Panthak News: ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਬੁਚੜਾਂ ਨੇ ਆਮ ਸਿੱਖ ਨੌਜਵਾਨਾਂ ’ਤੇ ਕਿੰਨਾ ਕਹਿਰ ਕੀਤਾ ਹੋਵੇਗਾ : ਭਾਈ ਮਾਝੀ
ਭਾਈ ਮਾਝੀ ਨੇ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਘੋਟਣੇ ਦੇ ਭੋਗ ਮੌਕੇ ਕੀਰਤਨ ਕਰਨ ਤੋਂ ਮਨ੍ਹਾ ਕਰਨ ਦੀ ਸ਼ਲਾਘਾ ਕੀਤੀ।
Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1992 ਤੋਂ 1 ਜਨਵਰੀ 1993 ਤਕ ਪੁਲਿਸ ਦੇ ਕੁੱਝ ਬੁਚੜ ਅਧਿਕਾਰੀਆਂ ਵਲੋਂ ਨੰਗਾ ਕਰ ਕੇ ਪੁੱਠਾ ਲਟਕਾ ਕੇ, ਚੱਢੇ ਪਾੜ ਕੇ, ਘੋਟਣੇ ਫੇਰ ਕੇ, ਕਰੰਟ ਲਗਾ ਕੇ, ਇਕ ਅੱਖ ਕੱਢ ਕੇ, ਗੁਪਤ ਅੰਗਾਂ ਤੇ ਠੁੱਡੇ ਮਾਰ ਕੇ ਬੇਅੰਤ ਅਕਹਿ ਅਤੇ ਅਸਹਿ ਤਸੀਹੇ ਦਿੰਦਿਆਂ ਅਖ਼ੀਰ ਟੁਕੜੇ-ਟੁਕੜੇ ਕਰ ਕੇ ਸਤੁਲਜ ਦੇ ਦਰਿਆ ਵਿਚ ਸੁੱਟਿਆ ਗਿਆ ਹੈ, ਤਾਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵਰਦੀ ਵਿਚ ਛੁਪੇ ਸਰਕਾਰੀ ਅਤਿਵਾਦੀਆਂ ਨੇ ਬੇਕਸੂਰ ਆਮ ਸਿੱਖ ਨੌਜਵਾਨਾਂ ਤੇ ਕਿੰਨਾ ਕੁ ਕਹਿਰ ਕੀਤਾ ਹੋਵੇਗਾ।
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖ਼ਾਲਸਾ ਨੇ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਕੇ. ਪੀ. ਐਸ ਗਿੱਲ ਅਤੇ ਬੇਅੰਤ ਸਿੰਘ ਦੀ ਬੁਚੜ ਜੋੜੀ ਦੇ ਦਿਸ਼ਾ ਨਿਰਦੇਸਾਂ ’ਤੇ ਇੰਨੇ ਵੱਡੇ ਪੱਧਰ ’ਤੇ ਬੇਕਸੂਰ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਹੋਲੀ ਖੇਡੀ ਗਈ ਸੀ ਕਿ ਮਾਝੇ ਇਲਾਕੇ ਦੇ ਕਈ ਪਿੰਡਾਂ ਵਿਚ ਤਾਂ ਕਈ-ਕਈ ਸਾਲ ਬਰਾਤਾਂ ਵੀ ਨਹੀਂ ਸੀ ਚੜ੍ਹੀਆਂ।
ਉਨ੍ਹਾਂ ਕਿਹਾ ਕਿ ਸੰਨ 1997 ਦੀ ਵਿਧਾਨ ਸਭਾ ਚੋਣ ਮੌਕੇ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਅਖੌਤੀ ਪੰਥਕ ਖ਼ੂਨੀ ਪੁਲਿਸ ਅਧਿਕਾਰੀਆਂ ਨਾਲ ਹੀ ਘਿਉ ਖਿੱਚੜੀ ਹੋ ਗਏ ਅਤੇ ਸਮਾਂ ਪਾ ਕੇ ਸੁਮੇਧ ਸੈਣੀ ਵਰਗੇ ਕਾਤਲ ਨੂੰ ਡੀ ਜੀ ਪੀ, ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਉੱਚ ਅਹੁਦਾ ਦੇਣ ਤਕ ਦੀ ਘਟੀਆ ਹਰਕਤ ਕੀਤੀ।
ਉਨ੍ਹਾਂ ਕਿਹਾ ਕਿ ਸਵਰਨ ਸਿੰਘ ਘੋਟਣਾ ਵਰਗੇ ਬੁਚੜਾਂ ਨੂੰ ਬਚਾਉਣ ਵਾਲੇ ਅਤੇ ਘੋਟਣੇ ਦੇ ਭੋਗ ਮੌਕੇ ਸ਼੍ਰੋਮਣੀ ਕਮੇਟੀ ਰਾਹੀਂ ਕੀਰਤਨੀ ਜਥਾ ਭੇਜਣ ਵਾਲੇ ਪੰਥ ਦੇ ਠੇਕੇਦਾਰਾਂ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ । ਭਾਈ ਮਾਝੀ ਨੇ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਘੋਟਣੇ ਦੇ ਭੋਗ ਮੌਕੇ ਕੀਰਤਨ ਕਰਨ ਤੋਂ ਮਨ੍ਹਾ ਕਰਨ ਦੀ ਸ਼ਲਾਘਾ ਕੀਤੀ।