ਮਾਤਾ ਸਾਹਿਬ ਕੌਰ ਜੀ ’ਤੇ ਬਣੀ ਫਿਲਮ ਸਬੰਧੀ SGPC ਵਲੋਂ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ- ਕੁਲਵਿੰਦਰ ਸਿੰਘ ਰਮਦਾਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।

SGPC

 

ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ  ਕੁਲਵਿੰਦਰ ਸਿੰਘ ਰਮਦਾਸ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ ਵੱਲੋਂ 14 ਅਪ੍ਰੈਲ ਨੂੰ ਰਿਲੀਜ਼ ਕੀਤੇ ਜਾਣ ਵਾਲੀ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ’ਤੇ ਬਣਾਈ ਐਨੀਮੇਸ਼ਨ ਫਿਲਮ ਨੂੰ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਦੀ ਰਿਲੀਜ਼ ਰੋਕਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਗੁਰਬਖ਼ਸ਼ ਸਿੰਘ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ, ਮਾਤਾ ਸਾਹਿਬ ਕੌਰ ਐਜੂਕੇਸ਼ਨ ਟਰੱਸਟ ਯੂਕੇ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ’ਤੇ ਤਿਆਰ ਕੀਤੀ ਗਈ ਐਨੀਮੇਸ਼ਨ ਫਿਲਮ ਦੀ ਸਕਰਿਪਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਸੀ, ਜਿਸ ਨੂੰ ਪੜ੍ਹਨ ਉਪਰੰਤ 25 ਮਾਰਚ 2019 ਨੂੰ ਸਬੰਧਤਾਂ ਨੂੰ ਪੱਤਰ ਲਿਖਿਆ ਗਿਆ ਸੀ ਕਿ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।

SGPC

ਉਹਨਾਂ ਦੱਸਿਆ ਕਿ ਸਬੰਧਤਾਂ ਵਲੋਂ ਫਿਰ ਹੁਣ 2 ਮਾਰਚ 2022 ਅਤੇ 21 ਮਾਰਚ 2022 ਨੂੰ ਪੱਤਰ ਲਿਖ ਕੇ ਤਿਆਰ ਹੋਈ ਐਨੀਮੇਸ਼ਨ ਫਿਲਮ ਭੇਜੀ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਸਬ-ਕਮੇਟੀ ਵਲੋਂ ਸਬੰਧਤਾਂ ਦੀ ਹਾਜ਼ਰੀ ਵਿਚ ਵੇਖਿਆ ਗਿਆ। ਉਹਨਾਂ ਕਿਹਾ ਕਿ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਐਨੀਮੇਸ਼ਨ ਫਿਲਮ ਵਿਚ ਬਹੁਤ ਸਾਰੀਆਂ ਕਮੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।

Kulwinder Singh Ramdas

ਦੂਜਾ ਇਤਿਹਾਸਕ ਤੌਰ ’ਤੇ ਫਿਲਮ ਦੀ ਕਹਾਣੀ ਦੀ ਕੋਈ ਤਰਤੀਬ ਨਹੀਂ ਹੈ। ਮਾਤਾ ਸੁੰਦਰੀ ਜੀ ਦਾ ਇਤਿਹਾਸ ਮਾਤਾ ਸਾਹਿਬ ਕੌਰ ਜੀ ਨਾਲ ਜੋੜਿਆ ਗਿਆ ਹੈ। ਫਿਲਮ ਵਿਚ ਕਈ ਇਤਿਹਾਸਕ ਅਤੇ ਸਿਧਾਂਤਕ ਗਲਤੀਆਂ ਹਨ। ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤਾਂ ਨੂੰ ਫਿਲਮ ਸਬੰਧੀ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਫਿਲਮ ਵਿਚ ਵੱਡੀਆਂ ਊਣਤਾਈਆਂ ਕਾਰਨ ਇਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਹੋਵੇਗੀ, ਇਸ ਲਈ ਇਸ ਫਿਲਮ ਦੀ ਰਿਲੀਜ਼’ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।