ਪਟਨਾ ਦੇ ਮਾਲ 'ਚ ਲਗਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਵਿਰੋਧ ਤੋਂ ਬਾਅਦ ਹਟਾਇਆ
ਸਿੱਖ ਭਾਈਚਾਰੇ ਵਲੋਂ ਜਤਾਇਆ ਗਿਆ ਸੀ ਇਤਰਾਜ਼
ਚੰਡੀਗੜ੍ਹ: ਪਟਨਾ ਦੇ ਅੰਬੂਜਾ ਮਾਲ 'ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਲਗਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਸਿੱਖ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਗਿਆ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਵਿਰੋਧ ਤੋਂ ਬਾਅਦ ਇਸ ਬੁੱਤ ਨੂੰ ਹਟਾ ਦਿਤਾ ਗਿਆ।
ਜਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮਾਲ ਵਿਚ ਜਾ ਕੇ ਸੰਚਾਲਕਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮਾਲ ਦੇ ਸੰਚਾਲਕ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਕਿਹਾ ਗਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਸਬੰਧੀ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਇਹ ਬੁੱਤ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਦਿਤਾ ਸੱਦਾ, ‘ਕੇਂਦਰ ਪਹਿਲਵਾਨਾਂ ਦੇ ਮਸਲੇ ’ਤੇ ਗੱਲਬਾਤ ਲਈ ਤਿਆਰ’
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਟਨਾ ਸਾਹਿਬ ਸਿੱਖ ਭਾਈਚਾਰੇ ਲਈ ਬਹੁਤ ਅਹਿਮ ਅਸਥਾਨ ਹੈ। ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਵਲੋਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੱਡੇ ਪਧਰ ’ਤੇ ਮਨਾਇਆ ਗਿਆ ਅਤੇ ਸਥਾਨਕ ਸਿੱਖਾਂ ਨੇ ਵੀ ਸਹਿਯੋਗ ਦਿਤਾ। ਹੋ ਸਕਦਾ ਹੈ ਕਿ ਜਿਸ ਨੇ ਵੀ ਬੁੱਤ ਲਗਾਇਆ ਹੋਵੇ ਉਸ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ, ਜੇਕਰ ਬੁੱਤ ਹਟਾ ਦਿਤਾ ਗਿਆ ਹੈ ਤਾਂ ਇਹ ਚੰਗੀ ਗੱਲ ਹੈ। ਉਨ੍ਹਾਂ ਕਮੇਟੀ ਨੂੰ ਅਪੀਲ ਕੀਤੀ ਕਿ ਜੇਕਰ ਇਹ ਅਣਜਾਣੇ ਵਿਚ ਭੁੱਲ ਹੋਈ ਹੈ ਤਾਂ ਗਲਤੀ ਕਰਨ ਵਾਲੇ ਨੂੰ ਜਾਣਕਾਰੀ ਦਿਤੀ ਜਾਵੇ ਪਰ ਜੇਕਰ ਇਹ ਕੋਈ ਸ਼ਰਾਰਤ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਉਨ੍ਹਾਂ ਦੇ ਮਨ ਵਿਚ ਗੁਰੂ ਸਾਹਿਬ ਲਈ ਸਤਿਕਾਰ ਹੈ ਤਾਂ ਮਰਯਾਦਾ ਵਿਚ ਰਹਿ ਕੇ ਹੀ ਕੁਝ ਕਰਨਾ ਚਾਹੀਦਾ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਉਨ੍ਹਾਂ ਨੇ ਪਟਨਾ ਸਾਹਿਬ ਕਮੇਟੀ ਦਾ ਵੀ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਦਰਦਨਾਕ ਘਟਨਾ: ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ ਮਿਲੀਆਂ ਲਾਪਤਾ ਭਰਾ-ਭੈਣ ਦੀਆਂ ਲਾਸ਼ਾਂ
ਇਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ, “ਧੰਨ- ਧੰਨ ਸਿੱਖ ਗੁਰੂ ਸਾਹਿਬਾਨ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ, ਪਰਮ ਸੱਤਾ ਦੇ ਨਿਰਾਕਾਰ ਸਰੂਪ ਉਤੇ ਜ਼ੋਰ ਦਿੰਦੇ ਹਨ। ਇਸੇ ਲਈ ਸਿੱਖ ਮਰਿਯਾਦਾ ਮੂਰਤੀ ਪੂਜਾ ਤੋਂ ਵਰਜਦੀ ਹੈ। ਇਸ ਲਈ ਪਟਨਾ ਵਿਚ ਅਡਾਨੀ ਦੇ ਮਾਲਕੀਅਤ ਵਾਲੀ ਕੰਪਨੀ ਅੰਬੂਜਾ ਮਾਲ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕਰਨਾ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਹੈ। ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ”।
ਸੰਸਦ ਮੈਂਬਰ ਨੇ ਅੱਗੇ ਲਿਖਿਆ, “ਸਰਕਾਰ ਨੂੰ ਦੋਸ਼ੀਆਂ ਵਿਰੁਧ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਸਮੂਹ ਸਿੱਖਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਖਾਲਸਾ ਪੰਥ ਵਿਰੁਧ ਸਾਜ਼ਸ਼ਾਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਕੇ ਸਾਡੀ ਧਾਰਮਿਕ ਦ੍ਰਿਸ਼ਟੀ ਅਤੇ ਪਛਾਣ ਨੂੰ ਕਮਜ਼ੋਰ ਕਰਨ ਵਾਲਿਆਂ ਦਾ ਡੱਟ ਕੇ ਵਿਰੋਧ ਕਰਨ”।