ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਅਤੇ ਦੋ ਪੋਥੀਆਂ ਅਗਨਭੇਂਟ ਹੋਈਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਅਜਨਾਲਾ ਅਤੇ ਭਾਈ ਸੋਹਲ ਨੇ ਇਸ ਘਟਨਾ ਲਈ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਨੂੰ ਜ਼ਿੰਮੇਵਾਰ ਦਸਿਆ

Pic-1

ਝਬਾਲ : ਝਬਾਲ ਦੇ ਪਿੰਡ ਚੱਕ ਸਿਕੰਦਰ ਸਥਿਤ ਪਿੰਡ ਦੇ ਸਿੰਘ ਸਭਾ ਗੁਰਦਵਾਰਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ 6 ਪਾਵਨ ਸਰੂਪ ਅਤੇ ਦੋ ਪੋਥੀਆਂ ਦੇ ਅਗਨ ਭੇਂਟ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਨਾਮ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਰੀਬ 30 ਸਾਲਾਂ ਤੋਂ ਇਸ ਗੁਰਦਵਾਰਾ ਸਾਹਿਬ ਵਿਖੇ ਸੇਵਾ ਸੰਭਾਲ ਕਰਦਾ ਆ ਰਿਹਾ ਹੈ ਅਤੇ ਉਸ ਦਾ ਘਰ ਵੀ ਗੁਰਦਵਾਰਾ ਸਾਹਿਬ ਵਿਚ ਇਕ ਸਾਈਡ 'ਤੇ ਹੈ।

ਉਸ ਨੇ ਦਸਿਆ ਕਿ ਜਦੋਂ ਉਹ ਸਵੇਰੇ ਕਰੀਬ ਸਵਾ ਤਿੰਨ ਵਜੇ ਉਠਿਆ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੁੱਝ ਖੜਕੇ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ ਜਿਸ ਉਪਰੰਤ ਉਸ ਵਲੋਂਂ ਗੁਰਦਵਾਰਾ ਸਾਹਿਬ ਦਾ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਸੀ। ਉਸ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦੂਜੀ ਮੰਜ਼ਲ 'ਤੇ ਬਣਾਏ ਗਏ ਸੁਖਆਸਨ ਸਾਹਿਬ ਨੂੰ ਅੱਗ ਲੱਗੀ ਹੋਈ ਸੀ। ਉਸ ਵਲੋਂ ਅਪਣੀ ਪਤਨੀ ਅਤੇ ਬੱਚਿਆਂ ਸਮੇਤ ਉਕਤ ਲੱਗੀ ਅੱਗ ਨੂੰ ਬੁਝਾਉਣ ਲਈ ਪੂਰੀ ਮੁਸ਼ਤੈਦੀ ਨਾਲ ਚਾਰਾਜੋਈ ਕੀਤੀ ਗਈ ਪਰ ਜਦ ਤਕ ਅੱਗ 'ਤੇ ਕਾਬੂ ਪਾਇਆ ਗਿਆ ਤਦ ਤਕ ਸੁਖਆਸਨ ਦਾ ਪਲੰਘਾ ਸਾਹਿਬ ਪੂਰੀ ਤਰ੍ਹਾਂ ਝੁਲਸ ਚੁੱਕਾ ਸੀ ਅਤੇ ਪਲੰਘਾ ਸਾਹਿਬ 'ਤੇ ਸੁਸ਼ੋਭਿਤ 6 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ 2 ਪੋਥੀਆਂ ਅਗਨ ਭੇਂਟ ਹੋ ਗਈਆਂ ਸਨ। 

