ਸਿਰਸਾ ਨੂੰ ਪ੍ਰਧਾਨਗੀ ਤੋਂ ਰੋਕਣ ਲਈ ਸਰਨਿਆਂ ਨੇ ਵਿਛਾਇਆ ਜਾਲ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ : ਭਾਵੇਂ ਕਹਿਣ ਨੂੰ 2017 ਦੀਆਂ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਆਮ ਚੋਣਾਂ ਵਿਚ ਸਰਨਿਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ 7 ਮੈਂਬਰ ਜੇਤੂ ਰਹੇ...

Manjinder Singh Sirsa

ਨਵੀਂ ਦਿੱਲੀ : ਭਾਵੇਂ ਕਹਿਣ ਨੂੰ 2017 ਦੀਆਂ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਆਮ ਚੋਣਾਂ ਵਿਚ ਸਰਨਿਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ 7 ਮੈਂਬਰ ਜੇਤੂ ਰਹੇ ਸਨ ਜਿਨ੍ਹਾਂ 'ਚੋਂ ਇਸ ਵੇਲੇ ਸਿਰਫ਼ 3 ਮੈਂਬਰ ਹੀ ਸਰਨਿਆਂ ਨਾਲ ਹਨ। ਬਾਵਜੂਦ ਇਸ ਦੇ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੇ ਸਹਾਰੇ ਸਰਨਾ ਭਰਾ ਸ. ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਨ ਤੋਂ ਪਹਿਲਾਂ ਹੀ 'ਚਿੱਤ' ਕਰ ਕੇ, ਕਿਸੇ ਹੋਰ ਨੂੰ ਪ੍ਰਧਾਨਗੀ 'ਤੇ ਲਿਆਉਣ ਦੀ ਤਿਆਰੀ ਕਰ ਰਹੇ  ਹਨ।

ਇਸੇ ਦੇ ਚਲਦਿਆਂ ਪਹਿਲਾਂ ਸਰਨਾ ਧੜੇ ਦੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸ. ਕਰਤਾਰ ਸਿੰਘ ਚਾਵਲਾ ਨੇ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦੇ ਕੇ, ਕਾਰਜਕਾਰਨੀ ਦੀ 9 ਮਾਰਚ ਨੂੰ ਹੋਣ ਵਾਲੀ ਚੋਣ 'ਤੇ ਅੰਤਰਮ ਰੋਕ ਲਾਉਣ ਦੀ ਮੰਗ ਕੀਤੀ ਹੈ ਤੇ ਅੱਜ ਸਰਨਾ ਦੇ ਹੀ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸੁਖਬੀਰ ਸਿੰਘ ਕਾਲਰਾ ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ, ਚੋਣਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਦੋਵੇਂ ਅਦਾਲਤੀ ਮਾਮਲਿਆਂ 'ਤੇ 8 ਮਾਰਚ ਨੂੰ ਸੁਣਵਾਈ ਹੋਵੇਗੀ ਤੇ ਅਦਾਲਤ ਦੇ ਫ਼ੈਸਲੇ ਨਾਲ ਹੀ ਸਪੱਸ਼ਟ ਹੋਵੇਗਾ ਕਿ 9 ਮਾਰਚ ਨੂੰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ ਜਾਂ ਨਹੀਂ।

ਸਰਨਿਆਂ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਸਰਨਾ ਭਰਾ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਲਗਾਤਾਰ ਦੋ ਚੋਣਾਂ ਵਿਚ ਧੂੜ ਚਟਾਣ ਵਾਲੇ ਜੱਟ ਪਿਛੋਕੜ ਦੇ ਮਨਜਿੰਦਰ ਸਿੰਘ ਸਿਰਸਾ ਕਿਸੇ ਵੀ ਕੀਮਤ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ, ਕਿਉਂਕਿ ਸਿਰਸਾ ਭਾਜਪਾ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਵੀ ਹਨ। ਜੇ ਸਿਰਸਾ ਪ੍ਰਧਾਨ ਬਣ ਜਾਂਦੇ ਹਨ ਤਾਂ ਭਾਜਪਾ ਨੂੰ ਵੀ ਲੋਕ ਸਭਾ ਚੋਣਾਂ ਵਿਚ ਗੁਰਦਵਾਰਾ ਕਮੇਟੀ ਰਾਹੀਂ ਅਖੌਤੀ ਤੌਰ 'ਤੇ ਸਿੱਖਾਂ ਨੂੰ ਅਪਣੇ ਹੱਕ ਵਿਚ ਭੁਗਤਾਉਣ ਲਈ ਤਾਕਤ ਮਿਲ ਜਾਵੇਗੀ।

