'ਜਥੇਦਾਰਾਂ' ਦੇ ਆਦੇਸ਼ਾਂ ਨੂੰ ਨਾਕਾਰ ਕੇ ਕੌਮ ਨੇ ਅਪਣਾਇਆ ਮੂਲ ਨਾਨਕਸ਼ਾਹੀ ਕੈਲੰਡਰ : ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਪਰ ਅੱਜ ਸਾਡੇ ਸਿੱਖ ਸਮਾਜ ਦਾ ਹੀ ਵੱਡਾ ਹਿੱਸਾ ਮਨੁੱਖਾਂ, ਕਬਰਾਂ, ਸਮਾਧਾਂ, ਪਸ਼ੂਆਂ....

bhai majhi

ਕੋਟਕਪੂਰਾ, 7 ਜਨਵਰੀ (ਗੁਰਿੰਦਰ ਸਿੰਘ) : ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਪਰ ਅੱਜ ਸਾਡੇ ਸਿੱਖ ਸਮਾਜ ਦਾ ਹੀ ਵੱਡਾ ਹਿੱਸਾ ਮਨੁੱਖਾਂ, ਕਬਰਾਂ, ਸਮਾਧਾਂ, ਪਸ਼ੂਆਂ, ਬਾਬਿਆਂ ਦੀਆਂ ਖੂੰਡੀਆਂ, ਬਾਥਰੂਮਾਂ, ਦਰੱਖ਼ਤਾਂ ਆਦਿ ਨੂੰ ਵੀ ਮੰਨਤਾਂ ਪੂਜਾ 'ਚ ਬੁਰੀ ਤਰ੍ਹਾਂ ਉਲਝ ਕੇ ਸਤਿਗੁਰੂ ਜੀ ਵਲੋਂ ਬਖ਼ਸ਼ੇ ਨਿਆਰੇਪਣ ਨੂੰ ਤਿਲਾਂਜਲੀ ਦੇ ਰਿਹਾ ਹੈ। ਇਹ ਵਿਚਾਰ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖ਼ਾਲਸਾ ਨੇ ਗੁਰਦਵਾਰਾ ਅਰੇਰਾ ਕਲੋਨੀ ਭੋਪਾਲ (ਮੱਧ ਪ੍ਰਦੇਸ਼) ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਕਲਗੀਧਰ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮ ਦੌਰਾਨ ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।

 ਉਨ੍ਹਾਂ ਕਿਹਾ ਕਿ ਰਾਜਨੀਤਕ, ਧਾਰਮਕ, ਸਮਾਜਕ, ਆਰਥਕ, ਸੁਹਜਾਤਮਿਕ ਆਦਿ ਖੇਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ 'ਚ ਜ਼ਿੰਦਗੀ ਜਿਊਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦੇ ਸਿਧਾਂਤ ਨੂੰ ਅਪਣਾਅ ਕੇ ਹੀ ਅਸੀਂ ਨੇਕ ਇਨਸਾਨ ਬਣ ਕੇ ਇਕ ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੇ ਹਾਂ। ਉਨ੍ਹਾਂ ਸਿੱਖਾਂ ਦੀ ਨਿਆਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਖੋਜ ਭਰਪੂਰ ਵਿਚਾਰਾਂ ਕਰਦਿਆਂ ਕਿਹਾ

ਕਿ ਭਾਵੇਂ ਸ਼੍ਰੋਮਣੀ ਕਮੇਟੀ ਅਤੇ ਰਾਜਨੀਤਕਾਂ ਦੇ ਲਿਫ਼ਾਫ਼ਿਆਂ 'ਚੋਂ ਨਿਕਲੇ ਜਥੇਦਾਰ ਪੰਥਦੋਖੀ ਏਜੰਸੀਆਂ ਦੇ ਇਸ਼ਾਰੇ ਤੋਂ ਮਿਲਗੋਭਾ ਕੈਲੰਡਰ ਕੌਮ 'ਤੇ ਥੋਪ ਕੇ ਬਿਪਰਨ ਕੀ ਰੀਤ ਦੇ ਰਾਹ 'ਤੇ ਕੌਮ ਨੂੰ ਪਾਉਣਾ ਚਾਹੁੰਦੇ ਹਨ ਪਰ ਇਸ ਦੇ ਬਾਵਜੂਦ ਵੀ ਸਿੱਖਾਂ ਦੇ ਵੱਡੇ ਹਿੱਸੇ ਨੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾ ਕੇ ਸਿੱਖੀ ਦੇ ਨਿਆਰੇਪਣ ਨੂੰ ਨਿਗਲਣ ਲਈ ਯਤਨਸ਼ੀਲ ਫ਼ਿਰਕੂ ਤਾਕਤਾਂ ਦੇ ਧੋਤੇ ਮੂੰਹ 'ਤੇ ਚਪੇੜ ਮਾਰੀ ਹੈ। ਭਾਈ ਮਾਝੀ ਵਲੋਂ ਗੁਰਬਾਣੀ ਦੀ ਰੌਸ਼ਨੀ 'ਚ ਇਤਿਹਾਸਕ ਅਤੇ ਪੰਥ ਦੇ ਮੌਜੂਦਾ ਹਲਾਤਾਂ 'ਤੇ ਕੀਤੀਆਂ ਵਿਚਾਰਾਂ ਨੂੰ ਸੰਗਤ ਨੇ ਉਕਸੁਕਤਾ ਨਾਲ ਸੁਣਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।