ਅੰਤਰਰਾਸ਼ਟਰੀ ਨਗਰ ਕੀਰਤਨ ਦੇ ਕਰਨਾਲ ਪਹੁੰਚਣ 'ਤੇ ਸੰਗਤ ਵਲੋਂ ਜ਼ੋਰਦਾਰ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਗਰ ਕੀਰਤਨ ਅਗਲੇ ਪਡ਼ਾਅ ਅਸੰਦ ਅਤੇ ਕੈਥਲ ਲਈ ਰਵਾਨਾ ਹੋਇਆ

International Nagar Kirtan reached at Karnal

ਕਰਨਾਲ : ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਵਸ  ਨੂੰ ਸਮਰਪਤ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅਰੰਭ ਹੋ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਦਿੱਲੀ ਤੋਂ ਵਾਪਸ ਕਰਨਾਲ ਡੇਰਾ ਕਾਰ ਸੇਵਾ ਵਿਖੇ ਪਹੁੰਚਣ 'ਤੇ ਸੰਗਤ ਨੇ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਜ਼ੋਰਦਾਰ ਸਵਾਗਤ ਕੀਤਾ।

ਨਗਰ ਕੀਰਤਨ ਨਾਲ ਆਈ ਸੰਗਤ ਨੇ ਰਾਤਰੀ ਵਿਸ਼ਰਾਮ ਡੇਰਾ ਕਾਰ ਸੇਵਾ ਵਖੇ ਕੀਤਾ, ਜਿਸ ਤੋਂ ਬਾਅਦ ਨਗਰ ਕੀਰਤਨ ਸਵੇਰੇ 9 ਵਜੇ ਅਗਲੇ ਪਡ਼ਾਅ ਲਈ ਰਵਾਨਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਸੰਗਤ ਨੇ ਡੇਰਾ ਕਾਰ ਸੇਵਾ ਵਖੇ ਆਪਣੀ ਹਾਜ਼ਰੀ ਭਰੀ। ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਪੰਜਾਂ ਪਿਆਰਿਆਂ ਨੂੰ ਸਰੋਪਾਉ ਦੇ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਕੇ ਨਗਰ ਕੀਰਤਨ ਨੂੰ ਅੱਗੇ ਲਈ ਰਵਾਨਾ ਕੀਤਾ।

ਨਗਰ ਕੀਰਤਨ ਸ਼ਹਿਰ ਦੇ ਚੌਡ਼ਾ ਬਜਾਰ, ਕਮੇਟੀ ਚੌਂਕ, ਰੇਲਵੇ ਰੋਡ, ਜੱਸਾ ਸਿੰਘ ਰਾਮਗਡ਼੍ਹੀਆ ਚੌਂਕ, ਕੈਥਲ ਪੂਲ ਅਤੇ ਗੁਰਦੁਆਰਾ ਭਾਈ ਲਾਲੋ ਜੀ ਤੋਂ ਹੁੰਦਾ ਹੋਇਆ ਆਪਣੇ ਅਗਲੇ ਪਡ਼ਾਅ ਅਸੰਦ ਅਤੇ ਕੈਥਲ ਲਈ ਰਵਾਨਾ ਹੋ ਗਿਆ। ਰਸਤੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ  ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤਾਂ ਵਾਸਤੇ ਰਸਤੇ ਵਿਚ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਚਾਹ ਪਾਣੀ ਅਤੇ ਹੋਰ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਸਨ। ਇਸ ਨਗਰ ਕੀਰਤਨ ਦੇ ਸਵਾਗਤ ਲਈ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਸਰਦਾਰ ਇੰਦਰ ਪਾਲ ਸਿੰਘ ਸਕੱਤਰ ਗੁਰਪੁਰਬ ਪ੍ਰਬੰਧਕ ਕਮੇਟੀ, ਬਲਕਾਰ ਸਿੰਘ ਪ੍ਰਧਾਨ ਗੁਰਦੁਆਰਾ ਮੰਜੀ ਸਾਹਬਿ ਪਾਤਸ਼ਾਹੀ ਪਹਲੀ, ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਐਸਜੀਪੀਸੀ, ਮੈਂਬਰ ਜਥੇਦਾਰ ਭੁਪਿੰਦਰ ਸਿੰਘ ਐਸਜੀਪੀਸੀ, ਰਤਨ ਸਿੰਘ ਸੱਗੂ, ਗੁਰਨਾਮ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਤੇਗ ਬਹਾਦਰ ਆਦਿ ਮੌਜੂਦ ਸਨ।