ਇਧਰ ਗੁਰਦੁਆਰਾ ਸਾਹਿਬ ਦੀ ਬਣੀ 11 ਮੈਂਬਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਗ੍ਰੰਥੀ ਸਿੰਘ ਵਲੋਂ ਘਟਨਾ ਸਬੰਧੀ ਜਾਣੂ ਨਹੀਂ ਕਰਵਾਇਆ ਗਿਆ, ਸਗੋਂ ਉਨ੍ਹਾਂ ਨੂੰ ਇਸ ਮਾਮਲੇ ਦਾ ਬਾਅਦ ਵਿਚ ਕੁੱਝ ਘੰਟਿਆਂ ਉਪਰੰਤ ਪਤਾ ਚੱਲਿਆ ਹੈ। ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਤਰਲੋਚਨ ਸਿੰਘ ਸੋਹਲ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਂਟ ਹੋਣ ਦੀ ਵਾਪਰੀ ਦੁਖਦਾਈ ਘਟਨਾ ਲਈ ਗੁ. ਸਾਹਿਬ ਦੇ ਗ੍ਰੰਥੀ ਭਾਈ ਗੁਰਨਾਮ ਸਿੰਘ ਨੂੰ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਜਿਥੇ ਸੁਖਆਸਨ ਸਾਹਿਬ ਬਹੁਤ ਹੀ ਛੋਟਾ ਹੈ, ਉੱਥੇ ਹੀ ਇਥੇ ਲਾਏ ਗਏ ਟੇਬਲ ਫੈਨ (ਪੱਖੇ) ਨੂੰ ਆਰਜੀ ਤਾਰਾਂ ਨਾਲ 24 ਘੰਟੇ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁ. ਸਾਹਿਬ 'ਚ ਕਿਤੇ ਵੀ ਵਾਇਰਿੰਗ ਨਹੀਂ ਹੈ ਅਤੇ ਢਿੱਲੀਆਂ ਅਤੇ ਖੁਲ੍ਹੀਆਂ ਤਾਰਾਂ ਦੇ ਗੁ. ਸਾਹਿਬ 'ਚ ਜਾਲ ਵਿਛਾਏ ਗਏ ਹਨ। 

ਗੁਰਦੁਆਰਾ ਸਾਹਿਬ 'ਚ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪਿੰਡ ਸਥਿਤ ਦੂਜੇ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆ ਕਿ ਪ੍ਰਕਾਸ਼ ਕਰ ਦਿਤਾ। ਸੰਗਤਾਂ 'ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਇਕ ਪਾਸੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 6 ਪਾਵਨ ਬੀੜਾਂ ਅਤੇ ਪੋਥੀਆਂ ਅਗਨ ਭੇਂਟ ਹੋ ਗਈਆਂ ਹਨ ਅਤੇ ਦੂਜੇ ਪਾਸੇ ਬਾਬਾ ਜੀ ਵਲੋਂ ਗੁ. ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿਤਾ ਗਿਆ ਹੈ। ਸੰਗਤਾਂ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਹਨ ਅਤੇ ਇਸ ਘਟਨਾ ਨਾਲ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਪੂਰੇ ਇਲਾਕੇ 'ਚ ਮਾਤਮ ਪਸਰਿਆ ਹੋਇਆ ਹੈ 'ਤੇ ਗ੍ਰੰਥੀ ਸਿੰਘ ਵਲੋਂ ਅਜਿਹੇ ਮੌਕੇ ਸੋਗ ਮਨਾਉਣਾ ਚਾਹੀਦਾ ਸੀ।

ਮੌਕੇ 'ਤੇ ਜਾਇਜ਼ਾ ਲੈਣ ਲਈ ਪਹੁੰਚੇ ਡੀ.ਐਸ.ਪੀ. ਸਿਟੀ ਕੰਵਲਜੀਤ ਸਿੰਘ ਔਲਖ ਨੇ ਦਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜੇਕਰ ਗੁ. ਸਾਹਿਬ ਦਾ ਗ੍ਰੰਥੀ ਸਿੰਘ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘਟਨਾ ਅਚਾਨਕ ਬਿਜਲੀ ਦੇ ਹੋਏ ਸਾਰਟ ਸਰਕਟ ਕਾਰਨ ਵਾਪਰੀ ਹੈ ਪਰ ਜੇਕਰ ਇਸ ਮਾਮਲੇ 'ਚ ਗ੍ਰੰਥੀ ਸਿੰਘ ਦੀ ਕੁਤਾਹੀ ਸਾਹਮਣੇ ਆਉਦੀਂ ਹੋਵੇਗੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।