ਢਡਰੀਆਂ ਵਾਲੇ ਵਲੋਂ ਮਾਈ ਭਾਗੋ ਬਾਰੇ ਕੂੜ ਪ੍ਰਚਾਰ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਜਥੇਦਾਰਾਂ' ਦੀ ਇਕੱਤਰਤਾ ਬੁਲਾ ਕੇ ਮਾਮਲਾ ਵਿਚਾਰਿਆ ਜਾਵੇਗਾ : ਜਥੇਦਾਰ

Giani Harpreet Singh and others

ਅੰਮ੍ਰਿਤਸਰ : ਰਣਜੀਤ ਸਿੰਘ ਢਡਰੀਆਂਵਾਲੇ ਵਲੋਂ ਸਿੱਖੀ ਬਾਰੇ ਗ਼ਲਤ ਪ੍ਰਚਾਰ ਦਾ ਮਾਮਲਾ ਇਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਦੇਸ਼ ਵਿਦੇਸ਼ ਦੀਆਂ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਨੇ ਅੱਜ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਢਡਰੀਆਂਵਾਲੇ ਵਲੋਂ ਮਾਈ ਭਾਗੋ ਜੀ ਦੇ ਸਬੰਧੀ ਕੂੜ ਪ੍ਰਚਾਰ ਕਰਨ ਦੀ ਸ਼ਿਕਾਇਤ ਲਗਾਈ ਅਤੇ ਉਨ੍ਹਾਂ ਵਿਰੁਧ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਜਲਦੀ ਹੀ 'ਜਥੇਦਾਰਾਂ' ਦੀ ਇਕੱਤਰਤਾ ਬੁਲਾ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ। ਅਕਾਲ ਤਖ਼ਤ ਸਾਹਿਬ ਮਹਿਸੂਸ ਕਰਦਾ ਹੈ ਕਿ ਕੁੱਝ ਪ੍ਰਚਾਰਕਾਂ ਵਲੋਂ ਗੁਰੂ ਪੰਥ ਦਾ ਪ੍ਰਚਾਰ ਕਰਨ ਦੀ ਥਾਂ ਕੌਮ ਵਿਚ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ ਜਿਸ ਨੂੰ ਰੋਕਿਆ ਜਾਣਾ ਜ਼ਰੂਰੀ ਹੈ। ਨਿਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰ ਕੇ ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗੁਰਮਤਿ ਵਿਰੋਧੀ ਪ੍ਰਚਾਰ ਦਾ ਸਖ਼ਤ ਨੋਟਿਸ ਲੈ ਵੀ ਰਹੀਆਂ ਹਨ। ਸਿੱਖ ਸੰਗਤਾਂ ਵਿਚ ਭਾਰੀ ਰੋਸ ਅਤੇ ਵਿਰੋਧ ਦੇ ਕਾਰਨ ਉਸ ਦੇ ਵਿਦੇਸ਼ਾਂ ਤੋਂ ਇਲਾਵਾ ਪਿਛਲੇ ਸਾਲ ਅੰਮ੍ਰਿਤਸਰ, ਚੋਹਲਾ ਸਾਹਿਬ, ਦੀਨਾਨਗਰ ਦੇ ਦੀਵਾਨ ਰੱਦ ਹੋਏ।

ਅਕਾਲ ਤਖ਼ਤ ਸਾਹਿਬ  ਵਲੋਂ 4 ਅਪ੍ਰੈਲ 2017 ਨੂੰ ਇਕ ਮਤਾ ਪਾਸ ਕਰਦਿਆਂ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨ ਨੂੰ ਪ੍ਰਚਾਰ ਸਬੰਧੀ ਇਹ ਹਦਾਇਤ ਕੀਤੀ ਗਈ ਜਿਸ ਵਿਚ ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨ ਉਨੀ ਦੇਰ ਸਟੇਜ ਉਪਰ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਆ ਜਾਵੇ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ।