ਵਿਦੇਸ਼ੀ ਸਿੱਖ ਜਥੇਬੰਦੀਆਂ ਭਾਈ ਢਡਰੀਆਂ ਵਾਲੇ ਦੇ ਹੱਕ ਵਿਚ ਨਿੱਤਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ

Bhai Ranjit Singh Dhadrian Wale

ਸ੍ਰੀ ਅਨੰਦਪੁਰ ਸਾਹਿਬ : ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਕੌਮੀ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਹੱਕ ਵਿਚ ਉਤਰ ਆਈਆਂ ਹਨ। ਇਸ ਸਬੰਧੀ ਕੈਲੀਫੋਰਨੀਆ ਵਿਚ ਸਥਿਤ ਦਸ਼ਮੇਸ਼ ਦਰਬਾਰ ਆਫ਼ ਲੋਡਾਈ ਐਂਡ ਸਟਾਕਟਨ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਉਥੋਂ ਦੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਪ੍ਰਧਾਨ ਅਮ੍ਰਿੰਤਪਾਲ ਸਿੰਘ ਟਿਵਾਣਾ ਅਤੇ ਸੈਕਟਰੀ ਅਵਤਾਰ ਸਿੰਘ ਰੰਧਾਵਾ ਵਲੋਂ ਲਿਖੀ ਗਈ ਚਿੱਠੀ ਵਿਚ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਭਾਈ ਢਡਰੀਆਂ ਵਾਲੇ ਤੱਤ ਗੁਰਮਤਿ ਦੇ ਪ੍ਰਚਾਰਕ ਹਨ ਜਦੋਂ ਕਿ ਉਨਾਂ ਦੇ ਖਿਲਾਫ ਵਿਵਾਦ ਪੈਦਾ ਕਰਨ ਵਾਲੇ ਗੁਰਮਤਿ ਵਿਰੋਧੀ ਇਤਹਾਸ ਦੇ ਹਾਮੀ ਹਨ। ਆਪ ਜੀ ਕੋਲ ਭਾਈ ਢਡਰੀਆਂ ਵਾਲਿਆਂ ਖਿਲਾਫ ਕਾਰਵਾਈ ਕਰਾਉਣ ਲਈ ਉਤਾਵਲੇ ਇਹ ਲੋਕ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੋਂ ਆਕੀ ਹਨ ਉਥੇ ਗੁਰਬਾਣੀ ਦੀ ਕਸਵੱਟੀ ਤੇ ਖਰਾ ਨਾ ਉਤਰਨ ਵਾਲੇ ਇਤਹਾਸ ਦੀ ਪੈਰਵੀ ਕਰਦੇ ਹਨ।

ਉਨਾਂ ਜਥੇਦਾਰ ਨੂੰ ਕਿਹਾ ਕਿ ਦਸ਼ਮੇਸ਼ ਦਰਬਾਰ ਆਫ ਲੋਡਾਈ ਐਂਡ ਸਟਾਕਟਨ ਕੈਲੀਫੋਰਨੀਆ ਦੀ ਸਮੂੰਹ ਸੰਗਤ ਇਸ ਚਲ ਰਹੇ ਵਿਵਾਦ ਦੇ ਮੱਦੇਨਜਰ ਬੇਨਤੀ ਕਰਦੀ ਹੈ ਕਿ ਅਜਿਹਾ ਦੂਰਅੰਦੇਸ਼ੀ ਨਾਲ ਫੈਸਲਾ ਲਿਆ ਜਾਵੇ ਤਾਂ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੋਫਾੜ ਨਾ ਹੋਣ ਸਗੋਂ ਰਲ ਮਿਲ ਕੇ ਏਕਤਾ ਤੇ ਪਿਆਰ ਨਾਲ ਕੌਮੀ ਚੜਦੀ ਕਲਾ ਨਾਲ ਵਿਚਰਨ।