ਲੰਦਨ 'ਚ ਸਿੱਖਾਂ ਦੀ ਰੈਲੀ ਉਤੇ ਪਾਬੰਦੀ ਲਾ ਦੇਣ ਦੀ ਮੰਗ ਥੇਰੈਸਾ ਮੇਅ ਨੇ ਪ੍ਰਵਾਨ ਨਾ ਕੀਤੀ
ਖਾਲਿਸਤਾਨ ਦੇ ਹੱਕ 'ਚ ਸਿੱਖਾਂ ਦੀ 12 ਅਗੱਸਤ ਨੂੰ ਲੰਦਨ ਵਿਖੇ ਹੋਣ ਜਾ ਰਹੀ ਰੈਲੀ ਉਤੇ ਪਾਬੰਦੀ ਲਾਉਣ ਦੀ ਭਾਰਤ ਦੀ ਮੰਗ ਬ੍ਰਿਟਿਸ਼ ਸਰਕਾਰ ਨੇ ਪ੍ਰਵਾਨ ਨਹੀਂ ਕੀਤੀ........
ਲੰਦਨ : ਖਾਲਿਸਤਾਨ ਦੇ ਹੱਕ 'ਚ ਸਿੱਖਾਂ ਦੀ 12 ਅਗੱਸਤ ਨੂੰ ਲੰਦਨ ਵਿਖੇ ਹੋਣ ਜਾ ਰਹੀ ਰੈਲੀ ਉਤੇ ਪਾਬੰਦੀ ਲਾਉਣ ਦੀ ਭਾਰਤ ਦੀ ਮੰਗ ਬ੍ਰਿਟਿਸ਼ ਸਰਕਾਰ ਨੇ ਪ੍ਰਵਾਨ ਨਹੀਂ ਕੀਤੀ। ਪੰਜਾਬ ਦੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ ਵਿਖੇ 2010 ਦੌਰਾਨ ਇਕ ਬੰਬ ਧਮਾਕੇ ਦੇ ਮਾਮਲੇ 'ਚ ਭਾਰਤ ਸਰਕਾਰ ਵਲੋਂ ਲੋੜੀਂਦਾ ਸ਼ੱਕੀ ਪਰਮਜੀਤ ਸਿੰਘ ਪੰਮਾ ਇਸ ਰੈਲੀ ਨੂੰ ਟਾਰਫ਼ਲਗਰ ਸੁਕੇਅਰ ਵਿਖੇ ਕਰਵਾ ਰਿਹਾ ਹੈ। ਹਾਲਾਂਕਿ ਪੰਮਾ ਅਪਣੇ ਵਿਰੁਧ ਲਾਏ ਦੋਸ਼ਾਂ ਨੂੰ ਨਕਾਰਦਾ ਆ ਰਿਹਾ ਹੈ।
ਪੰਮਾ ਬਰਮਿੰਘਮ 'ਚ ਸ਼ਰਨਾਰਥੀ ਵਜੋਂ ਰਹਿੰਦਾ ਹੈ ਜੋ ਕਿ 'ਰਾਏਸ਼ੁਮਾਰੀ 2020' ਲਈ 'ਲੰਦਨ ਐਲਾਨਨਾਮਾ' ਵਜੋਂ ਕਰਵਾਈ ਜਾ ਰਹੀ ਰੈਲੀ ਦਾ ਸੱਦਾ ਦੇਣ ਵਾਲਿਆਂ 'ਚ ਸ਼ਾਮਲ ਹੈ। ਇਸ ਰਾਏਸ਼ੁਮਾਰੀ ਦਾ ਮੰਤਵ ਖਾਲਿਸਤਾਨ ਨਾਮਕ ਨਵਾਂ ਦੇਸ਼ ਸਿਰਜਣਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਐਤਵਾਰ ਨੂੰ ਰੈਲੀ 'ਚ 10 ਹਜ਼ਾਰ ਸਿੱਖ ਸ਼ਾਮਲ ਹੋਣਗੇ।
ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਰੈਲੀ ਦੀ ਖ਼ਬਰ ਆਉਣ ਮਗਰੋਂ ਬ੍ਰਿਟਿਸ਼ ਸਰਕਾਰ ਕੋਲ ਵਿਰੋਧ ਪ੍ਰਗਟਾਇਆ ਸੀ ਅਤੇ ਰੈਲੀ 'ਤੇ ਪਾਬੰਦੀ ਲਾਉਣ ਲਈ ਕਿਹਾ ਸੀ। ਹਾਲਾਂਕਿ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਭਾਰਤ ਸਰਕਾਰ ਦੀ ਮੰਗ ਨਹੀਂ ਮੰਨੀ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਲੋਕਾਂ ਨੂੰ ਕਾਨੂੰਨ ਦੇ ਘੇਰੇ ਅੰਦਰ ਰਹਿ ਕੇ ਇਕੱਠੇ ਹੋਣ ਅਤੇ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਅਮਰੀਕਾ ਆਧਾਰਤ ਸਿੱਖਜ਼ ਫ਼ਾਰ ਜਸਟਿਸ ਇਸ ਰੈਲੀ ਦੀਆਂ ਤਿਆਰੀਆਂ ਕਰ ਰਿਹਾ ਹੈ। (ਏਜੰਸੀਆਂ)