ਭਾਰੀ ਮੀਂਹ ਮਗਰੋਂ ਗੋਆ ਦੇ ਦੀਪ 'ਤੇ ਕਈ ਲੋਕ ਫਸੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

8 ਬੱਸਾਂ ਵੀ ਭਾਰੀ ਬਾਰਸ਼ ਕਾਰਨ ਗੋਆ-ਕਰਨਾਟਕ ਸਰਹੱਦ 'ਤੇ ਫਸੀਆਂ

Heavy rains cause flooding in Goa villages, several evacuated

ਪੰਜੀ : ਗੋਆ ਵਿਚ ਭਾਰੀ ਬਾਰਸ਼ ਤੋਂ ਬਾਅਦ ਪੰਜੀ ਨੇੜੇ ਦਿਵਾਰ ਦੀਪ 'ਤੇ ਕਈ ਲੋਕ ਫਸੇ ਹੋਏ ਹਨ। ਕਰਨਾਟਕ ਨਾਲ ਲਗਦੀ ਸੂਬੇ ਦੀ ਸਰਹੱਦ ਨੇੜੇ 8 ਬੱਸਾਂ ਵੀ ਫਸੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਭਾਰੀ ਬਾਰਸ਼ ਕਾਰਨ ਕਈ ਮੈਦਾਨੀ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਦੀਪ 'ਤੇ ਫਸੇ ਸਥਾਨਕ ਵਾਸੀਆਂ ਵਿਚ ਮਨੋਹਰ ਭੋਮਕਰ (70) ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪੋਸਟ ਕੀਤਾ ਹੈ ਜਿਸ ਵਿਚ ਦੀਪ 'ਤੇ ਕੁਝ ਘਰ ਜਲਥਲ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਉ ਸਾਹਮਣੇ ਆਉਣ 'ਤੇ ਜਲ ਪ੍ਰਬੰਧ ਮੰਤਰੀ ਫਿਲੀਪ ਨੇਰੀ ਰੋਡ੍ਰਿਗਸ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਦੀਪ 'ਤੇ ਫਸੇ ਲੋਕਾਂ ਦੀ ਗਿਣਤੀ ਕਿੰਨੀ ਹੈ।

ਵੀਡੀਉ ਵਿਚ ਭੋਮਕਰ ਨੇ ਕਿਹਾ ਕਿ ਨੇੜੇ ਦੀ ਨਦੀ 'ਚ ਉਛਾਲ ਅਉਣ ਕਾਰਨ ਉਨ੍ਹਾਂ ਦੇ ਘਰ ਡੁੱਬ ਗਏ। ਰੋਡ੍ਰਿਗਸ ਨੇ ਕਿਹਾ ਕਿ ਸਰਕਾਰ ਹੜ੍ਹ ਕਾਰਨ ਵੱਖ ਵੱਖ ਜਗ੍ਹਾ 'ਤੇ ਫਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦਾ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੂਹਲੇਧਾਰ ਬਾਰਸ਼ ਤੋਂ ਬਾਅਦ ਸੂਬੇ ਦੇ ਨਦੀ ਸ਼ਿਪਿੰਗ ਵਿਭਾਗ ਨੇ ਦਿਵਾਰ ਦੀਪ ਸਣੇ ਕੁਝ ਸਥਾਨਾਂ ਲਈ ਕਿਸ਼ਤੀ ਸੇਵਾ ਰੋਕ ਦਿਤੀ ਹੈ।

ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਕਈ ਯਾਤਰੀਆਂ ਨੂੰ ਲੈ ਜਾ ਰਹੀਆਂ 8 ਬੱਸਾਂ ਵੀ ਭਾਰੀ ਬਾਰਸ਼ ਕਾਰਨ ਗੋਆ-ਕਰਨਾਟਕ ਸਰਹੱਦ 'ਤੇ ਫਸੀਆਂ ਹੋਈਆਂ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਬੰਧਤ ਅਧਿਕਾਰੀਆਂ ਨੂੰ ਫਸੇ ਹੋਏ ਯਾਤਰੀਆਂ ਨੂੰ ਕੱਢਣ ਦਾ ਹੁਕਮ ਦਿਤਾ।  ਇਕ ਹੋਰ ਅਧਿਕਾਰੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਤਰੀ ਗੋਆ ਦੇ ਪਿਲਗਾਂਵ ਵਿਚ ਹੜ੍ਹ ਤੋਂ ਬਾਅਦ ਘਰਾਂ ਵਿਚ ਫਸੇ 10 ਲੋਕਾਂ ਨੂੰ ਬਚਾਇਆ ਗਿਆ।