇ ਵਿਚ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਮੱਥਾ ਟੇਕ ਕੇ ਜਲਾਲਾਬਾਦ ਵਿਚ ਹੋਏ ਅਤਿਵਾਦੀ ਹਮਲੇ ਦੌਰਾਨ ਮਾਰੇ ਗਏ ਹਿੰਦੂ ਤੇ ਸਿੱਖਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਰਾਸ਼ਟਰਪਤੀ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਜਲਾਲਾਬਾਦ ਵਿਚ ਹਿੰਦੂ-ਸਿੱਖਾਂ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ ਜਦ ਉਹ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਮਿਲਣ ਲਈ ਜਾ ਰਹੇ ਸਨ।

ਇਸ ਹਮਲੇ ਵਿਚ ਲਗਭਗ 20 ਜਣੇ ਮਾਰੇ ਗਏ ਸਨ ਜਿਨ੍ਹਾਂ ਵਿਚੋਂ ਲਗਭਗ 17 ਸਿੱਖ ਸਨ। ਇਸ ਹਮਲੇ ਵਿਚ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਮਾਰੇ ਗਏ ਸਨ ਜੋ ਕਿ ਆਉਣ ਵਾਲੇ ਸਮੇਂ ਵਿਚ ਸੰਸਦੀ ਚੋਣਾਂ ਲੜਨ ਜਾ ਰਹੇ ਸਨ। ਗੁਰਦਵਾਰੇ ਵਿਚ ਮੱਥਾ ਟੇਕਣ ਤੋਂ ਬਾਅਦ ਅਸ਼ਰਫ਼ ਗ਼ਨੀ ਨੇ ਪੀੜਤ ਸਿੱਖ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਹਿੰਦੂ ਅਤੇ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਲਈ ਮਾਣ ਕਹਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਸਰਕਾਰ ਹਿੰਦੂ ਅਤੇ ਸਿੱਖਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਨਰਿੰਦਰ ਸਿੰਘ ਨੂੰ ਅਫ਼ਗ਼ਾਨਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਦਾ ਨਵਾਂ ਆਗੂ ਨਿਯੁਕਤ ਕੀਤਾ ਗਿਆ। ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਵੀ ਗੁਰਦਵਾਰੇ ਮੱਕਾ ਟੇਕ ਕੇ ਹਮਲੇ ਵਿਚ ਮਾਰੇ ਗਏ ਸਿੱਖਾਂ ਪ੍ਰਤੀ ਹਮਦਰਦੀ ਪ੍ਰਗਟਾਈ। ਇਸ ਦੌਰਾਨ ਜਲਾਲਾਬਾਦ ਹਮਲੇ ਦੇ ਵਿਰੋਧ ਵਿਚ ਕਾਬੁਲ ਦੇ ਰਹਿਣ ਵਾਲੇ ਲੋਕਾਂ ਨਾਲ ਰੋਸ ਪ੍ਰਦਰਸ਼ਨ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਫ਼ਗ਼ਾਨਿਸਤਾਨ ਸਰਕਾਰ ਦੀ ਨਿਖੇਧੀ ਕਰਦਿਆਂ ਇਸ ਹਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।