ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦਾ 30ਵਾਂ ਸ਼ਹੀਦੀ ਦਿਹਾੜਾ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕੌਮ ਦੇ ਅਣਮੁਲੇ ਹੀਰੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਜਿਨ੍ਹਾਂ ਨੇ ਜੂਨ 1984 ਵੇਲੇ ਅਕਾਲ ਤਖ਼ਤ....

bhai satwant singh, bhai kehar singh,

ਔਕਲੈਂਡ, 7 ਜਨਵਰੀ (ਹਰਜਿੰਦਰ ਸਿੰਘ ਬਸਿਆਲਾ): ਸਿੱਖ ਕੌਮ ਦੇ ਅਣਮੁਲੇ ਹੀਰੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਜਿਨ੍ਹਾਂ ਨੇ ਜੂਨ 1984 ਵੇਲੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, ਸ੍ਰੀ ਦਰਬਾਰ ਸਾਹਿਬ 'ਤੇ ਗੋਲੀਆਂ ਦਾਗ਼ਣ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਤੋਪਾਂ ਟੈਂਕਾਂ ਤੇ ਗੋਲੀਆਂ ਨਾਲ ਮਾਰਨ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੰਨ੍ਹੇਵਾਹ ਗੋਲੀਆਂ ਮਾਰੀਆਂ ਸਨ, ਦੀ ਅੱਜ ਸਾਂਝੇ ਰੂਪ ਵਿਚ 30ਵੀਂ ਬਰਸੀ ਮਨਾਈ ਗਈ। ਸ਼ਹੀਦ ਬੇਅੰਤ ਸਿੰਘ ਭਾਵੇਂ 31 ਅਕਤੂਬਰ 1984 ਨੂੰ ਹੀ ਗ੍ਰਿਫ਼ਤਾਰੀ ਮੌਕੇ ਸ਼ਹੀਦ ਕਰ ਦਿਤੇ ਗਏ ਸਨ,

ਪਰ ਭਾਈ ਸਤੰਵਤ ਸਿੰਘ ਅਤੇ ਭਾਈ ਕਿਹਰ ਸਿੰਘ ਨੂੰ ਲੰਬੇ ਅਦਾਲਤੀ ਚੱਕਰਾਂ ਵਿਚ ਫਸਾ ਕੇ ਅਤੇ ਬੇਹੱਦ ਤਸੀਹੇ ਦੇ ਕੇ 6 ਜਨਵਰੀ 1989 ਨੂੰ ਫਾਂਸੀ ਦੇ ਤਖ਼ਤੇ ਉਤੇ ਲਟਕਾ ਦਿਤਾ ਗਿਆ ਸੀ। ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ (ਪਾਤਸ਼ਾਹੀ ਛੇਵੀਂ) ਵੀਰੀ ਸਟੇਸ਼ਨ ਰੋਡ, ਮੈਨੁਕਾਓ (ਔਕਲੈਂਡ) ਵਿਖੇ ਇਨ੍ਹਾਂ ਸ਼ਹੀਦਾਂ ਨੂੰ ਕੀਰਤਨ ਗਾਇਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਭਾਈ ਬਚਿੱਤਰ ਸਿੰਘ ਨੇ ਹੋਰ ਸਿੰਘਾਂ ਨਾਲ ਸ਼ਬਦ ਕੀਰਤਨ ਕੀਤਾ ਜਦਕਿ ਭਾਈ ਗੁਰਿੰਦਰਪਾਲ ਸਿੰਘ ਹੋਰਾਂ ਨੇ ਪਹਿਲਾਂ ਦਸਮ ਪਾਤਸ਼ਾਹ ਦੀ ਕਾਵਿ ਜੀਵਨ-ਗਾਥਾ ਨੂੰ ਕਥਾ ਰੂਪ ਵਿਚ ਸਰਵਣ ਕਰਵਾਇਆ ਅਤੇ ਫਿਰ ਭਾਈ ਸਤਵੰਤ ਸਿੰਘ ਹੋਰਾਂ ਦੇ ਜੀਵਨ ਪ੍ਰਸੰਗ ਨੂੰ ਸੰਖੇਪ ਰੂਪ ਵਿਚ ਸੰਗਤਾਂ ਸਾਹਮਣੇ ਰੱਖਿਆ।

ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਰਵਣ ਸਿੰਘ ਅਗਵਾਨ ਦੇ ਸਮੁੱਚੇ ਪ੍ਰਵਾਰ ਵਲੋਂ ਕਰਵਾਈ ਗਈ ਸੀ। ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਨਾਲ ਮੰਗਣੀ ਤੋਂ ਬਾਅਦ ਫ਼ੋਟੋ ਨਾਲ ਅਨੋਖਾ ਵਿਆਹ ਕਰ ਕੇ ਹੀ ਸਾਰਾ ਜੀਵਨ ਬਤੀਤ ਕਰ ਦਿਤਾ ਸੀ, ਨੂੰ ਵੀ ਉਨ੍ਹਾਂ ਦੀ 18ਵੀਂ ਬਰਸੀ ਦੇ ਰੂਪ ਵਿਚ ਯਾਦ ਕੀਤਾ ਗਿਆ। ਭਾਈ ਸਰਵਣ ਸਿੰਘ ਦੇ ਜਿਸ ਛੋਟੇ ਬੇਟੇ ਆਗਿਆਪਾਲ ਸਿੰਘ ਨੂੰ ਬੀਬੀ ਸੁਰਿੰਦਰ ਸਿੰਘ ਹੋਰਾਂ ਨੇ ਗੋਦ ਲੈ ਕੇ ਪਾਲਿਆ ਸੀ, ਵੀ ਇਸ ਮੌਕੇ ਗੁਰੂ ਘਰ ਵਿਚ ਸੇਵਾ ਅਤੇ ਸਿਮਰਨ ਵਿਚ ਇਕ-ਮਿਕ ਹੋਇਆ ਵਿਖਾਈ ਦਿਤਾ।

ਲਗਭਗ 5 ਘੰਟੇ ਚਲੇ ਇਸ ਕੀਰਤਨ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।