ਇਸ ਲਈ ਸਿੱਖ ਸਿਆਸਤ ਦੇ ਦਾਅ ਪੇਚਾਂ ਨਾਲ ਹੰਢੇ ਹੋਏ ਤੇ ਕਾਂਗਰਸ ਦੇ ਵਫ਼ਾਦਾਰ ਰਹੇ ਸਰਨਾ ਭਰਾ ਅਪਣੇ ਮੈਂਬਰਾਂ ਰਾਹੀਂ ਅਦਾਲਤ ਤੋਂ ਕਮੇਟੀ ਚੋਣਾਂ 'ਤੇ ਰੋਕ ਲਵਾ ਕੇ, ਅੰਦਰ ਖਾਤੇ ਸਿਰਸਾ ਤੋਂ ਨਾਰਾਜ਼ ਤੇ ਜੀ ਕੇ ਹਮਾਇਤੀ ਮੈਂਬਰਾਂ ਦਾ ਅਜਿਹਾ ਤਾਲਮੇਲ ਕਾਇਮ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਨਾਲ ਸਿਰਸਾ ਦੀ ਥਾਂ 'ਤੇ ਕੋਈ ਹੋਰ ਸ਼ਹਿਰੀ ਸਿੱਖ ਪ੍ਰਧਾਨ ਬਣ ਜਾਵੇ। ਦੂਜਾ ਸਿਰਸਾ ਵੀ ਜੋੜ ਤੋੜ ਦੇ ਮਾਹਰ ਹਨ ਤੇ ਉਹ ਰਾਮਗੜ੍ਹੀਆ ਮੈਂਬਰਾਂ ਸਣੇ ਸ਼ਹਿਰੀ ਸਿੱਖ ਮੈਂਬਰਾਂ ਨੂੰ ਵੀ ਅਪਣੇ ਪਾਲੇ ਵਿਚ ਭੁਗਤਾਉਣਾ ਚੰਗੀ ਤਰ੍ਹਾਂ ਜਾਣਦੇ ਹਨ, ਨਾਲ ਹੀ 2021 ਦੀਆਂ ਗੁਰਦਵਾਰਾ ਚੋਣਾਂ ਵਿਚ ਮੈਂਬਰਾਂ ਨੂੰ ਮੁੜ ਤੋਂ ਬਾਦਲ ਦਲ ਤੋਂ ਟਿਕਟਾਂ ਲੈਣ ਲਈ ਵੀ ਬਾਦਲਾਂ ਦੇ ਹੁਕਮ ਮੁਤਾਬਕ ਹੀ ਸਿਰਸਾ ਨੂੰ ਪ੍ਰਧਾਨ ਚੁਣਨਾ ਹੀ ਪਵੇਗਾ।

ਭਾਵੇਂ ਸਰਨਿਆਂ ਦੀ ਖੇਡ ਕਰ ਕੇ, ਉਹ ਅਜਿਹੇ ਹਾਲਾਤ ਪੈਦਾ ਕਰਨ ਦੀ ਤਾਕ ਵਿਚ ਹਨ, ਜਿਸ ਨਾਲ ਜਨਰਲ ਹਾਊਸ ਵਿਚ ਵੋਟਿੰਗ ਹੋ ਜਾਵੇ ਤੇ ਸਰਨਿਆਂ ਦੇ ਕਿਸੇ ਮੈਂਬਰ ਨੂੰ ਕੋਈ ਅਹਿਮ ਅਹੁਦਾ ਹਾਸਲ ਹੋ ਜਾਵੇ। ਪਰ ਹਾਲ ਦੀ ਘੜੀ 9 ਮਾਰਚ ਨੂੰ ਹੋਣ ਵਾਲੀ ਗੁਰਦਵਾਰਾ ਕਾਰਜਕਾਰਨੀ ਦੀ ਚੋਣ ਲਟਕਦੀ ਹੋਈ ਨਜ਼ਰ ਆ ਰਹੀ ਹੈ।