ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ ਸਰਕਾਰ: ਜਥੇਦਾਰ
ਅਕਾਲ ਤਖ਼ਤ ਵਿਚ ਅੱਜ ਘੱਲੂਘਾਰਾ ਦਿਵਸ ਖ਼ਾਲਿਸਤਾਨੀ ਨਾਹਰਿਆਂ ਦੀ ਗੂੰਜ ਵਿਚ ਮਨਾਇਆ ਗਿਆ। ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ...
ਅੰਮ੍ਰਿਤਸਰ: ਅਕਾਲ ਤਖ਼ਤ ਵਿਚ ਅੱਜ ਘੱਲੂਘਾਰਾ ਦਿਵਸ ਖ਼ਾਲਿਸਤਾਨੀ ਨਾਹਰਿਆਂ ਦੀ ਗੂੰਜ ਵਿਚ ਮਨਾਇਆ ਗਿਆ। ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ 1947 ਵਿਚ ਕੀਤਾ ਵਾਅਦਾ ਪੁਰਾ ਕਰਨ ਦੀ ਥਾਂ ਆਜ਼ਾਦੀ ਤੋਂ ਬਾਅਦ ਅੱਜ ਦੇ ਹਾਕਮਾਂ ਦੁਆਰਾ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਜੂਨ 1984 ਵਿਚ ਅਜਿਹਾ ਤੀਜਾ ਘੱਲੂਘਾਰਾ ਵਾਪਰਿਆ ਜਿਸ ਨੂੰ ਸਿੱਖ ਕੌਮ ਨਾ ਭੁੱਲ ਸਕਦੀ ਹੈ ਅਤੇ ਨਾ ਹੀ ਮਾਫ਼ੀ ਕਰ ਸਕਦੀ ਹੈ।
ਇਸ ਫ਼ੌਜੀ ਹਮਲੇ ਦੇ ਜ਼ਖ਼ਮ ਸਦਾ ਰਿਸਦੇ ਰਹਿਣਗੇ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਦੀ ਫ਼ੌਜ ਨੇ 6 ਜੂਨ 1984 ਵਿਚ ਦਰਬਾਰ ਸਾਹਿਬ, ਅਕਾਲ ਤਖ਼ਤ ਅਤੇ 37 ਹੋਰ ਗੁਰਦਵਾਰਿਆਂ 'ਤੇ ਤੋਪਾਂ, ਟੈਂਕਾਂ ਨਾਲ ਸਿੱਧਾ ਹਮਲਾ ਕੀਤਾ। ਇਸ ਘੱਲੂਘਾਰੇ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਥਾਰਾ ਸਿੰਘ ਵਰਗੇ ਹਜ਼ਾਰਾਂ ਹੀ ਯੋਧਿਆਂ ਨੇ ਦਰਬਾਰ ਸਾਹਿਬ ਦੀ ਪਵਿਤੱਰਤਾ ਕਾਇਮ ਰਖਦਿਆਂ ਫ਼ੌਜ ਨਾਲ ਮੁਕਾਬਲਾ ਕਰਦਿਆਂ ਸ਼ਹਾਦਤਾਂ ਦਾ ਜਾਮ ਪੀਤਾ।
ਸਮਾਗਮ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਹੋਰ ਸ਼ਹੀਦਾਂ ਦੇ ਪਰਵਾਰਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿਰੋਪਾਉ ਦੇ ਕੇ ਸਨਮਾਨ ਦਿਤਾ।